‘ਆਪ’ ਦੇ ਕਰਨਲ ਕੰਬੋਜ ਤੇ ਵਾਲੀਆ ਅਕਾਲੀ ਦਲ ’ਚ ਸ਼ਾਮਲ


ਜਲੰਧਰ - ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਦੋ ਆਗੂ ਕਰਨਲ (ਸੇਵਾਮੁਕਤ) ਸੀ ਡੀ ਸਿੰਘ ਕੰਬੋਜ ਅਤੇ ਐਚ ਐਸ ਵਾਲੀਆ ਅਕਾਲੀ ’ਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਵੇਂ ਆਗੂਆਂ ਨੂੰ ਖੁਦ ਪਾਰਟੀ ’ਚ ਸ਼ਾਮਲ ਕੀਤਾ। ਜਲੰਧਰ ਛਾਉਣੀ ਤੋਂ ‘ਆਪ’ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਵਾਲੀਆ ਦੇ ਘਰ ਸਵੇਰੇ ਖੁਦ ਸੁਖਬੀਰ ਬਾਦਲ ਗਏ ਅਤੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਤੋਂ ਬਾਅਦ ਨਕੋਦਰ ’ਚ ‘ਆਪ’ ਦੇ ਸੀਨੀਅਰ ਆਗੂ ਕਰਨਲ (ਸੇਵਾਮੁਕਤ) ਸੀ ਡੀ ਕੰਬੋਜ ਦਾ ਉਨ੍ਹਾਂ ਅਕਾਲੀ ਦਲ ’ਚ ਸਵਾਗਤ ਕੀਤਾ। ਸ੍ਰੀ ਕੰਬੋਜ ਕਾਂਗਰਸ ਉਮੀਦਵਾਰ ਵਜੋਂ ਦੋ ਵਾਰ ਸ਼ਾਹਕੋਟ ਹਲਕੇ ਤੋਂ ਚੋਣ ਲੜ ਚੁੱਕੇ ਹਨ ਪਰ ਦੋਵੋਂ ਵਾਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸਾਲ 2016 ’ਚ ਸ੍ਰੀ ਕੰਬੋਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਹ ਬਸਪਾ ਦੇ ਵੀ ਪ੍ਰਧਾਨ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਦੋਵੇਂ ਆਗੂਆਂ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸ੍ਰੀ ਬਾਦਲ ਨੇ ਬਿਆਸ ਦਰਿਆ ’ਚ ਘੁਲੀਆਂ ਜ਼ਹਿਰਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਧਾਰਮਿਕ ਸਲਾਹਕਾਰਾਂ ਸਰਨਾ ਭਰਾਵਾਂ ਨੇ ਬਿਆਸ ਦਰਿਆ ਜ਼ਹਿਰੀਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਆਸ ਨੂੰ ਜ਼ਹਿਰੀਲਾ ਕਰਨ ਵਾਲਿਆਂ ਲਈ 25 ਲੱਖ ਜੁਰਮਾਨਾ ਕੋਈ ਸਜ਼ਾ ਨਹੀਂ ਹੈ ਅਤੇ ਪਾਣੀਆਂ ’ਚ ਜ਼ਹਿਰ ਘੋਲਣ ਵਾਲਿਆਂ ਨੂੰ ਜੇਲ੍ਹ ਅੰਦਰ ਸੁੱਟਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਵਾਤਾਵਰਨ ਮੰਤਰੀ ਓ ਪੀ ਸੋਨੀ ਤੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੀੜੀ ਅਫਗਾਨਾ ਮਿੱਲ ਕਾਰਨ ਜ਼ਹਿਰੀਲਾ ਹੋਇਆ ਪਾਣੀ ਫਰੀਦਕੋਟ ਦੀਆਂ ਨਹਿਰਾਂ ਤੱਕ ਪਹੁੰਚ ਚੁੱਕਾ ਹੈ। ‘ਮਾਲਵੇ ’ਚ ਕਈ ਪਿੰਡਾਂ ਦੇ ਲੋਕ ਇਹ ਪਾਣੀ ਪੀਂਦੇ ਹਨ ਅਤੇ ਇਸੇ ਕਾਰਨ ਉੱਥੇ ਕੈਂਸਰ ਫੈਲ ਰਿਹਾ ਹੈ।’ ਅਕਾਲੀ ਦਲ ਆਗੂ ਨੇ ਕਿਹਾ ਕਿ ਪਾਣੀ ਨੂੰ ਦੂਸ਼ਿਤ ਕਰਨ ਅਤੇ ਕਾਰਵਾਈ ਕਰਨ ਵਾਲੇ ਵੀ ਕਾਂਗਰਸੀ ਹੀ ਹਨ।
ਸ਼ਾਹਕੋਟ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼ਾਹਕੋਟ ਵਿੱਚ ਚੋਣ ਪਿੜ ਭਖਾਉਂਦਿਆਂ ਬਲਾਕ ਮਹਿਤਪੁਰ ਦੇ ਪਿੰਡ ਅਵਾਨ ਖਾਲਸਾ, ਬਘੇਲਾ, ਉਮਰੇਵਾਲ ਬਿੱਲੇ, ਹਰੀਪੁਰ, ਸੰਗੋਵਾਲ, ਝੁੱਗੀਆਂ , ਆਦਰਾਮਾਨ, ਟਰੱਕ ਯੂਨੀਅਨ ਨਕੋਦਰ ਤੇ ਮਹਿਤਪੁਰ ਵਿੱਚ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ ਤੇ ਵਿਰੋਧੀਆਂ ’ਤੇ ਨਿਸ਼ਾਨੇ ਲਾਏ।
ਰਾਣਾ ਗੁਰਜੀਤ ’ਤੇ ਅਕਾਲੀ ਸਰਪੰਚਾਂ ਨੂੰ ਧਮਕਾਉਣ ਦੇ ਦੋਸ਼
ਸੁਖਬੀਰ ਬਾਦਲ ਨੇ ਦੋਸ਼ ਲਗਾਏ ਕਿ ਸ਼ਾਹਕੋਟ ਚੋਣ ਪ੍ਰਚਾਰ ’ਚ ਸਾਬਕਾ ਮੰਤਰੀ ਰਾਣਾ ਗੁਰਜੀਤ ਵੱਲੋਂ ਅਕਾਲੀ ਸਰਪੰਚਾਂ ਅਤੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੁਲੀਸ ਕੋਲੋਂ ਬੂਥਾਂ ’ਤੇ ਕਬਜ਼ੇ ਕਰਵਾਉਣ ਦੀ ਵਿਉਂਤ ਬਣਾਈ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣ ਅਤੇ ਬੂਥਾਂ ਦੀ ਵੀਡਿਓਗ੍ਰਾਫੀ ਕਰਵਾਉਣ ਦੀ ਮੰਗ ਕੀਤੀ ਹੈ।

 

 

fbbg-image

Latest News
Magazine Archive