ਬੀਐਸਐਫ ਤੇ ਪਾਕਿ ਰੇਂਜਰਜ਼ ਸਰਹੱਦ ’ਤੇ ਅਮਨ ਬਹਾਲੀ ਲਈ ਰਾਜ਼ੀ


ਸ੍ਰੀਨਗਰ/ਜੰਮੂ/ਨਵੀਂ ਦਿੱਲੀ - ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪਾਕਿਸਤਾਨੀ ਰੇਂਜਰਜ਼, ਜੰਮੂ ਤੇ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ’ਤੇ ਅਮਨ ਬਹਾਲੀ ਅਤੇ ਸੰਜਮ ਬਣਾ ਕੇ ਰੱਖਣ ਲਈ ਰਾਜ਼ੀ ਹੋ ਗਏ ਹਨ। ਦੋਵਾਂ ਮੁਲਕਾਂ ’ਚ ਇਹ ਸਹਿਮਤੀ ਬੀਐਸਐਫ ਤੇ ਪਾਕਿਸਤਾਨ ਰੇਂਜਰਜ਼ ਦਰਮਿਆਨ ਪਾਕਿ ਵਾਲੇ ਪਾਸੇ ਜੰਮੂ ਜ਼ਿਲ੍ਹੇ ਦੇ ਆਰਐਸਪੁਰਾ ਸੈਕਟਰ ਤੋਂ ਪਾਰ ਸਰਹੱਦੀ ਚੌਕੀ ਵਿੱਚ ਹੋਈ ਫਲੈਗ ਮੀਟਿੰਗ ਦੌਰਾਨ ਬਣੀ। ਇਸ ਦੌਰਾਨ ਅਗਲੀ ਫਲੈਗ ਮੀਟਿੰਗ 21 ਜੂਨ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਅੱਜ ਦਹਿਸ਼ਤਗਰਦਾਂ ਵੱਲੋਂ ਕੀਤੇ ਦੋ ਗ੍ਰਨੇਡ ਹਮਲਿਆਂ ਵਿੱਚ
ਅੱਠ ਸਲਾਮਤੀ ਜਵਾਨਾਂ ਸਣੇ ਘੱਟੋ-ਘੱਟ 23 ਵਿਅਕਤੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਪਾਕਿਸਤਾਨ ਨੇ ਅੱਜ ਵੀ ਗੋਲੀਬੰਦੀ ਦਾ ਉਲੰਘਣ ਕਰਦਿਆਂ ਕੌਮਾਂਤਰੀ ਸਰਹੱਦ ਪਾਰੋਂ ਭਾਰਤੀ ਟਿਕਾਣਿਆਂ ਉਤੇ ਫਾਇਰਿੰਗ ਕੀਤੀ।
ਬੀਐਸਐਫ ਨੇ ਇਕ ਬਿਆਨ ’ਚ ਕਿਹਾ, ‘ਦੋਵਾਂ ਮੁਲਕਾਂ ਦੇ ਰੇਂਜਰਜ਼ ਵਿਚਾਲੇ ਹੋਈ ਇਸ ਮੀਟਿੰਗ ਦਾ ਮੁੱਖ ਮਕਸਦ ਸਰਹੱਦ ’ਤੇ ਅਮਨ ਤੇ ਸੰਜਮ ਦੀ ਬਹਾਲੀ ਸੀ। ਮੀਟਿੰਗ ਨਾਲ ਖਾਸ ਕਰਕੇ ਸਰਹੱਦ ਦੇ ਦੋਵੇਂ ਪਾਸੇ ਵਸੇ ਪਿੰਡਾਂ ’ਚ ਗੋਲੀਬਾਰੀ ਮੁਕਤ ਮਾਹੌਲ ਦੀ ਵਾਪਸੀ ਲਈ ਰਾਹ ਪੱਧਰਾ ਹੋਵੇਗਾ। ਦੋਵਾਂ ਮੁਲਕਾਂ ਦੇ ਕਮਾਂਡਰਾਂ ਨੇ ਭਰੋਸਾ ਬਹਾਲੀ ਨੂੰ ਹਰ ਪੱਧਰ ’ਤੇ ਵਿਕਸਤ ਕਰਨ ਲਈ ਗੱਲਬਾਤ ਨੂੰ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਹੈ।’ ਬਿਆਨ ਵਿੱਚ ਮੀਟਿੰਗ ਸਾਜ਼ਗਾਰ ਮਾਹੌਲ ’ਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਬੀਐਸਐਫ ਦੇ ਅੱਧੀ ਦਰਜਨ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਡੀਆਈਜੀ ਜੰਮੂ ਸੈਕਟਰ ਪੀ.ਐਸ.ਧੀਮਾਨ ਨੇ ਕੀਤੀ ਜਦੋਂ ਪਾਕਿਸਤਾਨ ਦੇ ਦਸ ਅਧਿਕਾਰੀ ਸਿਆਲਕੋਟ ਦੇ ਸੈਕਟਰ ਕਮਾਂਡਰ ਬ੍ਰਿਗੇਡੀਅਰ ਅਮਜਦ ਹੁਸੈਨ ਦੀ ਅਗਵਾਈ ਵਿੱਚ ਸ਼ਾਮਲ ਹੋਏ।
ਉਧਰ ਇਕ ਪੁਲੀਸ ਅਧਿਕਾਰੀ ਨੇ ਗ੍ਰਨੇਡ ਹਮਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਹਿਸ਼ਤਗਰਦਾਂ ਨੇ ਪਹਿਲਾ ਹਮਲਾ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਕੀਤਾ, ਜਿਸ ਵਿੱਚ 12 ਆਮ ਨਾਗਰਿਕ ਅਤੇ ਚਾਰ ਪੁਲੀਸ ਜਵਾਨ ਜ਼ਖ਼ਮੀ ਹੋ ਗਏ। ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਪੁਲੀਸ ਜਵਾਨਾਂ ਉਤੇ ਸੁੱਟਿਆ ਇਹ ਗੋਲਾ ਨਿਸ਼ਾਨਾ ਖੁੰਝ ਕੇ ਸੜਕ ਕੰਢੇ ਫਟ ਗਿਆ। ਦੂਜਾ ਹਮਲਾ ਪੁਲਵਾਮਾ ਜ਼ਿਲ੍ਹੇ ਵਿੱਚ ਤਾਹਾਬ ਚੌਕ ਵਿੱਚ ਸ਼ਾਮ ਵੇਲੇ ਸੀਆਰਪੀਐਫ਼ ਪਾਰਟੀ ਉਤੇ ਕੀਤਾ ਗਿਆ। ਇਸ ਵਿੱਚ ਇਸ ਨੀਮ ਫ਼ੌਜੀ ਦਸਤੇ ਦੇ ਚਾਰ ਜਵਾਨ ਅਤੇ ਤਿੰਨ ਨਾਗਰਿਕ ਜ਼ਖ਼ਮੀ ਹੋ ਗਏ।
ਦੂਜੇ ਪਾਸੇ ਕੌਮਾਂਤਰੀ ਸਰਹੱਦ ਪਾਰੋਂ ਪਾਕਿਸਤਾਨ ਨੇ ਅੱਜ ਤੜਕੇ ਅਖਨੂਰ ਸੈਕਟਰ ਵਿੱਚ ਗੋਲੀਬਾਰੀ ਕੀਤੀ। ਬੀਐਸਐਫ਼ ਦੇ ਇਕ ਅਧਿਕਾਰੀ ਨੇ ਕਿਹਾ, ‘‘ਅਖਨੂਰ ਸੈਕਟਰ ਵਿੱਚ ਘੱਟੋ-ਘੱਟ ਚਾਰ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਸੀਮਤ ਫਾਇਰਿੰਗ ਕੀਤੇ ਜਾਣ ਦੀ ਖ਼ਬਰ ਹੈ, ਜਿਸ ਦਾ ਇਸ ਪਾਸਿਉਂ ਵੀ ਢੁਕਵਾਂ ਜਵਾਬ ਦਿੱਤਾ ਗਿਆ।’’ ਉਨ੍ਹਾਂ ਕਿਹਾ ਕਿ ਤੜਕੇ 2.15 ਵਜੇ ਤੋਂ ਬਾਅਦ ਗੋਲੀਬੰਦੀ ਦੇ ਉਲੰਘਣ ਦੀ ਕੋਈ ਖ਼ਬਰ ਨਹੀਂ ਹੈ। ਸਰਹੱਦ ਉਤੇ ਸਥਿਤੀ ਸ਼ਾਂਤ ਪਰ ਤਣਾਅਪੂਰਨ ਬਣੀ ਹੋਈ ਹੈ।
ਭਾਰਤ ਨਾਲ ਜੰਗ ਦੀ ਕੋਈ ਗੁੰਜਾਇਸ਼ ਨਹੀਂ: ਪਾਕਿ ਫ਼ੌਜ
ਇਸਲਾਮਾਬਾਦ - ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਇਸ ਵੱਲੋਂ ਭਾਰਤ ਨਾਲ ਜੰਗ ਲੜੇ ਜਾਣ ਦੀ ਕੋਈ ਗੁੰਜਾਇਸ਼ ਨਹੀਂ ਹੈ, ਕਿਉਂਕਿ ਦੋਵੇਂ ਮੁਲਕ ਪਰਮਾਣੂ ਸ਼ਕਤੀ ਵਾਲੇ ਹਨ। ਇਸ ਨੇ ਨਾਲ ਹੀ ਖ਼ਬਰਦਾਰ ਕੀਤਾ ਕਿ ਇਸ ਦੀ ਅਮਨ ਦੀ ਖ਼ਾਹਿਸ਼ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਇਹ ਗੱਲ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ ਦੇ ਡਾਇਰੈਕਟਰ ਜਨਰਲ- ਮੇਜਰ ਜਨਰਲ ਆਸਿਫ਼ ਗ਼ਹੂਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਉਨ੍ਹਾਂ ਭਾਰਤ ਉਤੇ 2018 ਦੌਰਾਨ ਗੋਲੀਬੰਦੀ ਦੀਆਂ 1077 ਉਲੰਘਣਾਵਾਂ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ, ‘‘ਸਾਡੀ ਸੁਰੱਖਿਆ, ਸਾਡੀ ਅਮਨ ਦੀ ਤਾਂਘ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।’’ ਉਨ੍ਹਾਂ ਕਿਹਾ ਕਿ ਜੰਗ ਸਿਰਫ਼ ਉਦੋਂ ਹੁੰਦੀ ਹੈ, ਜਦੋਂ ਡਿਪਲੋਮੇਸੀ ਫੇਲ੍ਹ ਹੋ ਜਾਵੇ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦਾ ਦੁਵੱਲੇ ਮਾਮਲਿਆਂ ਉਤੇ ਤਾਲਮੇਲ ਰਹਿੰਦਾ ਹੈ, ਪਰ ਭਾਰਤ ਅਕਸਰ ਗੱਲਬਾਤ ਤੋਂ ਮੂੰਹ ਮੋੜ ਜਾਂਦਾ ਹੈ।    

 

 

fbbg-image

Latest News
Magazine Archive