ਪੰਜਾਬ ਅਤੇ ਮੁੰਬਈ ਆਈਪੀਐਲ ਤੋਂ ਬਾਹਰ


ਪੁਣੇ - ਕਿੰਗਜ਼ ਇਲੈਵਨ ਪੰਜਾਬ ਅਤੇ ਤਿੰਨ ਵਾਰ ਦੀ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਅੱਜ ਆਪੋ-ਆਪਣੇ ਮਕਾਬਲੇ ਹਾਰ ਕੇ ਆਈਪੀਐਲ-11 ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ। ਕਿੰਗਜ਼ ਇਲੈਵਨ ਪੰਜਾਬ ਅੱਜ ਚੇਨੱਈ ਸੁਪਰਕਿੰਗਜ਼ ਤੋਂ ਪੰਜ ਵਿਕਟਾਂ ਨਾਲ ਹਾਰ ਗਈ, ਜਦੋਂਕਿ ਮੁੰਬਈ ਇੰਡੀਅਨਜ਼ ਨੂੰ ਦਿੱਲੀ ਡੇਅਰਡੈਵਿਲਜ਼ ਤੋਂ 11 ਦੌੜਾਂ ਨਾਲ ਹਾਰ ਝੱਲਣੀ ਪਈ। ਚੇਨੱਈ ਸੁਪਰਕਿੰਗਜ਼ ਨੇ ਪੰਜਾਬ ਨੂੰ ਅੱਜ ਇੱਥੇ ਪੰਜ ਵਿਕਟਾਂ ਨਾਲ ਹਰਾ ਕੇ ਆਈਪੀਐਲ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਪਹਿਲਾਂ ਹੀ ਪਲੇਅ-ਆਫ ਵਿੱਚ ਥਾਂ ਬਣਾ ਚੁੱਕੀ ਚੇਨੱਈ ਨੂੰ ਇਸ ਜਿੱਤ ਨਾਲ ਵੱਧ ਮਜ਼ਬੂਤੀ ਮਿਲੀ ਹੈ ਅਤੇ ਉਹ 14 ਮੈਚਾਂ ਵਿੱਚੋਂ ਨੌਂ ਜਿੱਤਾਂ ਨਾਲ ਦੂਜੇ ਨੰਬਰ ’ਤੇ ਪਹੁੰਚ ਗਈ ਹੈ, ਜਦੋਂਕਿ 14 ਮੈਚਾਂ ਵਿੱਚ ਅੱਠ ਹਾਰਾਂ ਨਾਲ ਸੱਤਵੇਂ ਨੰਬਰ ’ਤੇ ਰਹਿੰਦਿਆਂ ਪੰਜਾਬ ਦੀ ਮੁਿਹੰਮ ਖ਼ਤਮ ਹੋ ਗਈ ਹੈ।
ਚੇਨੱਈ ਦੇ ਤੇਜ਼ ਗੇਂਦਬਾਜ਼ ਲੁੰਗੀ ਨਗਿਡੀ ਨੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਪੰਜਾਬ ਨੂੰ 153 ਦੌੜਾਂ ’ਤੇ ਢੇਰ ਕਰ ਦਿੱਤੀ। ਇਸ ਤੋਂ ਬਾਅਦ ਚੇਨੱਈ ਨੇ ਪੰਜ ਵਿਕਟਾਂ ਪਿੱਛੇ 159 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਚੇਨੱਈ ਲਈ ਨਗਿਡੀ ਨੇ ਦਸ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਸ਼ਰਦੁਲ ਠਾਕੁਰ ਅਤੇ ਡਵੈਨ ਬ੍ਰਾਵੋ ਨੇ ਕ੍ਰਮਵਾਰ 33 ਅਤੇ 39 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ, ਜਿਸ ਕਾਰਨ ਪੰਜਾਬ ਦੀ ਪੂਰੀ ਟੀਮ 19.4 ਓਵਰਾਂ ਹੀ ਖੇਡ ਸਕੀ। ਕਰੁਣ ਨਾਇਰ ਨੇ ਅਖ਼ੀਰ ਵਿੱਚ ਪੰਜਾਬ ਦੀ ਇੱਜ਼ਤ ਰੱਖੀ, ਜਿਸ ਨੇ 26 ਗੇਂਦਾਂ ’ਤੇ 54 ਦੌੜਾਂ ਬਣਾਉਂਦਿਆਂ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਉਸ ਤੋਂ ਇਲਾਵਾ ਮਨੋਜ ਤਿਵਾੜੀ (35) ਅਤੇ ਡੇਵਿਡ ਮਿੱਲਰ (24) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ। ਦੋਵਾਂ ਨੇ ਚੌਥੀ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪੰਜਾਬ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਗੇਂਦਬਾਜ਼ਾਂ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਟੀਮ ਚੌਥੇ ਓਵਰ ਵਿੱਚ 16 ਦੌੜਾਂ ’ਤੇ ਹੀ ਤਿੰਨ ਵਿਕਟਾਂ ਗੁਆਉਣ ਮਗਰੋਂ ਸੰਕਟ ਵਿੱਚ ਆ  ਗਈ। ਕ੍ਰਿਸ ਗੇਲ ਬਿਨਾਂ ਖਾਤੇ ਖੋਲ੍ਹੇ ਹੀ ਆਊਟ ਹੋ ਗਿਆ। ਅਰੋਨ ਫਿੰਚ ਨੇ ਚਾਰ ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਕੁੱਝ ਖ਼ਾਸ ਨਹੀਂ ਕਰ ਸਕਿਆ। ਉਹ ਸੱਤ ਦੌੜਾਂ ਬਣਾ ਕੇ ਨਗਿਡੀ ਦੀ ਗੇਂਦ ’ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਮਨੋਜ ਤਿਵਾੜੀ (35) ਅਤੇ ਡੇਵਿਡ ਮਿੱਲਰ ਨੇ ਪਾਰੀ ਨੂੰ ਸੰਭਾਲਿਆ।  ਟੀਚੇ ਦਾ ਪਿੱਛਾ ਕਰਨ ਉਤਰੀ ਚੇਨੱਈ ਦੀ ਸ਼ੁਰੂਆਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਰਹੀ। ਉਸ ਦੀ ਪਹਿਲੀ ਵਿਕਟ ਸਲਾਮੀ ਬੱਲੇਬਾਜ਼ ਅੰਬਾਤੀ ਰਾਇਡੂ (ਇੱਕ) ਦੇ ਰੂਪ ਵਿੱਚ ਡਿੱਗ ਗਈ। ਉਸ ਤੋਂ ਬਾਅਦ ਪੰਜਵੇਂ ਓਵਰ ਵਿੱਚ 27 ਦੌੜਾਂ ’ਤੇ ਫਾਫ ਡੂ ਪਲੈਸਿਸ (14) ਅਤੇ ਸੈਮ ਬਿਲਿੰਗ (ਸਿਫਰ) ਆਊਟ ਹੋ ਗਏ। ਇਸ ਤੋਂ ਬਾਅਦ ਸੁਰੇਸ਼ ਰੈਣਾ (48 ਗੇਂਦਾਂ ’ਤੇ 61 ਦੌੜਾਂ)  ਅਤੇ ਦੀਪਕ ਚਾਹਰ (39) ਨੇ ਟੀਮ ਨੂੰ ਸੰਭਾਲਿਆ ਅਤੇ ਰੈਣਾ ਨੇ ਕਪਤਾਨ ਧੋਨੀ (16 ਦੌੜਾਂ) ਨਾਲ ਮਿਲ ਕੇ ਟੀਮ ਨੂੰ ਜਿੱਤ ਦੇ ਟੀਚੇ ਤਕ ਪਹੁੰਚਾਇਆ।
ਦਿੱਲੀ ਡੇਅਰਡੈਵਿਲਜ਼ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ - ਦਿੱਲੀ ਡੇਅਰਡੈਵਿਲਜ਼ ਨੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 11 ਦੌੜਾਂ ਨਾਲ ਹਰਾ ਕੇ ਅੱਜ ਆਈਪੀਐਲ-11 ਤੋਂ ਬਾਹਰ ਕਰ ਦਿੱਤਾ ਹੈ। ਇਸ ਜਿੱਤ ਵਿੱਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (64 ਦੌੜਾਂ) ਦੇ ਸ਼ਾਨਦਾਰ ਨੀਮ ਸੈਂਕੜੇ ਅਤੇ ਨੇਪਾਲੀ ਫ਼ਿਰਕੀ ਗੇਂਦਬਾਜ਼ਾਂ ਸੰਦੀਪ ਲਾਮਿਛਾਨੇ ਤੇ ਅਮਿਤ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ। ਦਿੱਲੀ ਨੇ ਚਾਰ ਵਿਕਟਾਂ ’ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਮਗਰੋਂ ਮੁੰਬਈ ਦੀ ਪੂਰੀ ਟੀਮ 19.3 ਓਵਰਾਂ ਵਿੱਚ 163 ਦੌੜਾਂ ’ਤੇ ਹੀ ਢੇਰ ਕਰ ਦਿੱਤੀ। ਇਸ ਹਾਰ ਨਾਲ ਮੁੰਬਈ ਦੀਆਂ ਪਲੇਆਫ ਵਿੱਚ ਜਾਣ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਮੁੰਬਈ ਦੀ 14 ਮੈਚਾਂ ਵਿੱਚ ਇਹ ਅੱਠਵੀਂ ਹਾਰ ਹੈ ਅਤੇ ਉਸ ਨੂੰ 12 ਅੰਕਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਦਿੱਲੀ ਦੀ 14 ਮੈਚਾਂ ਵਿੱਚ ਇਹ ਪੰਜਵੀਂ ਜਿੱਤ ਹੈ ਅਤੇ ਉਸ 10 ਅੰਕਾਂ ਅਤੇ ਅੱਠਵੇਂ ਸਥਾਨ ’ਤੇ ਰਹਿੰਦਿਆਂ ਆਪਣੀ ਮੁਹਿੰਮ ਖ਼ਤਮ ਕਰ ਦਿੱਤੀ ਹੈ। ਦਿੱਲੀ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਆਪਣੇ ਆਖ਼ਰੀ ਦੋਵੇਂ ਮੈਚ ਜਿੱਤੇ ਹਨ।  ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਨੂੰ ਨੇਪਾਲ ਦੇ 17 ਸਾਲਾ ਲੈੱਗ ਸਪਿੰਨਰ ਸੰਦੀਪ ਲਾਮਿਛਾਨੇ ਨੇ ਪਹਿਲੇ ਓਵਰ ਵਿੱਚ ਪਹਿਲਾ ਝਟਕਾ ਦਿੰਦਿਆਂ ਸੂਰਿਆ ਕੁਮਾਰ ਯਾਦਵ ਨੂੰ ਆਊਟ ਕੀਤਾ। ਸੂਰਿਆ 12 ਦੌੜਾਂ ਹੀ ਬਣਾ ਸਕਿਆ। ਲਾਮਿਛਾਨੇ ਨੇ ਫਿਰ 10ਵੇਂ ਓਵਰ ਵਿੱਚ ਕੀਰੋਨ ਪੋਲਾਰਡ (ਸੱਤ) ਅਤੇ ਕੁਰਣਾਲ ਪਾਂਡਿਆ (ਚਾਰ) ਦਾ ਸ਼ਿਕਾਰ ਕੀਤਾ।ਮੁੰਬਈ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਪਤਾਨ ਰੋਹਿਤ ਸ਼ਰਮਾ (13 ਦੌੜਾਂ) ਵੀ ਛੇਤੀ ਹੀ ਆਊਟ ਹੋ ਗਿਆ। ਰੋਹਿਤ ਦੇ ਆਊਟ ਹੋਣ ਮੌਕੇ ਟੀਮ ਨੇ 121 ਦੌੜਾਂ ਬਣਾਈਆਂ ਸਨ। ਰਿਸ਼ਭ ਪੰਤ (44 ਗੇਂਦਾਂ ’ਤੇ 64 ਦੌੜਾਂ) ਦੇ ਸ਼ਾਨਦਾਰ ਨੀਮ ਸੈਂਕੜੇ ਅਤੇ ਵਿਜੇ ਸ਼ੰਕਰ (ਨਾਬਾਦ 43) ਨਾਲ ਚੌਥੇ ਵਿਕਟ ਲਈ 64 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਕਰਕੇ ਦਿੱਲੀ ਨੇ ਚਾਰ ਵਿਕਟਾਂ ’ਤੇ 174 ਦੌੜਾਂ ’ਤੇ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ।
 

 

 

fbbg-image

Latest News
Magazine Archive