ਸੈਨਾ ਮੁਖੀਆਂ ਨੂੰ ਗੋਲਾ-ਬਾਰੂਦ ਖ਼ਰੀਦਣ ਦੇ ਦਿੱਤੇ ਅਧਿਕਾਰ: ਸੀਤਾਰਾਮਨ


ਲੁਧਿਆਣਾ - ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਮੁਲਕ ਦੀ ਫ਼ੌਜ ਕੋਲ ਕੋਈ ਵੀ ਜੰਗ ਲੜਨ ਲਈ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤਿੰਨੇ ਸੈਨਾਵਾਂ (ਥਲ, ਜਲ ਅਤੇ ਹਵਾਈ ਫ਼ੌਜ) ਦੇ ਮੁਖੀਆਂ ਨੂੰ ਕੋਈ ਵੀ ਹਥਿਆਰ ਖ਼ਰੀਦਣ ਦੀ ਤਾਕਤ ਦੇ ਦਿੱਤੀ ਹੈ। ਰੱਖਿਆ ਮੰਤਰੀ ਨੇ ਇਹ ਮੰਨਿਆ ਕਿ ਪਹਿਲਾਂ ਗੋਲਾ-ਬਾਰੂਦ ਦੀ ਕਮੀ ਜ਼ਰੂਰ ਸੀ ਪਰ ਮੌਜੂਦਾ ਹਾਲਾਤ ਵਿੱਚ ਫ਼ੌਜ ਦੁਸ਼ਮਣ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਲੁਧਿਆਣਾ ਦੌਰੇ ’ਤੇ ਪਹਿਲੀ ਵਾਰ ਆਈ ਰੱਖਿਆ ਮੰਤਰੀ ਨੇ ਮੋਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ’ਚ ਕੀਤੇ ਗਏ ਕਾਰਜਾਂ ਦਾ ਗੁਣਗਾਨ ਕੀਤਾ। ਇੱਥੋਂ ਦੇ ਇੱਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਪਣਾ ਟੈਕਸ ਘਟਾ ਕੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਕਾਬੂ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਨੂੰ ਸੂਬਾ ਸਰਕਾਰਾਂ ਦੀ ਅਪੀਲ ਤੋਂ ਬਾਅਦ ਹੀ ਜੀਐਸਟੀ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਸੀ। ਸ੍ਰੀਮਤੀ ਸੀਤਾਰਾਮਨ ਨੇ ਦਾਅਵਾ ਕੀਤਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਦਾ ਫਾਇਦਾ ਕੇਂਦਰ ਨਾਲੋਂ ਜ਼ਿਆਦਾ ਸੂਬਾ ਸਰਕਾਰਾਂ ਨੂੰ ਹੋ ਰਿਹਾ ਹੈ ਅਤੇ ਕੁੱਝ ਸੂਬਿਆਂ ਨੂੰ ਰੋਜ਼ਾਨਾ ਦਾ 7 ਤੋਂ 9 ਕਰੋੜ ਰੁਪਏ ਦਾ ਮੁਨਾਫ਼ਾ ਹੋ ਰਿਹਾ ਹੈ।
ਵਿਰੋਧੀ ਧਿਰ ਨਹੀਂ ਰੋਕ ਸਕੇਗੀ ਮੋਦੀ ਦਾ ਵਿਜੈ ਰੱਥ: ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚਾਰ ਸਾਲਾਂ ਦੌਰਾਨ ਇੰਨੇ ਕੰਮ ਕੀਤੇ ਹਨ ਕਿ 2019 ਵਿੱਚ ਮੋਦੀ ਨੂੰ ਰੋਕਣ ਲਈ ਭਾਵੇਂ ਜਿੰਨੇ ਮਰਜ਼ੀ ਵਿਰੋਧੀ ਇਕੱਠੇ ਹੋ ਕੇ ਗਠਜੋੜ ਕਰ ਲੈਣ ਪਰ ਉਨ੍ਹਾਂ ਕੋਲੋਂ ਮੋਦੀ ਸਰਕਾਰ ਦਾ ਵਿਜੈ ਰੱਥ ਰੁਕਣ ਵਾਲਾ ਨਹੀਂ ਹੈ।
ਯੂਕਰੇਨ ਵਿੱਚ ਹਥਿਆਰਾਂ ਦੀ ਖ਼ਰੀਦ ਦੌਰਾਨ ਘਪਲਾ ਨਾ ਹੋਣ ਦਾ ਦਾਅਵਾ
ਯੂਕਰੇਨ ਤੋਂ ਹਥਿਆਰਾਂ ਦੀ ਖ਼ਰੀਦ ਦੌਰਾਨ ਸਾਢੇ 17 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਉਣ ਬਾਰੇ ਜਦੋਂ ਰੱਖਿਆ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਥੇ ਕੋਈ ਘਪਲਾ ਨਹੀਂ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਥਿਆਰਾਂ ਦਾ ਸੌਦਾ ਸਿੱਧਾ ਯੂਕਰੇਨ ਸਰਕਾਰ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਕਰਵਾ ਲਈ ਹੈ ਅਤੇ ਕੋਈ ਘਪਲਾ ਨਹੀਂ ਹੋਇਆ ਹੈ।

 

 

fbbg-image

Latest News
Magazine Archive