ਨਾਂਦੇੜ ਜਾ ਰਹੇ ਸ਼ਰਧਾਲੂਆਂ ਦੀ ਕਾਰ ਨੂੰ ਹਾਦਸਾ; 11 ਹਲਾਕ


ਮੁੰਬਈ - ਮਹਾਰਾਸ਼ਟਰ ਦੇ ਯਾਵਤਮਾਲ ਜ਼ਿਲ੍ਹੇ ’ਚ ਅੱਜ ਤੜਕੇ ਕੋਸਡਾਨੀ ਘਾਟ ’ਤੇ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਛੇ ਮਹਿਲਾਵਾਂ ਸਮੇਤ 11 ਵਿਅਕਤੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀ ਨਾਂਦੇੜ ਦੇ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ’ਚ ਮੱਥਾ ਟੇਕਣ ਲਈ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਹਰਿਆਣਾ, ਦਿੱਲੀ ਅਤੇ ਨਾਗਪੁਰ ਦੇ ਵਸਨੀਕ ਸਨ ਅਤੇ ਉਹ ਨਾਗਪੁਰ ’ਚ ਇਕ ਵਿਆਹ ਸਮਾਗਮ ’ਚ ਹਿੱਸਾ ਲੈਣ ਲਈ ਆਏ ਹੋਏ ਸਨ। ਵਿਆਹ ’ਚ ਸ਼ਮੂਲੀਅਤ ਮਗਰੋਂ ਉਨ੍ਹਾਂ ਗੁਰਦੁਆਰੇ ਦੇ ਦਰਸ਼ਨਾਂ ਦਾ ਫ਼ੈਸਲਾ ਲਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ,‘‘ਚਾਰ ਵਜੇ ਦੇ ਕਰੀਬ ਜਦੋਂ ਉਨ੍ਹਾਂ ਦੀ ਪ੍ਰਾਈਵੇਟ ਕਾਰ ਕੋਸਡਾਨੀ ਘਾਟ ਤੋਂ ਗੁਜ਼ਰ ਰਹੀ ਸੀ ਤਾਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 10 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਲੜਕੀ ਨੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜਿਆ।’’ ਕੁਝ ਵਿਅਕਤੀਆਂ ਨੇ 12 ਕਿਲੋਮੀਟਰ ਦੂਰ ਪੈਂਦੇ ਆਰਮੀ ਪੁਲੀਸ ਸਟੇਸ਼ਨ ’ਚ ਹਾਦਸੇ ਦੀ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਕੇਸ ਦਰਜ ਕਰਕੇ ਉਸ ਦੀ ਭਾਲ ਕਰ ਰਹੀ ਹੈ।
ਠਿਓਗ ਵਿੱਚ ਬੱਸ ਖੱਡ ’ਚ ਡਿੱਗੀ, ਅੱਠ ਮੌਤਾਂ
ਊਨਾ - ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਠਿਓਗ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ 500 ਫੁੱਟ ਡੂੰਘੀ ਖੱਡ ’ਚ ਡਿੱਗਣ ਕਰਕੇ ਤਿੰਨ ਔਰਤਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚੋਂ 12 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਆਈਜੀਐਮਸੀ ਸ਼ਿਮਲਾ ਭੇਜਿਆ ਗਿਆ ਹੈ। ਬਾਕੀਆਂ ਦਾ ਇਲਾਜ ਠਿਓਗ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲੀਸ ਅਤੇ ਬਚਾਅ ਕਰਮੀਆਂ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਚਲਾਏ।

 

 

fbbg-image

Latest News
Magazine Archive