ਪੰਜਾਬ ਸਰਕਾਰ ਨੇ ਵਧਾਏ ਬੱਸ ਕਿਰਾਏ


ਪਟਿਆਲਾ - ਪੰਜਾਬ ਸਰਕਾਰ ਨੇ ਸ਼ਾਹਕੋਟ ਜ਼ਿਮਨੀ ਚੋਣ ਤੋਂ ਫ਼ੌਰੀ ਬਾਅਦ ਬੱਸਾਂ ਦੇ ਕਿਰਾਏ ਵਿਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ।  ਇਸ ਨਾਲ ਆਮ ਕਿਰਾਇਆ 1.04 ਰੁਪਏ ਤੋਂ ਵਧ ਕੇ 1.10 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ  ਹੈ।  ਐਚਵੀਏਸੀ ਬੱਸ ਦਾ ਕਿਰਾਇਆ ਵੀਹ ਫੀਸਦੀ ਵਾਧੇ ਨਾਲ 1.50 ਰੁਪਏ ਕਿਲੋਮੀਟਰ ਹੋ ਗਿਆ।  ਅੱਸੀ ਫੀਸਦੀ ਦੇ ਵਾਧੇ  ਤਹਿਤ ਇੰਟੈਗਰਲ ਕੋਚ ਦਾ ਕਿਰਾਇਆ 3.38 ਰੁਪਏ ਤੇ ਸੌ ਫੀਸਦੀ  ਦੇ ਵਾਧੇ ਤਹਿਤ ਸੁਪਰ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਹੁਣ 5.76 ਰੁਪਏ ਹੋ ਗਿਆ ਹੈ।  ਇਹ ਵਾਧਾ ਅੱਜ ਪਹਿਲੀ ਜੂਨ ਤੋਂ ਬਾਕਾਇਦਾ ਲਾਗੂ ਹੋ ਗਿਆ ਹੈ।
ਗ਼ੌਰਤਲਬ ਹੈ ਕਿ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਪਿਛਲੇ ਦਿਨੀਂ  ਸਰਕਾਰ ਨੂੰ ਪੱਤਰ ਲਿਖ ਕੇ ਬੱੱਸ ਕਿਰਾਏ ਵਿਚ  ਛੇ ਪੈਸੇ ਵਾਧਾ ਕਰਨ ਦੀ  ਅਪੀਲ ਕੀਤੀ ਸੀ।
ਇਸ ਸਬੰਧੀ ਡੀਜ਼ਲ ਕੀਮਤਾਂ ਅਤੇ ਹੋਰ ਵਧੇ ਖ਼ਰਚਿਆਂ ਦਾ ਹਵਾਲਾ ਦਿੱਤਾ ਗਿਆ ਸੀ। ਫ਼ੈਸਲੇ ਦੀ ਪੁਸ਼ਟੀ ਕਰਦਿਆਂ ਸ੍ਰੀ ਨਾਰੰਗ ਨੇ ਕਿਹਾ ਕਿ ਕਾਰਪੋਰੇਸ਼ਨ ਦੀਆਂ 1075 ਬੱਸਾਂ ਵਿਚੋਂ 72 ਫੀਸਦੀ ਨਵੀਆਂ ਹਨ ਤੇ  ਸੌ ਹੋਰ ਨਵੀਆਂ ਬੱੱਸਾਂ ਪਾਉਣ ਦੀ  ਤਜਵੀਜ਼ ਹੈ। ਰੋਜ਼ਾਨਾ 3.53 ਲੱਖ ਕਿਲੋਮੀਟਰ ਦੇ ਸਫ਼ਰ ’ਤੇ 80 ਹਜ਼ਾਰ ਲਿਟਰ ਡੀਜ਼ਲ ਦੀ ਖਪਤ ਹੁੰਦੀ ਹੈ। ਰੋਜ਼ਾਨਾ ਆਮਦਨ  ਡੇਢ ਕਰੋੜ ਰੁਪਏ ਤੱਕ ਪੁੱਜ ਗਈ ਸੀ, ਪਰ ਗਰਮੀ ਵਧਣ ਕਾਰਨ ਕੁਝ ਹੇਠਾਂ ਆਈ ਹੈ।
ਗ਼ੌਰਤਲਬ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ਼ ਬੀਤੀ  22 ਮਈ ਨੂੰ ਹੋਏ ਇੱੱਕ ਸਮਝੌਤੇ ਤਹਿਤ ਪੀਆਰਟੀਸੀ ਨੂੰ ਡੀਜ਼ਲ ’ਤੇ 23 ਪੈਸੇ ਪ੍ਰਤੀ ਲਿਟਰ ਛੋਟ ਮਿਲਣ ਲੱਗੀ  ਹੈ।  ਅਜਿਹੇ ਹੀ ਕੁਝ ਪਹਿਲੇ ਸਮਝੌਤਿਆਂ ਸਦਕਾ ਪੀਆਰਟੀਸੀ ਨੂੰ ਡੀਜ਼ਲ ’ਤੇ  1.55 ਰੁਪਏ ਪ੍ਰਤੀ ਲਿਟਰ ਛੋਟ ਮਿਲ  ਰਹੀ ਹੈ। ਇਸ ਨਾਲ ਪੀਆਰਟੀਸੀ ਨੂੰ 1.39 ਲੱਖ ਰੁਪਏ ਰੋਜ਼ਾਨਾ, 41.70 ਲੱਖ ਰੁਪਏ ਮਹੀਨਾ ਅਤੇ ਪੰਜ ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ।

 

 

fbbg-image

Latest News
Magazine Archive