ਦਹਿਸ਼ਤੀਆਂ ਦੀ ਵਿੱਤੀ ਮਦਦ ਵਿਰੁੱਧ ਸਾਂਝੀ ਕਾਰਵਾਈ ਦਾ ਸੱਦਾ


ਪ੍ਰਿਟੋਰੀਆ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਕਸ ਮੁਲਕਾਂ ਨੂੰ ਕਾਲੇ ਧਨ ਨੂੰ ਚਿੱਟਾ ਬਣਾਉਣ, ਦਹਿਸ਼ਤਗਰਦਾਂ ਦੀ ਵਿੱਤੀ ਮੱਦਦ ਅਤੇ ਬੁਨਿਆਦਪ੍ਰਸਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਬਹੁਲਤਾਵਾਦ, ਕੌਮਾਂਤਰੀ ਵਪਾਰ ਅਤੇ ਕਾਇਦੇ-ਕਾਨੂੰਨ ਆਧਾਰਤ ਆਲਮੀ ਪ੍ਰਬੰਧ ਨੂੰ ‘ਗੰਭੀਰ ਚੁਣੌਤੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਖਣੀ ਅਫ਼ਰੀਕਾ ਦੀ ਪੰਜ ਰੋਜ਼ਾ ਫੇਰੀ ਉਤੇ ਪੁੱਜੀ ਬੀਬੀ ਸਵਰਾਜ ਨੇ ਇਹ ਵਿਚਾਰ ਇਥੇ ਬ੍ਰਿਕਸ ਮੁਲਕਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਪ੍ਰਗਟਾਏ। ਇਹ ਮੀਟਿੰਗ ਅਗਲੇ ਮਹੀਨੇ ਜੋਹਾਨੈੱਸਬਰਗ ਵਿੱਚ
ਇਸ ਗਰੁੱਪ ਦੇ ਸਿਖਰ ਸੰਮੇਲਨ ਦੀ ਨੀਂਹ ਰੱਖਣ ਲਈ ਸੱਦੀ ਗਈ ਹੈ। ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸ਼ਿਰਕਤ ਕੀਤੇ ਜਾਣ ਦੇ ਆਸਾਰ ਹਨ।
ਉਨ੍ਹਾਂ ਕਿਹਾ, ‘‘ਸਾਡੇ ਵੱਲੋਂ ਇਥੇ ਕੀਤੇ ਜਾਣ ਵਾਲੇ ਵਿਚਾਰ-ਵਟਾਂਦਰੇ ਨਾਲ ਬ੍ਰਿਕਸ ਵਿੱਚ ਅੰਦਰੂਨੀ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਮੱਦਦ ਮਿਲੇਗੀ।’’ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਬ੍ਰਿਕਸ ਵਿੱਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਲਈ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਉਨ੍ਹਾਂ ਲੰਬੀ ਮਿਆਦ ਵਾਲੇ ਵਿਕਾਸ ਨੂੰ ਦਰਪੇਸ਼ ਚੁਣੌਤੀਆਂ ਖ਼ਿਲਾਫ਼ ਬ੍ਰਿਕਸ ਮੁਲਕਾਂ ਵੱਲੋਂ ਸਾਂਝੀ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਵਿਦੇਸ਼ ਮੰਤਰੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਈਰਿਲ ਰਾਮਫੋਸਾ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਦਰਮਿਆਨ ਤਾਲਮੇਲ ਅਤੇ ਸਹਿਯੋਗ ਵਧਾਉਣ ਸਬੰਧੀ ਇਕਰਾਨਾਮੇ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਖ਼ਾਸਕਰ ਯੋਗਤਾ ਵਿਕਾਸ, ਖੇਤੀਬਾੜੀ ਤੇ ਸੂਚਨਾ ਤਕਨਾਲੋਜੀ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।

 

 

fbbg-image

Latest News
Magazine Archive