ਤੂਫ਼ਾਨ ਤੇ ਬਿਜਲੀ ਡਿੱਗਣ ਨਾਲ ਚਾਰ ਰਾਜਾਂ ’ਚ 49 ਮੌਤਾਂ


ਪਟਨਾ/ਲਖ਼ਨਊ - ਬਿਹਾਰ, ਯੂਪੀ, ਝਾਰਖੰਡ ਤੇ ਛੱਤੀਸਗੜ੍ਹ ਵਿੱਚ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਘੱਟੋ ਘੱਟ 49 ਮੌਤਾਂ ਹੋ ਗਈਆਂ। ਇਸ ਦੌਰਾਨ ਇਨ੍ਹਾਂ ਚਾਰਾਂ ਸੂਬਿਆਂ ਵਿੱਚ ਕਾਫ਼ੀ ਮਾਲੀ ਨੁਕਸਾਨ ਵੀ ਹੋਇਆ। ਕਈ ਘਰਾਂ ਦੀਆਂ ਕੰਧਾਂ ਡਿੱਗਣ, ਦਰੱਖਤ ਪੁੱਟੇ ਜਾਣ, ਬਿਜਲੀ ਦੇ ਖੰਭੇ ਡਿੱਗਣ ਕਾਰਨ ਵੱਡੀ ਗਿਣਤੀ ਲੋਕਾਂ ਦੇ ਮੌਤ ਦੇ ਮੂੰਹ ਵਿੱਚ ਜਾਣ ਅਤੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਬਿਹਾਰ ’ਚ ਸਭ ਤੋਂ ਵੱਧ 19, ਯੂਪੀ ’ਚ 15, ਝਾਰਖੰਡ ’ਚ 13 ਅਤੇ ਛੱਤੀਸਗੜ੍ਹ ਵਿੱਚ ਦੋ ਜਾਨਾਂ ਜਾਂਦੀਆਂ ਰਹੀਆਂ।
ਬਿਹਾਰ ਤੋਂ ਸਰਕਾਰੀ ਸੂਤਰਾਂ ਅਨੁਸਾਰ ਕੱਲ੍ਹ ਰਾਤ ਆਏ ਭਾਰੀ ਤੂਫ਼ਾਨ ਨੇ ਬਿਹਾਰ ਦੇ ਗਯਾ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿੱਚ ਪੰਜ- ਪੰਜ ਜਾਨਾਂ ਲੈ ਲਈਆਂ ਜਦੋਂ ਕਿ ਮੁਨਗਰ, ਕਠਿਹਾਰ ਅਤੇ ਨਵਾਦਾ ਜ਼ਿਲ੍ਹਿਆਂ ਵਿੱਚ ਵੀ ਇਸ ਕੁਦਰਤੀ ਆਫ਼ਤ ਕਾਰਨ ਕਈ ਮੌਤਾਂ ਹੋਈਆਂ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਤੇ ਪੀੜਤਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਉੱਧਰ, ਉੱਤਰ ਪ੍ਰਦੇਸ਼ ਵਿੱਚ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 10 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਉੱਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 6 ਵਿਅਕਤੀਆਂ ਦੀ ਉਨਾਓ ਵਿੱਚ ਕੱਲ੍ਹ ਰਾਤ ਆਏ ਤੁੂਫ਼ਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਜਦੋਂ ਕਿ ਰਾਏਬਰੇਲੀ ਵਿੱਚ ਇਸ ਕੁਦਰਤੀ ਆਫ਼ਤ ਕਾਰਨ ਤਿੰਨ, ਪੀਲੀਭੀਤ, ਕਾਨਪੁਰ ਅਤੇ ਗੌਂਡਾ ਜ਼ਿਲ੍ਹਿਆਂ ਵਿੱਚ ਦੋ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਜ਼ਖ਼ਮੀਆਂ ਵਿੱਚ ਚਾਰ ਜਣੇ ਉਨਾਓ ਅਤੇ ਤਿੰਨ ਤਿੰਨ ਕਨੌਜ ਅਤੇ ਰਾਏਬਰੇਲੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰਾਏਬਰੇਲੀ ਅਤੇ ਉਨਾਓ ਜ਼ਿਲ੍ਹਿਆਂ ਵਿੱਚ ਮਾਲੀ ਨੁਕਸਾਨ ਵੀ ਹੋਇਆ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ 24 ਘੰਟਿਆਂ ਵਿੱਚ ਪੀੜਤਾਂ ਤਕ ਸਹਾਇਤਾ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਪਿ੍ੰਸੀਪਲ ਸਕੱਤਰ ਅਸ਼ਵਨੀ ਅਵਸਥੀ ਨੇ ਦਿੱਤੀ।
ਉਨਾਓ ਜ਼ਿਲ੍ਹੇ ਦੇ ਡੀਐਮ ਰਵੀ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਮੌਤਾਂ ਬਿਜਲੀ ਡਿੱਗਣ ਕਾਰਨ ਹੋਈਆਂ ਹਨ ਜਦੋਂ ਕਿ ਬਾਕੀ ਮਕਾਨ ਡਿੱਗਣ, ਦਰੱਖਤ ਪੁੱਟੇ ਜਾਣ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਹੋਏ ਹਾਦਸਿਆਂ ਵਿੱਚ ਹੋਈਆਂ ਹਨ। ਹਰਦੋਈ-ਉਨਾਓ ਸੜਕ ’ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਵੱਖ ਵੱਖ ਥਾਵਾਂ ’ਤੇ ਬਾਰਸ਼ ਅਤੇ ਤੂਫਾਨ ਦੀ ਸੰਭਾਵਨਾ ਹੈ।
ਕੇਰਲਾ ਪੁੱਜੀ ਮੌਨਸੁੂਨ
ਨਵੀਂ ਦਿੱਲੀ - ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਆਪਣੇ ਮਿੱਥੀ ਆਮਦ ਤੋਂ ਤਿੰਨ ਦਿਨ ਪਹਿਲਾਂ ਅੱਜ ਕੇਰਲਾ ਤੱਟ ’ਤੇ ਪਹੁੰਚ ਗਈ ਹੈ। ਇਸ ਦੱਖਣੀ ਰਾਜ ’ਤੇ ਮੌਨਸੂਨ ਦੀ ਆਮਦ ਨਾਲ ਦੇਸ਼ ਵਿੱਚ ਚਾਰ ਮਹੀਨੇ ਲੰਮੇ ਬਰਸਾਤੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਆਮ ਤੌਰ ’ਤੇ ਦੇਸ਼ ਵਿੱਚ ਮੌਨਸੂਨ ਪਹਿਲੀ ਜੂਨ ਨੂੰ ਦਸਤਕ ਦਿੰਦੀ ਹੈ ਤੇ ਸਮੁੱਚੇ ਦੇਸ਼ ਨੂੰ ਆਪਣੇ ਕਲਾਵੇ ’ਚ ਲੈਣ ਲਈ ਇਸ ਨੂੰ ਕਰੀਬ ਢਾਈ ਮਹੀਨੇ ਲਗਦੇ ਹਨ। ਆਈਐਮਡੀ ਨੇ ਇਸ ਵਾਰ ਦੇਸ਼ ਭਰ ਵਿੱਚ ਮੌਨਸੁੂਨ ਨਾਰਮਲ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਇਕ ਪ੍ਰਾਈਵੇਟ  ਮੌਸਮ ਏਜੰਸੀ ਸਕਾਈਮੈੱਟ ਨੇ ਕਿਹਾ ਸੀ ਕਿ ਮੌਨਸੂਨ ਕੱਲ੍ਹ ਹੀ ਕੇਰਲਾ ਪਹੁੰਚ ਗਈ ਸੀ। ਆਈਐਮਡੀ ਅਨੁਸਾਰ ਜੇ 10 ਮਈ ਤੋਂ ਬਾਅਦ ਇਸ ਦੇ ਮਿਨੀਕੋਏ, ਅਮੀਨੀ, ਤਿਰੂਵਨੰਤਪੁਰਮ, ਪੁਨਾਲੁਰ, ਕੋਲਾਮ, ਅਲਾਪੁੜਾ, ਕੋਟਾਯਮ, ਕੋਚੀ, ਤ੍ਰਿਸੁਰ, ਕੋੜੀਕੋੜ, ਤਲਾਸਰੀ , ਕੰਨੂਰ, ਕੁਡਲੂ ਤੇ ਮੰਗਲੋਰ ਵਿੱਚਲੇ 14 ਸਟੇਸ਼ਨਾਂ ’ਚੋਂ 60 ਫ਼ੀਸਦ ਸਟੇਸ਼ਨਾਂ ’ਤੇ ਲਗਾਤਾਰ ਦੋ ਦਿਨ 2.5 ਐਮਐਮ ਜਾਂ ਇਸ ਤੋਂ ਵੱਧ ਮੀਂਹ ਪੈਣ ਦੀ ਰਿਪੋਰਟ ਮਿਲਦੀ ਹੈ ਤਾਂ ਦੂਜੇ ਦਿਨ ਕੇਰਲਾ ਵਿੱਚ ਮੌਨਸੂਨ ਦਾ ਐਲਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਮੁੰਦਰੀ ਸਤਹਿ ਤੋਂ ਪੱਛਮੀ ਹਵਾਵਾਂ ਦਾ ਰੁਖ਼ ਦੇਖ ਕੇ ਵੀ ਮੌਨਸੂਨ ਦੀ ਆਮਦ ਦਾ ਐਲਾਨ ਕੀਤਾ ਜਾਂਦਾ ਹੈ।
ਝਾਰਖੰਡ ਵਿੱਚ 7 ਮੌਤਾਂ
ਪਾਕੁਰ/ਚਤਰਾ (ਝਾਰਖੰਡ) - ਐਤਵਾਰ ਤੋਂ ਆ ਰਹੇ ਤੁੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਝਾਰਖੰਡ ਦੇ ਪਾਕੁਰ ਅਤੇ ਚਤਰਾ ਜ਼ਿਲ੍ਹਿਆਂ ਵਿੱਚ ਸੱਤ ਮੌਤਾਂ ਹੋ ਗਈਆਂ ਹਨ। ਪਾਕੁਰ ਜ਼ਿਲ੍ਹੇ ਦੇ ਕਨੀਜਹਾਰਾ ਪਿੰਡ ਵਿੱਚ ਤੂਫਾ਼ਨ ਅਤੇ ਬਾਰਸ਼ ਕਾਰਨ ਇਕ ਘਰ ਦੀ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਜ਼ਖ਼ਮੀ ਹੋ ਗਈ। ਇਹ ਜਾਣਕਾਰੀ ਇਥੋਂ ਦੀ ਪੁਲੀਸ ਨੇ ਦਿੱਤੀ। ਇਸ ਤੋਂ ਪਹਿਲਾਂ ਚਤਰਾ ਜ਼ਿਲ੍ਹੇ ਵਿੱਚ ਦੋ ਵੱਖ ਵੱਖ ਥਾਵਾਂ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਮੌਤਾਂ ਹੋ ਗਈਆਂ ਅਤੇ ਕਈ ਜ਼ਖ਼ਮੀ ਹੋ ਗਏ।
 

 

 

fbbg-image

Latest News
Magazine Archive