ਦਸ ਦਿਨਾਂ ਲਈ ‘ਛੁੱਟੀ’ ਉੱਤੇ ਰਹਿਣਗੇ ਕਿਸਾਨ


ਚੰਡੀਗੜ੍ਹ - ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਕਿਸਾਨਾਂ ਨੇ ਦੁੱਧ ਅਤੇ ਸਬਜ਼ੀਆਂ ਸ਼ਹਿਰਾਂ ਵਿੱਚ ਨਹੀਂ ਭੇਜੀਆਂ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਇਸ ਹੜਤਾਲ ਦੀ ਹਮਾਇਤ ਕੀਤੀ ਹੈ। ਸਤਨਾਮ ਸਿੰਘ ਬਹਿਰੂ ਦੀ ਅਗਵਾਈ ਵਾਲੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਹੜਤਾਲ ਦੇ ਮੋਹਰੀਆਂ ਵਿੱਚ ਸ਼ਾਮਲ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਬਜ਼ੀਆਂ ਤੇ ਦੁੱਧ ਦੇ ਵਾਜਬ ਭਾਅ ਨਹੀਂ ਮਿਲ ਰਹੇ। ਇਸ ਲਈ 1 ਜੂਨ ਤੋਂ 10 ਜੂਨ ਤੱਕ ਕਿਸਾਨ ਦੁੱਧ ਅਤੇ ਸਬਜ਼ੀਆਂ ਸ਼ਹਿਰਾਂ ਵਿੱਚ ਨਹੀਂ ਲਿਆਉਣਗੇ ਤੇ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਪਿੰਡ ਵਿੱਚੋਂ ਆ ਕੇ ਇਹ ਵਸਤਾਂ ਖ਼ਰੀਦ ਸਕਦਾ ਹੈ। ਲੋਕਾਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਨਿੱਤ ਦੀਆਂ ਲੋੜਾਂ ਲਈ ਕਈ ਥਾਈਂ ਸਬਜ਼ੀਆਂ ਅਤੇ ਦੁੱਧ ਖੁਦ ਜਾ ਕੇ ਪਿੰਡਾਂ ਵਿੱਚੋਂ ਖ਼ਰੀਦੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਅਜਿਹੇ ਹੀ ਵਿਅਕਤੀਆਂ ਦੀ ਕਤਾਰ ਵਿੱਚ ਸ਼ਾਮਲ ਹੋਏ। ਸ੍ਰੀ ਸਿੱਧੂ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਪੱਤੋ ਵਿੱਚ ਗਏ ਜਿੱਥੋਂ ਉਨ੍ਹਾਂ ਕਿਸਾਨਾਂ ਤੋਂ ਸਬਜ਼ੀਆਂ ਅਤੇ ਦੁੱਧ ਦੀ ਖ਼ਰੀਦ ਕੀਤੀ। ਉਨ੍ਹਾਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਸਾਰੇ ਮੁਲਕ ਵਿੱਚ ਕਿਸਾਨ ਇਸ ਸਮੇਂ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਦਾਅਵਾ ਕੀਤਾ ਸੀ ਪਰ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ‘ਪਿੰਡ ਬੰਦ-ਦੇਸ਼ ਦੇ ਕਿਸਾਨ ਛੁੱਟੀ ਉਤੇ’ ਅੰਦੋਲਨ ਨੂੰ ਅੱਜ ਪਹਿਲੇ ਦਿਨ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਅੰਦੋਲਨ ਕਿਸੇ ਵੀ ਰਾਜ ਵਿੱਚ ਹਿੰਸਕ ਨਹੀਂ ਹੋਇਆ ਹੈ। ਉਨ੍ਹਾਂ ਜਥੇਬੰਦੀ ਦੇ ਵਰਕਰਾਂ ਅਤੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਸ ਅੰਦੋਲਨ ਨੂੰ ਪੂਰਨ ਰੂਪ ਵਿੱਚ ਸ਼ਾਂਤਮਈ ਬਣਾਈ ਰੱਖਣ ਦਾ ਅਹਿਦ ਕਰਨ। ਸ੍ਰੀ ਰਾਜੇਵਾਲ ਨੇ ਕਿਹਾ ਕਿ ਅੱਜ ਸ਼ਹਿਰੀ ਭਰਾ ਇਸ ਗੱਲੋਂ ਖੁਸ਼ ਹੋਏ ਕਿ ਉਨ੍ਹਾਂ ਨੂੰ ਸ਼ੁੱਧ ਦੁੱਧ ਅਤੇ ਤਾਜ਼ੀਆਂ ਸਬਜ਼ੀਆਂ ਸ਼ਹਿਰ ਦੇ ਦੁਕਾਨਦਾਰਾਂ ਨਾਲੋਂ ਸਸਤੀਆਂ ਮਿਲੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਸੂਬੇ ਵਿੱਚ 40 ਪ੍ਰਤੀਸ਼ਤ ਤੋਂ ਵੱਧ ਨਕਲੀ ਦੁੱਧ ਵਿਕਦਾ ਹੈ। ਦੁੱਧ ਚੈੱਕ ਕਰਨ ਸਮੇਂ ਅੱਜ ਫ਼ਤਹਿਗੜ੍ਹ ਸਾਹਿਬ ਦੇ ਵਰਕਰਾਂ ਨੇ ਨਾਭਾ ਇਲਾਕੇ ਵਿੱਚੋਂ ਆਇਆ 2000 ਲਿਟਰ ਬਨਾਉਟੀ ਦੁੱਧ ਦਾ ਟੈਂਕਰ ਫੜ ਕੇ ਪੁਲੀਸ ਅਤੇ ਸਿਵਲ ਅਧਿਕਾਰੀਆਂ ਦੇ ਹਵਾਲੇ ਵੀ ਕੀਤਾ। ਸ੍ਰੀ ਰਾਜੇਵਾਲ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਮੰਦਹਾਲੀ ਵਿੱਚ ਫਸੇ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣ ਅਤੇ ਸਰਕਾਰ ਨੂੰ ਕਿਸਾਨਾਂ ਨਾਲ ਇਨਸਾਫ਼ ਕਰਨ ਲਈ ਮਜਬੂਰ ਕਰਨ। ਉਨ੍ਹਾਂ ਕਿਹਾ ਕਿ ਅੱਜ ਦਾ ਅੰਦੋਲਨ ਦੇਸ਼ ਵਿੱਚ ਪਹਿਲਾ ਵਿਲੱਖਣ ਅੰਦੋਲਨ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਮੰਦਹਾਲੀ ਸਮਝ ਕੇ ਤੁਰੰਤ ਗੱਲਬਾਤ ਦੀ ਮੇਜ਼ ’ਤੇ ਆਏ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹਰ ਕਿਸਾਨ ਅਤੇ ਗਰੀਬ ਲਈ ਘੱਟੋ ਘੱਟ ਕੇਂਦਰ ਸਰਕਾਰ ਦੇ ਚੌਥਾ ਦਰਜਾ ਕਰਮਚਾਰੀ ਦੀ ਤਨਖ਼ਾਹ ਦੇ ਬਰਾਬਰ ਯਾਨੀ 18000 ਰੁਪਏ ਤੇ ਭੱਤਾ ਯਕੀਨੀ ਬਣਾਏ। ਕਿਸਾਨ ਆਗੂ ਨੇ ਵਰਕਰਾਂ ਨੂੰ ਕਿਹਾ ਕਿ ਉਹ ਦੁੱਧ ਕਿਤੇ ਵੀ ਨਾ ਡੋਲਣ ਅਤੇ ਨਾ ਹੀ ਸਬਜ਼ੀਆਂ ਨੂੰ ਖਿੰਡਾਉਣ। ਉਨ੍ਹਾਂ ਹਦਾਇਤ ਕੀਤੀ ਕਿ ਹਰ ਸ਼ਹਿਰ ਵਿੱਚ ਜੇ ਕੋਈ ਇਹ ਵਸਤਾਂ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਸਤਿਕਾਰ ਨਾਲ ਵਾਪਸ ਭੇਜ ਦੇਣਾ ਚਾਹੀਦਾ ਹੈ। ਜੇਕਰ ਇੰਜ ਵੀ ਨਹੀਂ ਹੁੰਦਾ ਹੈ ਤਾਂ ਉਸ ਦੀ ਸਬਜ਼ੀ ਜਾਂ ਦੁੱਧ ਗਰੀਬ ਲੋਕਾਂ ਵਿੱਚ ਵੰਡ ਦਿੱਤਾ ਜਾਵੇ।
ਕਿਸਾਨ ਅੰਦੋਲਨ ਦਾ ਮਾਮਲਾ ਰਾਜਾਂ ਨਾਲ ਉਠਾਏਗਾ ਕੇਂਦਰ
ਨਵੀਂ ਦਿੱਲੀ - ਕਿਸਾਨਾਂ ਵੱਲੋਂ ਅੱਜ ਸ਼ੁਰੂ ਕੀਤੇ ਦਸ-ਰੋਜ਼ਾ ਦੇਸ਼-ਵਿਆਪੀ ਅੰਦੋਲਨ ਦੇ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ ਐਸ.ਕੇ. ਪਟਨਾਇਕ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਠਾਏ ਗਏ ਮੁੱਦੇ ਸਥਾਨਕ ਪੱਧਰ ਦੇ ਹਨ ਅਤੇ ਕੇਂਦਰ ਵੱਲੋਂ ਇਹ ਮਾਮਲੇ ਸਬੰਧਤ ਸੂਬਾਈ ਸਰਕਾਰਾਂ ਕੋਲ ਉਠਾਏ ਜਾਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਮਾਮਲੇ ਕੇਂਦਰ ਦੇ ਹੱਲ ਕਰਨਯੋਗ ਹਨ, ਉਨ੍ਹਾਂ ਉਤੇ ਯਕੀਨਨ ਉਨ੍ਹਾਂ ਦਾ ਮੰਤਰਾਲਾ ਗ਼ੌਰ ਕਰੇਗਾ। ਉਨ੍ਹਾਂ ਕਿਹਾ, ‘‘ਹਾਲ ਦੀ ਘੜੀ ਅੰਦੋਲਨਕਾਰੀਆਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਮੀਡੀਆ ਇਹ ਮਾਮਲਾ ਉਠਾ ਰਿਹਾ ਹੈ, ਜਿਸ ਸਬੰਧੀ ਅਸੀਂ ਚੌਕਸ ਹਾਂ।’’
 

 

 

fbbg-image

Latest News
Magazine Archive