ਚੇਨੱਈ ਤੀਜੀ ਵਾਰ ਬਣਿਆ ਆਈਪੀਐਲ ਚੈਂਪੀਅਨ


ਮੁੰਬਈ - ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਦੀ ਤੇਜ਼ ਰਫ਼ਤਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਅੱਜ ਇਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਦੀ ਕਰਾਰੀ ਸ਼ਿਕੱਸਤ ਦਿੰਦਿਆਂ ਤੀਜੀ ਵਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਵਾਟਸਨ ਨੇ ਹਮਲਾਵਰ ਬੱਲੇਬਾਜ਼ੀ ਦੀ ਜ਼ਬਰਦਸਤ ਮਿਸਾਲ ਪੇਸ਼ ਕਰਦਿਆਂ 57 ਗੇਦਾਂ ਵਿੱਚ 11 ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ ਨਾਬਾਦ 117 ਦੌੜਾਂ ਬਣਾਈਆਂ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਧੀਮੀ ਸ਼ੁਰੂਆਤ ਤੋਂ ਉਭਰਦਿਆਂ 18.3 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 181 ਦੌੜਾਂ ਬਣਾਉਂਦਿਆਂ ਸਾਲ 2011 ਮਗਰੋਂ ਪਹਿਲੀ ਵਾਰ ਖ਼ਿਤਾਬੀ ਜਿੱਤ ਦਰਜ ਕੀਤੀ ਹੈ। ਵਾਟਸਨ ਤੋਂ ਇਲਾਵਾ ਸੁਰੇਸ਼ ਰੈਣਾ ਨੇ 25 ਗੇਂਦਾਂ ’ਤੇ 32 ਜਦੋਂਕਿ ਅੰਬਾਤੀ ਰਾਇਡੂ ਨੇ 19 ਗੇਂਦਾਂ ’ਤੇ ਨਾਬਾਦ 17 ਦੌੜਾਂ ਦੀ ਪਾਰੀ ਖੇਡੀ। ਵਾਟਸਨ ‘ਮੈਨ ਆਫ ਦਿ ਮੈਚ’ ਬਣਿਆ। ਚੇਨੱਈ ਨੇ ਇਸ ਤੋਂ ਪਹਿਲਾਂ ਸਾਲ 2010 ਤੇ 2011 ਵਿੱਚ ਉਪਰੋਥੱਲੀ ਖ਼ਿਤਾਬੀ ਜਿੱਤ ਦਰਜ ਕੀਤੀ ਸੀ। ਹਾਲਾਂਕਿ 2012, 2013 ਤੇ 2015 ਵਿੱਚ ਉਸ ਨੂੰ ਫਾਈਨਲ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਸੀ। ਸਨਰਾਈਜ਼ਰਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਛੇ ਵਿਕਟਾਂ ਦੇ ਨੁਕਸਾਨ ਨਾਲ 178 ਦੌੜਾਂ ਬਣਾਈਆਂ ਸਨ।
ਕਪਤਾਨ ਕੇਨ ਵਿਲੀਅਮਸਨ ਨੇ 36 ਗੇਂਦਾਂ ’ਤੇ 47 ਦੌੜਾਂ ਅਤੇ ਯੂਸੁਫ਼ ਪਠਾਨ ਨੇ 25 ਗੇਂਦਾਂ ’ਤੇ 45 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸ਼ਿਖਰ ਧਵਨ ਨੇ 25 ਗੇਂਦਾਂ ’ਤੇ 26, ਸ਼ਾਕਿਬ ਅਲ ਹਸਨ ਨੇ 15 ਗੇਂਦਾਂ ਵਿੱਚ 23 ਦੌੜਾਂ ਅਤੇ ਕਾਰਲੋਸ ਬ੍ਰੈਥਵੇਟ ਨੇ 11 ਗੇਂਦਾਂ ’ਤੇ 21 ਦੌੜਾਂ ਬਣਾਈਆਂ। ਚੇਨੱਈ ਨੇ ਸ਼ੁਰੂ ਵਿੱਚ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਦੀਪਕ ਚਾਹਰ (25 ਦੌੜਾਂ) ਅਤੇ ਲੁੰਗੀ ਨਗਿਡੀ (26 ਦੌੜਾਂ ਦੇ ਕੇ ਇੱਕ ਵਿਕਟ) ਨੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ, ਜਿਸ ਤੋਂ ਪਹਿਲਾਂ ਚਾਰ ਓਵਰਾਂ ਵਿੱਚ ਸਿਰਫ਼ 17 ਦੌੜਾਂ ਬਣੀਆਂ। ਇੱਕ ਵਾਰ ਗੇਂਦ ਬਾਉਂਡਰੀ ਤੋਂ ਪਾਰ ਗਈ ਅਤੇ ਸ੍ਰੀਵਤਸ ਗੋਸਵਾਮੀ ਰਨ ਆਊਟ ਹੋ ਗਿਆ। ਵਿਲੀਅਮਸਨ ਅਤੇ ਸ਼ਿਖਰ ਧਵਨ ਨੇ ਅਗਲੇ ਦੋ ਓਵਰਾਂ ਵਿੱਚ ਇੱਕ-ਇੱਕ ਛੱਕਾ ਮਾਰਿਆ, ਜਿਸ ਕਾਰਨ ਸਨਰਾਈਜ਼ਰਜ਼ ਪਾਵਰਪਲੇਅ ਖ਼ਤਮ ਹੋਣ ਤਕ 42 ਦੌੜਾਂ ਤੱਕ ਪਹੁੰਚ ਸਕਿਆ। ਇਸ ਦੌਰਾਨ ਵਿਲੀਅਮਸਨ ਨੇ ਆਈਪੀਐਲ 2018 ਵਿੱਚ 700 ਦੌੜਾਂ ਵੀ ਪੂਰੀਆਂ ਕੀਤੀਆਂ। ਕ੍ਰਿਸ ਗੇਲ, ਮਾਈਕਲ ਹਸੀ, ਵਿਰਾਟ ਕੋਹਲੀ ਅਤੇ ਡੇਵਿਡ ਵਾਰਨਰ ਮਗਰੋਂ ਕਿਸੇ ਇੱਕ ਆਈਪੀਐਲ ਟੂਰਨਾਮੈਂਟ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਵਿਲੀਅਮਸਨ ਪੰਜਵਾਂ ਬੱਲੇਬਾਜ਼ ਹੈ। ਗੇਲ ਨੇ ਇਹ ਉਪਲਬਧੀ ਦੋ ਵਾਰ ਹਾਸਲ ਕੀਤੀ ਹੈ। ਸਨਰਾਈਜ਼ਰਜ਼ ਨੇ ਛੇਤੀ ਹੀ ਧਵਨ ਦੀ ਵਿਕਟ ਵੀ ਗੁਆ ਲਈ, ਜੋ ਦੌੜਾਂ ਬਣਾਉਣ ਲਈ ਜੂਝ ਰਿਹਾ ਸੀ। ਧਵਨ ਮਗਰੋਂ ਉਤਰੇ ਸ਼ਾਕਿਬ ਨੇ ਹਾਲਾਂਕਿ ਜਡੇਜਾ ਦੇ ਅਗਲੇ ਓਵਰ ਵਿੱਚ ਛੱਕਾ ਅਤੇ ਚੌਕਾ ਮਾਰ ਚੰਗੀ ਸ਼ੁਰੂਆਤ ਕੀਤੀ। ਕਰਨ ਸ਼ਰਮਾ ਨੇ ਵਿਲੀਅਮਸਨ ਨੂੰ ਨੀਮ ਸੈਂਕੜਾ ਪੂਰਾ ਨਹੀਂ ਕਰਨ ਦਿੱਤਾ। ਹਰਭਜਨ ਸਿੰਘ ਦੀ ਥਾਂ ਆਖ਼ਰੀ ਗਿਆਰਾਂ ਵਿੱਚ ਥਾਂ ਬਣਾਉਣ ਵਾਲੇ ਇਸ ਲੈੱਗ ਸਪਿੱਨਰ ਨੇ ਸਨਰਾਈਜ਼ਰਜ਼ ਦੇ ਕਪਤਾਨ ਨੂੰ ਅੱਗੇ ਵਧਣ ਲਈ ਮਜ਼ਬੂਰ ਕੀਤਾ ਅਤੇ ਮਹਿੰਦਰ ਸਿੰਘ ਧੋਨੀ ਨੇ ਸਟੰਪ ਆਊਟ ਕਰ ਦਿੱਤਾ। ਸ਼ਾਕਿਬ ਰਣਨੀਤਕ ਬੱਲੇਬਾਜ਼ੀ ਕਰ ਰਿਹਾ ਸੀ, ਪਰ ਡਵੈਨ ਬ੍ਰਾਵੋ ਦੀ ਗੇਂਦ ’ਤੇ ਉਹ ਸਹੀ ਤਾਲਮੇਲ ਨਹੀਂ ਬਿਠਾ ਸਕਿਆ ਅਤੇ ਸੁਰੇਸ਼ ਰੈਣਾ ਨੂੰ ਕੈਚ ਦੇ ਬੈਠਿਆ।

 

 

fbbg-image

Latest News
Magazine Archive