ਕਰਨਾਟਕ ਵਿੱਚ ਬਹੁਮਤ ਦੀ ਪਰਖ ਅੱਜ


ਨਵੀਂ ਦਿੱਲੀ/ਬੰਗਲੌਰ - ਸੁਪਰੀਮ ਕੋਰਟ ਨੇ ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬੀ.ਐਸ. ਯੇਡੀਯੁਰੱਪਾ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਭਲਕੇ ਸ਼ਨਿਚਰਵਾਰ ਨੂੰ ਸਾਬਤ ਕਰਨ ਦਾ ਹੁਕਮ ਦਿੱਤਾ ਹੈ, ਜਦੋਂਕਿ ਰਾਜਪਾਲ ਨੇ ਉਨ੍ਹਾਂ ਨੂੰ ਇਸ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਸੀਕਰੀ, ਜਸਟਿਸ ਐਸ.ਏ. ਬੋਬੜੇ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਬਹੁਮਤ ਸਾਬਤ ਕਰਨ ਲਈ ਸ਼ਨਿਚਰਵਾਰ ਸ਼ਾਮ 4 ਵਜੇ ਦਾ ਸਮਾਂ ਵੀ ਮਿੱਥ ਦਿੱਤਾ ਹੈ। ਸ੍ਰੀ ਯੇਡੀਯੁਰੱਪਾ ਨੇ ਕਿਹਾ ਕਿ ਉਹ ਬਹੁਮਤ ਸਾਬਤ ਕਰ ਲੈਣਗੇ। ਉਨ੍ਹਾਂ ਦੇ ਵਿਰੋਧੀ ਕਾਂਗਰਸ-ਜੇਡੀ(ਐਸ) ਗੱਠਜੋੜ ਦੇ ਮੁੱਖ ਮੰਤਰੀ ਦੇ ਉਮੀਦਵਾਰ ਐਚ.ਡੀ. ਕੁਮਾਰਸਵਾਮੀ ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ।
ਅੱਜ ਦੁਪਹਿਰ 12 ਵਜੇ ਦੇ ਕਰੀਬ ਜਦੋਂ ਬੈਂਚ ਨੇ ਇਹ ਫ਼ੈਸਲਾ ਸੁਣਾਇਆ, ਉਦੋਂ ਭਾਜਪਾ ਕੋਲ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦੀ ਥਾਂ ਮਹਿਜ਼ 28 ਘੰਟੇ ਦਾ ਸਮਾਂ ਹੀ ਬਚਿਆ ਸੀ। ਭਾਜਪਾ ਤੇ ਸ੍ਰੀ ਯੇਡੀਯੁਰੱਪਾ ਵੱਲੋਂ ਪੇਸ਼ ਵਕੀਲ ਮੁਕੁਲ ਰੋਹਤਗੀ ਨੇ ਦਿੱਤੇ ਜਾ ਰਹੇ ਸਮੇਂ ਨੂੰ ਬਹੁਤ ਘੱਟ ਕਰਾਰ ਦਿੰਦਿਆਂ ਘੱਟੋ-ਘੱਟ ਸੋਮਵਾਰ ਤੱਕ ਦਾ ਸਮਾਂ ਦੇਣ ਦੀ ਅਪੀਲ ਕੀਤੀ ਪਰ ਬੈਂਚ ਨੇ ਇਸ ਨੂੰ ਨਹੀਂ ਮੰਨਿਆ। ਦੂਜੇ ਪਾਸੇ ਪਟੀਸ਼ਨਰ ਕਾਂਗਰਸ-ਜੇਡੀ(ਐਸ) ਵੱਲੋਂ ਪੇਸ਼ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਬਹੁਮਤ ਸਾਬਤ ਕਰਨ ਲਈ ਤਿਆਰ ਹਨ, ਜਿਸ ਨੂੰ ਬੈਂਚ ਨੇ ਮੰਨ ਲਿਆ।
ਬੈਂਚ ਨੇ ਕਿਹਾ, ‘‘ਫ਼ੈਸਲਾ ਸਦਨ (ਵਿਧਾਨ ਸਭਾ) ਨੂੰ ਕਰਨ ਦਿੱਤਾ ਜਾਵੇ ਤੇ ਸਹੀ ਤਰੀਕਾ ਉਥੇ ਬਹੁਮਤ ਦੀ ਪਰਖ ਹੀ ਹੋਵੇਗਾ।’’ ਇਸ ਦੇ ਨਾਲ ਹੀ ਬੈਂਚ ਨੇ ਰਾਜਪਾਲ ਵੱਲੋਂ ਕੀਤੀ ਐਂਗਲੋ-ਇੰਡੀਅਨ ਮੈਂਬਰ ਦੀ ਨਿਯੁਕਤੀ ਰੱਦ ਕਰਦਿਆਂ ਉਨ੍ਹਾਂ ਨੂੰ ਬਹੁਮਤ ਸਾਬਤ ਹੋਣ ਤੋਂ ਪਹਿਲਾਂ ਅਜਿਹੀ ਕੋਈ ਨਾਮਜ਼ਦਗੀ ਨਾ ਕਰਨ ਲਈ ਕਿਹਾ ਹੈ। ਨਵੀਂ ਸਰਕਾਰ ਨੂੰ ਹਾਲ ਦੀ ਘੜੀ ਕੋਈ ਨੀਤੀਗਤ ਫ਼ੈਸਲਾ ਵੀ ਨਾ ਲੈਣ ਲਈ ਆਖਿਆ ਹੈ। ਬੈਂਚ ਨੇ ਕਿਹਾ ਕਿ ਰਾਜਪਾਲ ਵੱਲੋਂ ਸ੍ਰੀ ਯੇਡੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਦੀ ਸੰਵਿਧਾਨਕ ਵਾਜਬੀਅਤ ਦੀ ਨਿਰਖ-ਪਰਖ ਬਾਅਦ ਵਿੱਚ ਕੀਤੀ ਜਾਵੇਗੀ। ਬੈਂਚ ਨੇ ਹੁਕਮ ਦਿੱਤਾ ਕਿ ਬਹੁਮਤ ਦਾ ਫ਼ੈਸਲੇ ਲਈ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਜਾਵੇ, ਜੋ ਕਾਨੂੰਨ ਮੁਤਾਬਕ ਕਾਰਵਾਈ ਕਰਵਾਏ। ਸੂਬਾਈ ਪੁਲੀਸ ਮੁਖੀ ਨੂੰ ਸਦਨ ਦੇ ਬਾਹਰ ਅਮਨ-ਕਾਨੂੰਨ ਬਣਾਈ ਰੱਖਣ ਲਈ ਕਿਹਾ ਗਿਆ ਹੈ।
ਬੰਗਲੌਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਯੇਡੀਯੁਰੱਪਾ ਨੇ ਦਾਅਵਾ ਕੀਤਾ ਕਿ ਉਹ ਬਹੁਮਤ ਸਾਬਤ ਕਰ ਲੈਣਗੇ। ਉਨ੍ਹਾਂ ਕਿਹਾ, ‘‘ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਾਂਗੇ… ਸਾਡੇ ਕੋਲ ਬਹੁਮਤ ਸਾਬਤ ਕਰਨ ਲਈ 100 ਫ਼ੀਸਦੀ ਹਮਾਇਤ ਹੈ।’’ ਦੂਜੇ ਪਾਸੇ ਕਾਂਗਰਸ-ਜੇਡੀ(ਐਸ) ਦੇ ਮੁੱਖ ਮੰਤਰੀ ਦੇ ਉਮੀਦਵਾਰ ਐਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਧਾਇਕਾਂ ਵਿੱਚ ‘ਪੂਰਾ ਭਰੋਸਾ’ ਹੈ ਅਤੇ ਉਹ ਕਾਂਗਰਸੀ ਆਗੂਆਂ ਦੇ ‘ਆਸ਼ੀਰਵਾਦ ਤੇ ਹਮਾਇਤ’ ਨਾਲ ਬਹੁਮਤ ਸਾਬਤ ਕਰ ਲੈਣਗੇ। ਜੇਡੀ(ਐਸ) ਦੇ ਐਮਐਲਸੀ ਬਸਵਾਰਾਜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ 36 ਤੇ ਕਾਂਗਰਸ ਦੇ 77 ਵਿਧਾਇਕ ਹੋਟਲ ਵਿੱਚ ਇਕਮੁੱਠ ਹਨ। ਕਾਂਗਰਸ ਨੇ ਫ਼ੈਸਲੇ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਦਲ ਦੀ ਅੱਜ ਹੈਦਰਾਬਾਦ ਵਿੱਚ ਹੋਈ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਗ਼ੌਰਤਲਬ ਹੈ ਕਿ ਭਾਜਪਾ ਦੇ ‘ਨਾਜਾਇਜ਼ ਸ਼ਿਕਾਰ’ ਤੋਂ ਬਚਣ ਲਈ ਕਾਂਗਰਸ ਵਿਧਾਇਕ ਬੀਤੀ ਰਾਤ ਤੋਂ ਹੈਦਰਾਬਾਦ ਦੇ ਇਕ ਹੋਟਲ ਵਿੱਚ ਰੁਕੇ ਹੋਏ ਹਨ।
ਪ੍ਰੋਟੈੱਮ ਸਪੀਕਰ ਦੀ ਨਿਯੁਕਤੀ ਨੂੰ ਵੀ ਸੁਪਰੀਮ ਕੋਰਟ ’ਚ ਚੁਣੌਤੀ
ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਨਿਯੁਕਤ ਕੀਤੇ ਪ੍ਰੋਟੈੱਮ ਸਪੀਕਰ ਕੇ.ਜੀ. ਬੋਪਈਆ ’ਤੇ ਵੀ ਵਿਵਾਦ ਪੈਦਾ ਹੋ ਗਿਆ ਹੈ। ਕਾਂਗਰਸ-ਜੇਡੀ(ਐਸ) ਗੱਠਜੋੜ ਨੇ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਗ਼ੌਰਤਲਬ ਹੈ ਕਿ ਰਵਾਇਤਨ ਪ੍ਰੋਟੈੱਮ ਭਾਵ ਕੰਮ-ਚਲਾਊ ਸਪੀਕਰ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਬਣਾਇਆ ਜਾਂਦਾ ਹੈ, ਜਿਸ ਮੁਤਾਬਕ ਕਾਂਗਰਸ ਦੇ ਵਿਧਾਇਕ ਆਰ.ਵੀ. ਦੇਸ਼ਪਾਂਡੇ ਦੀ ਨਿਯੁਕਤੀ ਬਣਦੀ ਸੀ ਪਰ ਰਾਜਪਾਲ ਨੇ ਇਸ ਦੀ ਥਾਂ ਭਾਜਪਾ ਦੇ ਸਭ ਤੋਂ ਸੀਨੀਅਰ ਪਰ ਵਿਵਾਦਗ੍ਰਸਤ ਵਿਧਾਇਕ ਸ੍ਰੀ ਬੋਪਈਆ ਨੂੰ ਨਿਯੁਕਤ ਕਰ ਕੇ ਅਹੁਦੇ ਦੀ ਸਹੁੰ ਵੀ ਚੁਕਵਾ ਦਿੱਤੀ।

 

 

 

fbbg-image

Latest News
Magazine Archive