ਸ਼ਿਲਾਂਗ: ਘੱਟ ਗਿਣਤੀ ਕਮਿਸ਼ਨ ਮੈਂਬਰ ਵੱਲੋਂ ਹਾਲਾਤ ਦਾ ਜਾਇਜ਼ਾ


ਸ਼ਿਲਾਂਗ - ਮੁਲਕ ਦੇ ਉਤਰ-ਪੂਰਬੀ ਸੂਬੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਤੇ ਮੁਕਾਮੀ ਖਾਸੀ ਲੋਕਾਂ ਦਰਮਿਆਨ ਹੋਈ ਹਿੰਸਾ ਦੇ ਮੱਦੇਨਜ਼ਰ ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਵੱਲੋਂ ਇਥੇ ਭੇਜੇ ਆਪਣੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਇਥੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਦੇ ਕਾਰੋਬਾਰੀ ਧੁਰੇ ਬੜਾ ਬਾਜ਼ਾਰ ਵਿੱਚ ਸਥਿਤ ਪੰਜਾਬੀ ਲੇਨ ਇਲਾਕੇ ਦਾ ਦੌਰਾ ਕੀਤਾ, ਜਿਥੇ ਪੰਜਾਬੀ ਸਿੱਖ ਭਾਈਚਾਰਾ ਸਦੀ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ।
ਇਸ ਮੌਕੇ ਸ੍ਰੀ ਰਾਏ ਨੇ ਇਥੋਂ ਦੇ ਇਨ੍ਹਾਂ ‘ਅਸੁਰੱਖਿਅਤ’ ਪੰਜਾਬੀ ਵਸਨੀਕਾਂ ਨੂੰ ਇਥੋਂ ਹੋਰ ਕਿਤੇ ਵਸਾਏ ਜਾਣ ਦਾ ਵਿਰੋਧ ਕੀਤਾ। ਇਹ ਇਲਾਕਾ ਇਸ ਵੇਲੇ ਲਗਾਤਾਰ ਸਲਾਮਤੀ ਨਿਗਰਾਨੀ ਹੇਠ ਹੈ। ਸ੍ਰੀ ਰਾਏ ਨੇ ਪੰਜਾਬੀ ਲੇਨ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਜੋ ਉਨ੍ਹਾਂ ਨੂੰ ਇਥੋਂ ਹਟਾਉਣ ਲਈ ਮੇਘਾਲਿਆ ਸਰਕਾਰ ਵੱਲੋਂ ਬਣਾਈ ਉਚ-ਤਾਕਤੀ ਕਮੇਟੀ ਕਾਰਨ ਵੀ ਫ਼ਿਰਕਮੰਦ ਹਨ। ਗ਼ੌਰਤਲਬ ਹੈ ਕਿ ਮੁਕਾਮੀ ਲੋਕਾਂ ਵੱਲੋਂ ਉਨ੍ਹਾਂ ਨੂੰ ਇਥੋਂ ਉਠਾਉਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਸ੍ਰੀ ਰਾਏ ਵੱਲੋਂ ਆਪਣੀ ਰਿਪੋਰਟ ਵੀਰਵਾਰ ਨੂੰ ਕਮਿਸ਼ਨ ਨੂੰ ਸੌਂਪੇ ਜਾਣ ਦੇ ਆਸਾਰ ਹਨ।
ਉਨ੍ਹਾਂ ਕਿਹਾ ਕਿ ਇਹ ਹਿੰਸਾ ਦੋਵਾਂ ਭਾਈਚਾਰਿਆਂ ਦੇ ਲੋਕਾਂ ਦਰਮਿਆਨ ਮਾਮੂਲੀ ਝਗੜੇ ਕਾਰਨ ਹੋਈ, ਹਾਲਾਂਕਿ ਉਨ੍ਹਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ‘ਸੌੜੇ ਸੁਆਰਥੀ ਹਿੱਤਾਂ ਵਾਲੇ ਕੁਝ ਸ਼ਰਾਰਤੀ ਅਨਸਰਾਂ’ ਨੇ ਸੋਸ਼ਲ ਮੀਡੀਆ ਉਤੇ ਅਫ਼ਵਾਹਾਂ ਫੈਲਾ ਕੇ ਹਿੰਸਾ ਕਰਵਾਈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਸਦੀ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ, ਜਿਨ੍ਹਾਂ ਨੂੰ ਇਥੋਂ ਹਟਾਉਣਾ ਮੁਮਕਿਨ ਨਹੀਂ ਹੋਵੇਗਾ। ਉਨ੍ਹਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਰਨਾਰਡ ਕੇ. ਸੰਗਮਾ ਨਾਲ ਵੀ ਮੁਲਾਕਾਤ ਕਰ ਕੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਨੇ ਮੈਨੂੰ ਸਾਰਿਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।’’ ਉਨ੍ਹਾਂ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਗ੍ਰਹਿ ਤੇ ਪੁਲੀਸ ਮੁਖੀ ਤੋਂ ਸੁਰੱਖਿਆ ਪ੍ਰਬੰਧਾਂ ਬਾਰੇ ਰਿਪੋਰਟ ਹਾਸਲ ਕੀਤੀ। ਇਸ ਦੌਰਾਨ ਕਾਂਗਰਸ ਨੇ ਇਸ ਸਮੁੱਚੇ ਘਟਨਾਕ੍ਰਮ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਡਾ. ਮੁਕੁਲ ਸੰਗਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਹਾਲੇ ਤਿੰਨ ਮਹੀਨੇ ਵੀ ਪੂਰੇ ਨਹੀਂ ਹੋਏ ਤੇ ਸੂਬੇ ਦੇ ਹਾਲਾਤ ਬਦਤਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਬਣਾਏ ਵਧੀਆ ਹਾਲਾਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ।
ਹਿੰਸਾ ਤੋਂ ਬਾਅਦ ਕਰਫ਼ਿਊ ’ਚ ਦਿੱਤੀ ਗਈ ਪਹਿਲੀ ਢਿੱਲ
ਸ਼ਿਲਾਂਗ ਵਿੱਚ ਹਿੰਸਾ ਤੋਂ ਬਾਅਦ ਸ਼ਹਿਰ ਅਤੇ ਦੂਜੇ ‘ਨਾਜ਼ੁਕ ਖੇਤਰਾਂ’ ਵਿੱਚ ਅੱਜ ਕਰੀਬ ਇਕ ਹਫ਼ਤੇ ਬਾਅਦ ਪਹਿਲੀ ਵਾਰ ਸੱਤ ਘੰਟੇ ਦੀ ਢਿੱਲ ਦਿੱਤੀ ਗਈ। ਪੂਰਬੀ ਖਾਸੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੀ.ਐਸ. ਦਖਾਰ ਨੇ ਕਿਹਾ ਕਿ ਹਾਲਾਤ ਸੁਧਰਨ ਸਦਕਾ ਅੱਜ ਸਵੇਰੇ 5 ਤੋਂ ਦੁਪਹਿਰ 12 ਵਜੇ ਤੱਕ ਕਰਫ਼ਿਊ ਹਟਾਇਆ ਗਿਆ। ਇਲਾਕੇ ਵਿੱਚ ਸਿੱਖ ਭਾਈਚਾਰੇ ਤੇ ਮੁਕਾਮੀ ਲੋਕਾਂ ਦਰਮਿਆਨ ਹੋਈ ਹਿੰਸਾ ਤੋਂ ਬਾਅਦ ਪਹਿਲੀ ਜੂਨ ਨੂੰ ਕਰਫ਼ਿਊ ਲਾਇਆ ਗਿਆ ਸੀ। ਗ਼ੌਰਤਲਬ ਹੈ ਕਿ ਇਸ ਕਾਰਨ ‘ਪੂਰਬ ਦਾ ਸਕਾਟਲੈਂਡ’ ਕਰਾਰ ਦਿੱਤੇ ਜਾਂਦੇ ਇਸ ਸੂਬੇ (ਮੇਘਾਲਿਆ) ਵਿੱਚ ਸੈਲਾਨੀਆਂ ਦੀ ਆਮਦ ਵੀ ਘਟੀ ਹੈ।

 

 

fbbg-image

Latest News
Magazine Archive