ਮੋਦੀ ਵੱਲੋਂ ਦੋ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ


ਬਾਗਪਤ (ਯੂਪੀ)/ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਦਿਨ ਅੰਦਰ ਦੋ ਐਕਸਪ੍ਰੈੱਸਵੇਅ ਦੇਸ਼ ਨੂੰ ਸਮਰਪਿਤ ਕੀਤੇ। ਉਨ੍ਹਾਂ ਪਹਿਲਾਂ ਨਵੀਂ ਦਿੱਲੀ ਦੇ ਮਿਲੇਨੀਅਮ ਪਾਰਕ ’ਚ 14 ਲੇਨ ਦੇ ਨੌਂ ਕਿਲੋਮੀਟਰ ਲੰਮੇ ਦਿੱਲੀ-ਮੇਰਠ ਐਕਸਪ੍ਰੈੱਸਵੇਅ ਤੇ ਇਸ ਮਗਰੋਂ ਬਾਗਪਤ ’ਚ 135 ਕਿਲੋਮੀਟਰ ਲੰਮੇ ਈਸਟਰਨ ਪੈਰੀਫੈਰਲ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ 135 ਕਿਲੋਮੀਟਰ ਲੰਮੇ ਈਸਟਰਨ ਪੈਰੀਫੈਰਲ ਐਕਸਪ੍ਰੈੱਸਵੇਅ ਨੂੰ ਦੇਸ਼ ਦੀ ਜਨਤਾ ਦੇ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੌਮੀਮਾਰਗਾਂ ਦੀ ਉਸਾਰੀ ’ਤੇ 3 ਲੱਖ ਕਰੋੜ ਰੁਪਏ ਖਰਚ ਰਹੀ ਹੈ ਤੇ ਉਨ੍ਹਾਂ ਦੀ ਸਰਕਾਰ ਕੌਮੀਮਾਰਗਾਂ, ਰੇਲਵੇ, ਹਵਾਈ ਸੇਵਾਵਾਂ ਤੇ ਸੜਕਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀਮਾਰਗਾਂ ਦੀ ਉਸਾਰੀ ਦੀ ਰਫ਼ਤਾਰ ਕਾਂਗਰਸ ਸਰਕਾਰ ਦੇ ਸਮੇਂ ਦੇ 12 ਕਿਲੋਮੀਟਰ ਪ੍ਰਤੀਦਿਨ ਤੋਂ ਵਧ ਕੇ 27 ਕਿਲੋਮੀਟਰ ਤੱਕ ਪਹੁੰਚ ਗਈ ਹੈ, ਜਦਕਿ 10 ਕਰੋੜ ਲੋਕਾਂ ਨੇ ਹਵਾਈ ਸੇਵਾ ਦਾ ਲਾਭ ਲਿਆ ਹੈ।
ਉਨ੍ਹਾਂ ਕਿਹਾ ਕਿ ਕੌਮੀਮਾਰਗਾਂ ਲਈ ਭਾਰਤਮਾਲਾ ਪ੍ਰਾਜੈਕਟ ਤਹਿਤ 5 ਲੱਖ ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਤੇ ਖੇਤੀ ਨਾਲ ਸਬੰਧਤ ਢਾਂਚੇ ਦੀ ਮਜ਼ਬੂਤੀ ਲਈ 14 ਲੱਖ ਰੁਪਏ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਜਿਣਸ ਦੇ ਸਹੀ ਭਾਅ ਦਿਵਾਉਣ, ਦਲਿਤਾਂ ਤੇ ਘੱਟ ਗਿਣਤੀਆਂ ਦੀ ਰਾਖੀ ਕਰਨ ਅਤੇ ਜ਼ੁਲਮ ਦੇ ਸ਼ਿਕਾਰ ਲੋਕਾਂ ਨੂੰ ਤੁਰੰਤ ਨਿਆਂ ਦਿਵਾਉਣ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਦਿੱਲੀ-ਮੇਰਠ ਐਕਸਪ੍ਰੈੱਸ-ਵੇਅ ਦਾ ਉਦਘਾਟਨ ਕੀਤਾ ਗਿਆ। ਦੇਸ਼ ਦੇ ਪਹਿਲੇ ਇਸ 14 ਲੇਨ ਦੇ ਐਕਸਪ੍ਰੈੱਸ-ਵੇਅ ਦੇ 9 ਕਿਲੋਮੀਟਰ ਹਿੱਸੇ ਨੂੰ ਰਿਕਾਰਡ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸਖ਼ਤ ਸੁਰੱਖਿਆ ਪਹਿਰੇ ਹੇਠ ਮਿਲੇਨੀਅਮ ਪਾਰਕ ਪੁੱਜੇ ਜਿੱਥੇ ਉਨ੍ਹਾਂ ਸੜਕ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਡਕਰੀ ਵੀ ਨਾਲ ਸਨ। ਉਦਘਾਟਨ ਮਗਰੋਂ ਸ੍ਰੀ ਮੋਦੀ ਨੇ ਖੁੱਲ੍ਹੀ ਕਾਰ ਵਿੱਚ ਰੋਡ ਸ਼ੋਅ ਕੀਤਾ ਤੇ ਦੂਜੀ ਖੁੱਲ੍ਹੀ ਕਾਰ ਵਿੱਚ ਉਨ੍ਹਾਂ ਨਾਲ ਸ੍ਰੀ ਗਡਕਰੀ ਵੀ ਚੱਲ ਰਹੇ ਸਨ। ਕਰੀਬ 6 ਕਿਲੋਮੀਟਰ ਸਫ਼ਰ ਤੈਅ ਕਰਨ ਮਗਰੋਂ ਸ੍ਰੀ ਮੋਦੀ ਤੇ ਸ੍ਰੀ ਗਡਕਰੀ ਬਾਗਪਤ ’ਚ ਈਸਟਰਨ ਪੇਰੀਫਰੀਅਲ ਐਕਸਪ੍ਰੈਸ ਦਾ ਉਦਘਾਟਨ ਕਰਨ ਲਈ ਚਲੇ ਗਏ। ਇਹ 9 ਕਿਲੋਮੀਟਰ ਸੜਕ ਦਿੱਲੀ ਦੇ ਸਰਾਏ ਕਾਲੇ ਖ਼ਾਂ ਤੋਂ ਉੱਤਰ ਪ੍ਰਦੇਸ਼ ਗੇਟ ਤੱਕ ਪਹਿਲੇ ਪੜਾਅ ਵਜੋਂ ਤਿਆਰ ਕੀਤੀ ਗਈ ਹੈ ਜਿਸ ’ਤੇ 842 ਕਰੋੜ ਦੀ ਲਾਗਤ ਆਈ ਦੱਸੀ ਜਾ ਰਹੀ ਹੈ। ਇਸ ਐਕਸਪ੍ਰੈੱਸ ਨਾਲ 28 ਕਿਲੋਮੀਟਰ ਦਾ ਢਾਈ ਮੀਟਰ ਚੌੜਾ ‘ਸਾਈਕਲ ਟਰੈਕ’ ਵੀ ਬਣਾਇਆ ਗਿਆ ਹੈ। ਮੇਰਠ ਤੱਕ ਸੜਕ ਦੀ ਲੰਬਾਈ 82 ਕਿਲੋਮੀਟਰ ਹੈ ਜਿਸ ਦਾ ਪਹਿਲਾ 27.74 ਕਿਲੋਮੀਟਰ ਹਿੱਸਾ 14 ਲੇਨ ਦਾ ਤੇ ਬਾਕੀ 6 ਲੇਨ ਦਾ ਹੋਵੇਗਾ। ਇਸ ਦਾ ਪਹਿਲਾ ਪੜਾਅ ਨਿਜ਼ਾਮੂਦੀਨ ਤੋਂ ਯੂਪੀ ਹੱਦ, ਦੂਜਾ ਯੂਪੀ ਹੱਦ ਤੋਂ ਦਾਸਨਾ, ਤੀਜਾ ਦਾਸਨਾ ਤੋਂ ਹਾਪੁੜ ਤੇ ਚੌਥਾ ਹਾਪੁੜ ਤੋਂ ਮੇਰਠ ਵਿੱਚ ਵੰਡ ਕੇ ਬਣਾਇਆ ਜਾ ਰਿਹਾ ਹੈ।
ਕਾਂਗਰਸ ਨੇ ਦੇਸ਼ ’ਚ ਝੂਠ ਤੇ ਅਫਵਾਹਾਂ ਫੈਲਾਈਆਂ: ਮੋਦੀ
ਬਾਗਪਤ (ਯੂਪੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀ ਕਾਂਗਰਸ ’ਤੇ ਹੱਲਾ ਬੋਲਦਿਆਂ ਉਸ ’ਤੇ ਨਿੱਜੀ ਹਿੱਤਾਂ ਲਈ ਦੇਸ਼ ਅੰਦਰ ਝੂਠ ਤੇ ਅਫਵਾਹਾਂ ਫੈਲਾਉਣ ਦਾ ਦੋਸ਼ ਲਾਇਆ। ਉਹ ਅੱਜ 11 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਈਸਟਰਨ ਪੈਰੀਫਰਲ ਐਕਸਪ੍ਰੈੱਸਵੇਅ ਦੇ ਉਦਘਾਟਨ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘ਜਿਹੜੇ ਲੋਕ ਇੱਕ ਪਰਿਵਾਰ ਦੀ ਪੂਜਾ ਕਰਨ ਦੇ ਆਦੀ ਹੁੰਦੇ ਹਨ ਉਹ ਲੋਕਤੰਤਰ ਦੀ ਪੂਜਾ ਨਹੀਂ ਕਰ ਸਕਦੇ।’ ਉਨ੍ਹਾਂ ਵਿਰੋਧੀ ਧਿਰ ’ਤੇ ਹੱਲਾ ਬੋਲਦਿਆਂ ਕਿਹਾ, ‘ਉਹ ਕਈ ਚੋਣਾਂ ਹਾਰਨ ਤੋਂ ਬਾਅਦ ਬੁਖਲਾ ਗਏ ਹਨ ਤੇ ਮੋਦੀ ਦੇ ਵਿਰੋਧ ’ਚ ਦੇਸ਼ ਦਾ ਵਿਰੋਧ ਕਰਨ ਲੱਗਣਗੇ, ਮੈਨੂੰ ਅਜਿਹਾ ਨਹੀਂ ਲੱਗਦਾ ਸੀ।’ ਕੈਰਾਨਾ ਲੋਕ ਸਭਾ ਚੋਣ ਤੋਂ ਇੱਕ ਦਿਨ ਪਹਿਲਾਂ ਕੀਤੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਲਈ ਪਰਿਵਾਰ ਹੀ ਦੇਸ਼ ਹੈ, ਪਰ ਮੇਰੇ ਲਈ ਦੇਸ਼ ਹੀ ਪਰਿਵਾਰ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੀ ਵੀ ਲੋਕਤੰਤਰ ਜਾਂ ਇਸ ਦੀਆਂ ਸੰਸਥਾਵਾਂ ’ਤੇ ਭਰੋਸਾ ਨਹੀਂ ਕੀਤਾ। ਕਾਂਗਰਸ ਨੇ ਸੁਪਰੀਮ ਕੋਰਟ ਦੀ ਭਰੋਸਗੀ ’ਤੇ ਸਵਾਲ ਖੜ੍ਹਾ ਕੀਤਾ, ਚੋਣ ਕਮਿਸ਼ਨ ਤੇ ਈਵੀਐਮਜ਼ ’ਤੇ ਸ਼ੱਕ ਕੀਤਾ, ਆਰਬੀਆਈ ਤੇ ਇਸ ਦੀਆਂ ਨੀਤੀਆਂ ’ਤੇ ਬੇਭਰੋਸਗੀ ਜਤਾਈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਫੌਜ ਦੀ ਸਮਰੱਥਾ ’ਤੇ ਸ਼ੱਕ ਕੀਤਾ ਜਿਸ ਨੇ ਗੁਆਂਢੀ ਮੁਲਕ ’ਤੇ ਸਰਜੀਕਲ ਸਟ੍ਰਾਈਕ ਕੀਤੀ ਸੀ ਤੇ ਭਾਰਤ ਸਰਕਾਰ ਦੀ ਸ਼ਲਾਘਾ ਕਰਨ ਵਾਲੀਆਂ ਵਿਦੇਸ਼ੀ ਏਜੰਸੀਆਂ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਹਮਲਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ ਦੇ ਲੋਕ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ, ‘ਸੱਚ ਤਾਂ ਇਹ ਹੈ ਕਿ ਕਾਂਗਰਸ ਤੇ ਇਸ ਭਾਈਵਾਲਾਂ ਲਈ ਦੇਸ਼ ਦੇ ਗਰੀਬਾਂ, ਮੱਧ ਵਰਗ, ਦਲਿਤਾਂ ਤੇ ਕਬਾਇਲੀ ਲੋਕਾਂ ਲਈ ਕੀਤਾ ਗਿਆ ਹਰ ਕੰਮ ਮਜ਼ਾਕ ਹੈ।’
 

 

 

fbbg-image

Latest News
Magazine Archive