ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ ਅੱਜ


ਸ਼ਾਹਕੋਟ - ਸ਼ਾਹਕੋਟ ਦੀ ਜ਼ਿਮਣੀ ਚੋਣ ਲਈ ਭਲਕੇ 28 ਮਈ ਨੂੰ ਪੈਣ ਵਾਲੀਆਂ ਵੋਟਾਂ ਦਾ ਅਮਲ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਇੱਥੋਂ ਦੇ ਪਬਲਿਕ ਹਾਈ ਸਕੂਲ ’ਚ ਈਵੀਐੱਮ ਤੇ ਵੀਵੀ ਪੈਟ ਮਸ਼ੀਨਾਂ ਦੀ ਵੰਡ ਦੌਰਾਨ ਦਿੱਤੀ। ਇਸੇ ਦੌਰਾਨ ਜ਼ਿਮਨੀ ਚੋਣ ਲਈ ਤਾਇਨਾਤ ਕੀਤੇ ਚੋਣ ਅਮਲੇ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹਲਕੇ ਦੇ ਵੱਖ ਵੱਖ ਬੂਥਾਂ ਲਈ ਰਵਾਨਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਪਗ 2500 ਪੋਲਿੰਗ ਸਟਾਫ ਨੂੰ 236 ਪੋਲਿੰਗ ਸਟੇਸ਼ਨਾਂ ਤੇ 189 ਥਾਵਾਂ ’ਤੇ ਵੋਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਪੋਲਿੰਗ ਪਾਰਟੀਆਂ ਨੂੰ 50 ਬੱਸਾਂ ਰਾਹੀਂ ਪੋਲਿੰਗ ਸਟੇਸ਼ਨਾਂ ’ਤੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਲੀਸ ਪ੍ਰਸ਼ਾਸਨ ਨੇ 96 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਹੈ ਤੇ ਪੋਲਿੰਗ ਬੂਥਾਂ ਦੀ ਸੁਰੱਖਿਆ ਲਈ 2000 ਸੁਰੱਖਿਆ ਕਰਮੀਆਂ ਦੇ ਨਾਲ ਨਾਲ ਸੀਮਾ ਸੁਰੱਖਿਆ ਬਲ ਦੀਆਂ 6 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ’ਤੇ ਨਜ਼ਰ ਰੱਖਣ ਲਈ 30 ਵੀਡੀਓਗ੍ਰਾਫ਼ਰ ਲਗਾਏ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਸੀਨੀਅਰ ਅਧਿਕਾਰੀ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ 103 ਪੋਲਿੰਗ ਸਟੇਸ਼ਨਾਂ ’ਤੇ ਵੈਬਕਾਸਟਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ 64 ਪੋਲਿੰਗ ਬੂਥਾਂ ’ਤੇ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਸ਼ਾਹਕੋਟ ਜ਼ਿਮਣੀ ਚੋਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਨੂੰ ਅੱਜ ਸਖਤ ਸੁਰੱਖਿਆ ਨਾਲ ਹਲਕੇ ਦੇ ਵੱਖ ਵੱਖ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ। ਚੋਣ ਅਮਲੇ ਨੂੰ ਬੂਥਾਂ ਲਈ ਰਵਾਨਾ ਕਰਨ ਤੋਂ ਪਹਿਲਾ ਇੱਥੋਂ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਚੋਣ ਅਮਲੇ ਦੀ ਤੀਜੀ ਤੇ ਆਖਰੀ ਚੋਣ ਰਿਹਰਸਲ ਮੌਕੇ ਚੋਣ ਰਿਟਰਨਿੰਗ ਅਧਿਕਾਰੀ ਨੇ ਚੋਣ ਅਮਲੇ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਸ਼ਾਹਕੋਟ ਦੇ ਐੱਸਡੀਐਮ ਸ਼ਾਹਕੋਟ ਤੇ ਚੋਣ ਰਿਟਰਨਿੰਗ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਹਲਕੇ ਅੰਦਰ ਕੁੱਲ 172686 ਵੋਟਰ ਹਨ ਤੇ ਹਲਕੇ ਅੰਦਰ 236 ਪੋਲਿੰਗ ਬੂਥ ਬਣਾਏ ਗਏ ਹਨ। ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ 1888 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ।
ਵਿਸ਼ੇਸ਼ ਬੱਸ ਚਲਾਏਗਾ ਪ੍ਰਸ਼ਾਸਨ
ਸ਼ਾਹਕੋਟ ਦੀ ਉੱਪ ਚੋਣ ਲਈ ਵੋਟਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਈਵੀਐੱਮ ਤੇ ਵੀਵੀ ਪੈਟ ਮਸ਼ੀਨਾਂ ਨੂੰ ਸ਼ਾਹਕੋਟ ਤੋਂ ਜਲੰਧਰ ਵਿੱਚ ਬਣਾਏ ਗਏ ਗਿਣਤੀ ਕੇਂਦਰ ’ਤੇ ਪਹੁੰਚਾਉਣ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਉਮੀਦਵਾਰਾਂ ਦੀ ਸਹੂਲਤ ਲਈ ਵਿਸ਼ੇਸ਼ ਬੱਸ ਦਾ ਪ੍ਰਬੰਧ ਕਰੇਗਾ। ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਮੁਕੰਮਲ ਹੋ ਜਾਣ ਤੋਂ ਬਾਅਦ ਪੋਲਿੰਗ ਪਾਰਟੀਆਂ ਨੇ ਮਸ਼ੀਨਾਂ ਨੂੰ ਇੱਥੋਂ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਏ ਗਏ ਸਟਰੌਂਗ ਰੂਮ ਵਿੱਚ ਜਮ੍ਹਾਂ ਕਰਵਾਉਣੀਆਂ ਹਨ।
ਚੋਣ ਡਿਊਟੀ ’ਤੇ ਹਾਜ਼ਰ ਨਾ ਹੋਣ ਵਾਲੇ ਮੁਲਾਜ਼ਮਾਂ ਵਿਰੁੱਧ ਹੋਣਗੇ ਕੇਸ ਦਰਜ
ਜਲੰਧਰ - ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਚੋਣ ਅਫਸਰਾਂ ਅਤੇ ਚੋਣ ਅਧਿਕਾਰੀਆਂ ਵੱਲੋਂ ਚੋਣ ਡਿਊਟੀ ਦੇਣ ਵਿੱਚ ਲਾਪ੍ਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਹੜੇ ਮੁਲਾਜ਼ਮਾਂ ਨੇ ਚੋਣ ਡਿਊਟੀ ਕਰਨ ਤੋਂ ਆਨਾਕਾਨੀ ਕੀਤੀ ਸੀ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਕੈਰਾਨਾ ਸਣੇ 12 ਸੀਟਾਂ ’ਤੇ  ਜ਼ਿਮਨੀ ਚੋਣ ਲਈ ਵੋਟਿੰਗ ਅੱਜ
ਕੈਰਾਨਾ/ ਦੇਹਰਾਦੂਨ - ਉੱਤਰ ਪ੍ਰਦੇਸ਼ ਦੀ ਕੈਰਾਨਾ ਲੋਕ ਸਭਾ ਸੀਟ ਸਣੇ ਚਾਰ ਲੋਕ ਸਭਾ ਹਲਕਿਆਂ ਅਤੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਭਲਕੇ ਵੋਟਾਂ ਪੈਣਗੀਆਂ।ਇਨ੍ਹਾਂ ਵਿੱਚ ਦੇਹਰਾਦੂਨ ਦੀ ਥਰਾਲੀ ਵਿਧਾਨ ਸਭਾ ਸੀਟ ਵੀ ਸ਼ਾਮਲ ਹੈ। ਕੈਰਾਨਾ ਸੰਸਦੀ ਸੀਟ ਹੁਕਮ ਸਿੰਘ ਦੇ ਅਕਾਲ ਚਲਾਣੇ ਕਰਕ ਖਾਲੀ ਹੋਈ ਸੀ। ਇਸ ਸੀਟ ’ਤੇ ਸਪਾ-ਬਸਪਾ ਦੀ ਸਾਂਝੀ ਉਮੀਦਵਾਰ ਤਬੱਸੁਮ ਹਸਨ ਸੱਤਾਧਾਰੀ ਭਾਜਪਾ ਦੀ ਮ੍ਰਿਗਾਂਕਾ ਸਿੰਘ ਨੂੰ ਚੁਣੌਤੀ ਦੇ ਰਹੀ ਹੈ। ਹਰਿਆਣਾ ਸਰਕਾਰ ਨੇ ਪੱਛਮੀ ਯੂਪੀ ਦੇ ਕੈਰਾਨਾ ਵਿੱਚ ਵੋਟਰ ਵਜੋਂ ਦਰਜ ਤੇ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਨੂੰ ਭਲਕੇ ਛੁੱਟੀ ਦੇਣ ਦਾ ਐਲਾਨ ਕੀਤਾ ਹੈ।
 

 

 

fbbg-image

Latest News
Magazine Archive