ਸ਼ਿਲਾਂਗ ’ਚ ਤਣਾਅ ਜਾਰੀ, ਹੋਰ ਕੇਂਦਰੀ ਬਲ ਤਾਇਨਾਤ


ਸ਼ਿਲਾਂਗ - ਇੱਥੇ ਮਾਵਲਈ ਕੈਂਪ ਵਿੱਚ ਮੁਕਾਮੀ ਪੱਥਰਬਾਜ਼ਾਂ ਨੇ ਪਥਰਾਓ ਕੀਤਾ ਜਿਸ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਹ ਘਟਨਾ ਕੱਲ੍ਹ ਰਾਤੀਂ ਵਾਪਰੀ ਤੇ ਨੀਮ ਫ਼ੌਜੀ ਦਸਤਿਆਂ ਦੀਆਂ 15 ਕੰਪਨੀਆਂ ਸ਼ਿਲਾਂਗ ਦੇ ਵੱਖ ਵੱਖ ਟਿਕਾਣਿਆਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕੇਂਦਰ ਨੇ ਅੱਜ ਨੀਮ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਸ਼ਹਿਰ ’ਚ ਭੇਜੀਆਂ ਹਨ। ਅੱਜ ਫੌਜ ਨੇ ਫਲੈਗ ਮਾਰਚ ਕੀਤਾ। ਕੱਲ੍ਹ ਕਰਫਿਊ ਵਿਚ ਅੱਠ ਘੰਟਿਆਂ ਦੀ ਛੋਟ ਦਿੱਤੀ ਗਈ ਸੀ ਜਿਸ ਤੋਂ ਬਾਅਦ ਰਾਤੀਂ ਹਿੰਸਾ ਹੋਣ ’ਤੇ ਪੁਲੀਸ ਨੇ ਭੀੜ ਨੂੰ ਤਿਤਰ ਬਿਤਰ ਕਰਨ ਲਈ ਅੱਥਰੂ ਗੈਸ ਦਾ ਇਸਤੇਮਾਲ ਕੀਤਾ। ਸ਼ਹਿਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਜਨ ਜੀਵਨ ਅਸਰਅੰਦਾਜ਼ ਹੋ ਰਿਹਾ ਹੈ।
ਇਸ ਦੌਰਾਨ, ਘੱਟਗਿਣਤੀਆਂ ਬਾਰੇ ਕੌਮੀ ਕਮਿਸ਼ਨ ਨੇ ਸ਼ਿਲਾਂਗ ਵਿੱਚ ਇਕ ਟੀਮ ਭੇਜਣ ਦਾ ਫ਼ੈਸਲਾ ਕੀਤਾ ਹੈ ਜੋ ਉਥੇ ਪੰਜਾਬੀ ਲਾਈਨ ਖੇਤਰ ਦੇ ਬਾਸ਼ਿੰਦਿਆਂ ਤੇ ਸਰਕਾਰੀ ਬੱਸਾਂ ਦੇ ਖਾਸੀ ਭਾਈਚਾਰੇ ਦੇ ਡਰਾਈਵਰਾਂ ਦਰਮਿਆਨ ਹੋਈਆਂ ਝੜਪਾਂ ਦੀ ਜਾਂਚ ਕਰੇਗੀ। ਕਮਿਸ਼ਨ ਦੀ ਚੇਅਰਪਰਸਨ ਸਈਅਦ ਘੈਰੁਲ ਹਸਨ ਰਿਜ਼ਵੀ ਨੇ ਦੱਸਿਆ  ਕਿ ਕਮਿਸ਼ਨ ਵੱਲੋਂ ਆਪਣੇ ਇਕ ਮੈਂਬਰ ਮਨਜੀਤ ਸਿੰਘ ਰਾਏ ਨੂੰ ਭਲਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਿਲਾਂਗ ਭੇਜਿਆ ਜਾਵੇਗਾ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕੱਲ੍ਹ ਕਿਹਾ ਸੀ ਕਿ ਇਹ ਇਕ ਮੁਕਾਮੀ ਮੁੱਦਾ ਸੀ ਤੇ ਕੁਝ ਸਵਾਰਥੀ ਅਨਸਰ ਇਸ ਨੂੰ ਫਿਰਕੂ ਰੰਗਤ ਦੇਣ ਦੋ ਕੋਸ਼ਿਸ਼ ਕਰ ਰਹੇ ਹਨ।
ਸਥਿਤੀ ਤਣਾਅਪੂਰਨ ਪਰ ਕਾਬੂ ਹੇਠ: ਡੀਜੀਪੀ 
ਚੰਡੀਗੜ੍ਹ - ਮੇਘਾਲਿਆ  ਦੀ ਰਾਜਧਾਨੀ ਸ਼ਿਲਾਂਗ ਵਿੱਚ ਸਥਾਨਕ ਖਾਸੀ ਅਤੇ ਸਿੱਖ ਭਾਈਚਾਰੇ ਦਰਮਿਆਨ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਹੁਣ ਤੱਕ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ। ਇਹ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੀ ਚੌਕਸੀ ਦਾ ਨਤੀਜਾ ਹੈ। ਪੁਲੀਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਸ਼ਿਲਾਂਗ ਦੇ ਕਈ ਖੇਤਰਾਂ ਵਿੱਚ ਲੋੜ ਅਨੁਸਾਰ ਕਰਫਿਊ ਵੀ ਲਗਾਇਆ ਜਾਂਦਾ ਹੈ। ਮੇਘਾਲਿਆ ਦੇ ਡੀਜੀਪੀ ਸਵਰਾਜਬੀਰ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ   ਹਾਲਾਤ ਬਾਰੇ ਚਰਚਾ ਕੀਤੀ ਅਤੇ ਸਥਿਤੀ ਜਲਦ ਸੁਧਰ ਜਾਣ ਦੀ ਉਮੀਦ ਕੀਤੀ ਹੈ।  ਡੀਜੀਪੀ ਨੇ ਕਿਹਾ ਕਿ ਸਥਿਤੀ ਨੂੰ ਵਿਗਾੜਨ ਵਿੱਚ ਸੋਸ਼ਲ ਮੀਡੀਆ ਉੱਤੇ ਫੈਲਾਈਆਂ ਜਾਣ ਵਾਲੀਆਂ ਅਫਵਾਹਾਂ ਦੀ ਵੱਡੀ ਭੂਮਿਕਾ ਹੈ। ਸਰਕਾਰ ਨੇ ਸ਼ਹਿਰ ਵਿੱਚ ਇੰਟਰਨੈੱਟ ਸੇਵਾ ਉੱਤੇ ਵੀ ਰੋਕ ਲਗਾ ਦਿੱਤੀ ਹੈ ਪਰ ਖਾਸੀ ਭਾਈਚਾਰੇ ਅਤੇ ਪੰਜਾਬ ਤੇ ਸਿੱਖ ਭਾਈਚਾਰੇ ਅੰਦਰ ਸੋਸ਼ਲ ਮੀਡੀਆ ਉੱਤੇ ਅਜੇ ਵੀ ਅਪੁਸ਼ਟ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਤੋਂ ਕਈ ਜਥੇ ਹਾਲਾਤ ਦਾ ਪਤਾ ਕਰਨ ਆਏ ਅਤੇ ਬਹੁਤਿਆਂ ਨੂੰ ਸਰਕਾਰ ਅਤੇ ਪੁਲੀਸ ਵੱਲੋਂ ਉਠਾਏ ਕਦਮਾਂ ਤੋਂ ਸੰਤੁਸ਼ਟੀ ਮਿਲੀ ਹੈ ਕਿਉਂਕਿ ਇਸੇ ਮੁਸਤੈਦੀ ਨੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਹੈ।
ਪੰਜਾਬੀ ਦੇ ਮੰਨੇ ਪ੍ਰਮੰਨੇ ਨਾਟਕਕਾਰ ਸਵਰਾਜਬੀਰ ਸਮਾਜਿਕ ਬਾਰੀਕੀਆਂ ਨੂੰ ਵੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਲੜਾਈ ਹਾਲਾਂਕਿ ਬਹੁਤ ਮਾਮੂਲੀ ਸੀ ਪਰ ਕਈ ਵਾਰ ਚਿਰਾਂ  ਤੋਂ ਅੰਦਰ ਸੁਲਗਦੀ ਮੰਗ ਕਿਸੇ ਬਹਾਨੇ ਬਾਹਰ ਆ ਜਾਂਦੀ ਹੈ। ਜਿਸ ਤਰ੍ਹਾਂ ਹਰ ਜਗ੍ਹਾ ਬਾਹਰੋਂ ਆ ਕੇ ਵੱਸੇ ਲੋਕਾਂ ਪ੍ਰਤੀ ਸਥਾਨਕ ਆਬਾਦੀ ਅੰਦਰ ਵਖਰੇਵੇਂ ਦੀ ਭਾਵਨਾ ਰਹਿੰਦੀ ਹੈ, ਉਸੇ ਤਰਾਂ ਖਾਸੀ ਭਾਈਚਾਰੇ ਅੰਦਰ ਵੀ ਉੱਥੇ ਵਸਦੇ ਪੰਜਾਬੀਆਂ ਬਾਰੇ ਅਜਿਹੀ ਭਾਵਨਾ ਕਈ ਵਾਰ ਪ੍ਰਗਟ ਹੁੰਦੀ ਰਹੀ ਹੈ ਅਤੇ ਉਹ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਲੇਨ ਤੋਂ ਕਿਸੇ ਹੋਰ ਜਗ੍ਹਾ ਵਸਾਉਣ ਦੀ ਮੰਗ ਕਰਦੇ ਆ ਰਹੇ ਹਨ।  ਅਸਲ ਵਿੱਚ ਇਸ  ਭਾਈਚਾਰੇ ਨੇ ਡੇਢ ਸਦੀ ਤੋਂ ਬਾਅਦ ਵੀ ਪੜ੍ਹਾਈ ਲਿਖਾਈ ਵੱਲ ਜਾਂ ਪੁਰਾਣੇ ਕਿੱਤੇ ਨੂੰ ਛੱਡ ਕੇ ਨਵੀਂ ਜਗ੍ਹਾ ਤਲਾਸ਼ਣ ਦੀ ਕੋਸ਼ਿਸ਼ ਘੱਟ ਕੀਤੀ ਹੈ। ਅੱਜ ਵੀ ਬਹੁਤੇ ਵਿਅਕਤੀ ਸਫਾਈ ਦੇ ਕੰਮ ਵਿੱਚ ਹੀ ਲੱਗੇ ਹੋਏ ਹਨ।
ਸਵਰਾਜਬੀਰ ਨੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਪਹਿਲਾਂ ਵੀ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਹਨ ਅਤੇ ਛੇ ਹੋਰ ਕੰਪਨੀਆਂ ਨੂੰ ਕੇਂਦਰ ਨੇ ਮਨਜ਼ੂਰੀ ਦਿੱਤੀ ਹੈ। ਗੌਰਤਲਬ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਖਾਸੀ ਭਾਈਚਾਰੇ ਨਾਲ ਸਬੰਧਿਤ ਇੱਕ ਡਰਾਈਵਰ ਅਤੇ ਪੰਜਾਬੀਆਂ ਨਾਲ ਸਬੰਧਿਤ ਇੱਕ ਔਰਤ ਦਰਮਿਆਨ ਹੋਈ ਤਲਖ ਕਲਾਮੀ ਤੋਂ ਹਾਲਾਤ ਬੇਕਾਬੂ ਹੋ ਗਏ ਸਨ। ਖਾਸੀ ਮੇਘਾਲਿਆ ਦੀ ਮਾਤ ਭਾਸ਼ਾ ਹੈ ਅਤੇ ਖਾਸੀ ਭਾਈਚਾਰਾ ਸਿਆਸੀ ਅਤੇ ਹਰ ਖੇਤਰ ਵਿੱਚ ਪ੍ਰਭਾਵਸ਼ਾਲੀ ਹੈ। ਅਜਿਹੀ ਹਾਲਤ ਵਿੱਚ ਲਗਪਗ 160 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਸਫਾਈ ਸੇਵਕਾਂ ਵਜੋਂ ਪੰਜਾਬ ਦੇ ਮਾਝਾ ਖੇਤਰ ਤੋਂ ਲਗਾਏ ਅਨੁਸੂਚਿਤ  ਜਾਤੀ ਨਾਲ ਸਬੰਧਿਤ ਭਾਈਚਾਰੇ ਵਿੱਚ ਸਹਿਮ ਦਾ ਮਾਹੌਲ  ਪੈਦਾ ਹੋਣਾ ਸੁਭਾਵਿਕ ਹੈ। ਮੌਜੂਦਾ ਸਮੇਂ ਲਗਪਗ ਡੇਢ ਲੱਖ ਦੀ ਆਬਾਦੀ ਵਾਲੇ ਸ਼ਿਲਾਂਗ ਵਿੱਚ ਪੰਜਾਬੀਆਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਹੈ।

 

 

fbbg-image

Latest News
Magazine Archive