ਛੱਤੀਸਗੜ੍ਹ ’ਚ ਨਕਸਲੀ ਹਮਲਾ; 7 ਪੁਲੀਸ ਕਰਮੀ ਹਲਾਕ


ਰਾਇਪੁਰ - ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ ਵਿੱਚ ਅੱਜ ਨਕਸਲੀਆਂ ਨੇ ਧਮਾਕਾ ਕਰ ਕੇ ਪੁਲੀਸ ਦੀ ਗੱਡੀ ਉਡਾ ਦਿੱਤੀ ਜਿਸ ਵਿੱਚ ਸੱਤ ਪੁਲੀਸ ਕਰਮੀ ਮਾਰੇ ਗਏ।
ਇਕ ਸੀਨੀਅਰ ਪੁਲੀਸ ਅਫ਼ਸਰ ਨੇ ਦੱਸਿਆ ਕਿ ਨਕਸਲੀਆਂ ਨੇ ਬਾਰੂਦੀ ਸੁਰੰਗ ਨਾਲ ਉਦੋਂ ਧਮਾਕਾ ਕੀਤਾ ਜਦੋਂ ਛੱਤੀਸਗੜ੍ਹ ਹਥਿਆਰਬੰਦ ਬਲ (ਸੀਏਐਫ) ਅਤੇ ਜ਼ਿਲਾ ਬਲ (ਡੀਐਫ) ਦੀ ਸਾਂਝੀ ਟੀਮ ਚੋਲਨਾਰ-ਕਿਰਾਂਦੁਲ ਮਾਰਗ ’ਤੇ ਗ਼ਸ਼ਤ ਕਰ ਰਹੇ ਸੀ ਤਾਂ ਜੋ ਕਿਰਾਂਦੁਲ ਤੇ ਪਲਨਾਰ ਪਿੰਡਾਂ ਵਿਚਕਾਰ ਸੜਕ ਬਣਾਉਣ ਲਈ ਨਿਰਮਾਣ ਸਮੱਗਰੀ ਲਿਆ ਰਹੇ ਟਰੱਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੁਲੀਸ ਦੀ ਗੱਡੀ ਉੱਛਲ ਕੇ ਨੇੜੇ ਖਤਾਨ ਵਿੱਚ ਜਾ ਡਿੱਗੀ। ਪੰਜ ਪੁਲੀਸ ਕਰਮੀ ਥਾਏਂ ਮਾਰੇ ਗਏ ਤੇ ਦੋ ਨੂੰ ਕਿਰਾਂਦੁਲ ਵਿੱਚ ਐਨਐਮਡੀਸੀ ਦੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ’ਚੋਂ ਇਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਦੂਜੇ ਨੂੰ ਹਵਾਈ ਉਡਾਣ ਰਾਹੀਂ ਰਾਇਪੁਰ ਲਿਆਂਦਾ ਗਿਆ ਜਿੱਥੇ ਪਹੁੰਚ ਕੇ ਉਹ ਵੀ ਦਮ ਤੋੜ ਗਿਆ।
ਪੁਲੀਸ ਅਫ਼ਸਰ ਨੇ ਦੱਸਿਆ ਕਿ ਮਾਰੇ ਗਏ ਪੁਲੀਸ ਕਰਮੀਆਂ ਦੀ ਪਛਾਣ ਹੈੱਡ ਕਾਂਸਟੇਬਲ ਰਾਮਕੁਮਾਰ ਯਾਦਵ, ਕਾਂਸਟੇਬਲ ਟਿਕੇਸ਼ਵਰ ਧਰੁਵ ਅਤੇ ਸਹਾਇਕ ਕਾਂਸਟੇਬਲ ਸ਼ਾਲਿਕ ਰਾਮ ਸਿਨਹਾ ਵਜੋਂ ਹੋਈ ਹੈ। ਅਫ਼ਸਰ ਨੇ ਦੱਸਿਆ ਕਿ ਸੀਏਐਫ ਦੀ 16ਵੀਂ ਬਟਾਲੀਅਨ ਤੋਂ ਹੈੱਡ ਕਾਂਸਟੇਬਲ ਵਿਕਰਮ ਯਾਦਵ ਤੇ ਕਾਂਸਟੇਬਲ ਰਾਜੇਸ਼ ਕੁਮਾਰ ਸਿੰਘ, ਰਵੀਨਾਥ ਪਟੇਲ ਤੇ ਅਰਜਨ ਰਾਜਭਰ ਹਮਲੇ ਵਿੱਚ ਮਾਰੇ ਗਏ ਹਨ। ਨਕਸਲੀਆਂ ਨੇ ਪੁਲੀਸ ਕਰਮੀਆਂ ਕੋਲੋਂ ਦੋ ਏਕੇ-47 ਰਾਈਫਲਾਂ ਤੇ ਇੰਨੀਆਂ ਹੀ ਇਨਸਾਸ ਅਤੇ ਸੈਲਫ ਲੋਡਿੰਗ ਰਾਈਫਲਾਂ ਲੁੱਟ ਲਈਆਂ।
ਪੁਲੀਸ ਸੂਤਰਾਂ ਦਾ ਖਿਆਲ ਹੈ ਕਿ ਇਹ ਹਮਲਾ ਹਾਲ ਹੀ ਵਿੱਚ ਗੜਚਿਰੌਲੀ  (ਮਹਾਰਾਸ਼ਟਰ), ਮਲਕਾਂਗਿਰੀ (ਉੜੀਸਾ) ਅਤੇ ਬੀਜਾਪੁਰ (ਛੱਤੀਸਗੜ੍ਹ) ਵਿੱਚ ਹੋਏ ਮੁਕਾਬਲਿਆਂ ਦਾ ਬਦਲਾ ਲੈਣ ਲਈ ਕੀਤਾ ਗਿਆ ਹੋ ਸਕਦਾ ਹੈ ਜਿਨ੍ਹਾਂ ਵਿੱਚ ਬਹੁਤ ਸਾਰੇ ਨਕਸਲੀ ਮਾਰੇ ਗਏ ਸਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਕ ਟਵੀਟ ਰਾਹੀਂ ਹਮਲੇ ਦੀ ਕਰੜੀ ਨਿਖੇਧੀ ਕੀਤੀ ਤੇ ਮਰਨ ਵਾਲੇ ਪੁਲੀਸ ਕਰਮੀਆਂ ਪ੍ਰਤੀ ਦੁੱਖ ਪ੍ਰਗਟਾਇਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇਸ ਨੂੰ ਕਾਇਰਤਾਪੂਰਨ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਨਕਸਲੀਆਂ ਦੀ ਵਿਕਾਸ ਵਿਰੋਧੀ ਸੋਚ ਬੇਨਕਾਬ ਹੋ ਗਈ ਹੈ।
 

 

 

fbbg-image

Latest News
Magazine Archive