ਜਸਟਿਸ ਚੇਲਾਮੇਸ਼ਵਰ ਨੇ ਚੀਫ ਜਸਟਿਸ ਨਾਲ ਮੰਚ ਕੀਤਾ ਸਾਂਝਾ


ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਜੇ. ਚੇਲਾਮੇਸ਼ਵਰ ਨੇ ਅੱਜ ਆਪਣੇ ਆਖ਼ਰੀ ਕੰਮ-ਕਾਜੀ ਦਿਨ ਇਥੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਦੀਪਕ ਮਿਸ਼ਰਾ ਨਾਲ ਅਦਾਲਤੀ ਮੰਚ ਸਾਂਝਾ ਕੀਤਾ। ਗ਼ੌਰਤਲਬ ਹੈ ਕਿ ਜਸਟਿਸ ਚੇਲਾਮੇਸ਼ਵਰ ਨੇ ਬੀਤੀ 12 ਜਨਵਰੀ ਨੂੰ ਜਸਟਿਸ ਮਿਸ਼ਰਾ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰ ਕੇ ਇਕ ਤਰ੍ਹਾਂ ਬਗ਼ਾਵਤ ਦਾ ਝੰਡਾ ਚੁੱਕ ਲਿਆ ਸੀ ਅਤੇ ਉਦੋਂ ਤੋਂ ਦੋਵਾਂ ਦੇ ਸਬੰਧ ਸੁਖਾਵੇਂ ਨਹੀਂ ਸਨ।
ਅਧਿਕਾਰਤ ਤੌਰ ’ਤੇ ਜਸਟਿਸ ਚੇਲਾਮੇਸ਼ਵਰ ਦੀ ਸੇਵਾ-ਮੁਕਤੀ 22 ਜੂਨ ਨੂੰ ਹੈ, ਪਰ ਸ਼ਨਿਚਰਵਾਰ ਤੋਂ ਸੁਪਰੀਮ ਕੋਰਟ ਦੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਕਾਰਨ ਅਮਲੀ ਤੌਰ ’ਤੇ ਉਨ੍ਹਾਂ ਦਾ ਆਖ਼ਰੀ ਕੰਮ-ਕਾਜੀ ਦਿਨ ਅੱਜ ਹੀ ਸੀ, ਕਿਉਂਕਿ 22 ਜੂਨ ਦੀ ਤਾਰੀਖ਼ ਛੁੱਟੀਆਂ ਵਿੱਚ ਹੀ ਲੰਘ ਜਾਵੇਗੀ। ਉਹ ਅੱਜ ਸੀਜੇਆਈ ਦੀ ਅਗਵਾਈ ਵਾਲੇ ਬੈਂਚ ਵਿੱਚ ਬੈਠੇ, ਜਿਸ ਵਿੱਚ ਤੀਜੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਸਨ। ਸੁਪਰਮ ਕੋਰਟ ਦੀ ਇਹ ਰਵਾਇਤ ਹੈ ਕਿ ਸੇਵਾ-ਮੁਕਤ ਹੋਣ ਵਾਲੇ ਜੱਜ ਨੂੰ ਆਖ਼ਰੀ ਦਿਨ ਪ੍ਰਭਾਵਸ਼ਾਲੀ ਕੋਰਟ ਨੰਬਰ ਇਕ ਵਿੱਚ ਸੀਜੇਆਈ ਨਾਲ ਬੈਠਣ ਦਾ ਮਾਣ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਜਸਟਿਸ ਚੇਲਾਮੇਸ਼ਵਰ ਨੇ ਜਸਟਿਸ ਮਿਸ਼ਰਾ ਦੇ ਕੰਮ-ਢੰਗ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਦਿਆਂ ਤਿੰਨ ਹੋਰ ਸੀਨੀਅਰ ਜੱਜਾਂ ਸਮੇਤ ਪ੍ਰੈਸ ਕਾਨਫਰੰਸ ਕਰ ਕੇ ਨਾਜ਼ੁਕ ਕੇਸਾਂ ਦੀ ਵੰਡ ਤੇ ਉਚੇਰੀ ਨਿਆਂਪਾਲਿਕਾ ਵਿੱਚ ਜੱਜਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਆਦਿ ਸਬੰਧੀ ਸਖ਼ਤ ਇਤਰਾਜ਼ ਕੀਤੇ ਸਨ। ਇਸ ਦੇ ਬਾਵਜੂਦ ਅੱਜ ਉਨ੍ਹਾਂ ਸੀਜੇਆਈ ਨਾਲ ਮੰਚ ਸਾਂਝਾ ਕਰਨ ਦੀ ਰਵਾਇਤ ਦਾ ਪਾਲਣ ਕੀਤਾ।
ਪਹਿਲਾਂ ਅਦਾਲਤੀ ਹਲਕਿਆਂ ਵਿੱਚ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਉਹ ਬੈਂਚ ਵਿੱਚ ਨਹੀਂ ਬੈਠਣਗੇ। ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਮਾਣ ਵਿੱਚ ਅੱਜ ਲਈ ਤਜਵੀਜ਼ੀ ਗਈ ਵਿਦਾਇਗੀ ਪਾਰਟੀ ਦਾ ਸੱਦਾ ਨਾ ਮਨਜ਼ੂਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੇ ਸੀਜੇਆਈ ਨਾਲ ਮੰਚ ਨਾ ਸਾਂਝਾ ਕਰਨ ਦੇ ਕਿਆਸਾਂ ਨੂੰ ਵੀ ਸ਼ਹਿ ਮਿਲੀ ਸੀ। ਇਸ ਦੌਰਾਨ ਬੈਂਚ ਥੋੜ੍ਹੇ ਸਮੇਂ ਲਈ ਬੈਠਿਆ ਅਤੇ ਸਵੇਰੇ 11.15 ਵਜੇ ਦਿਨ ਭਰ ਲਈ ਉਠ ਗਿਆ। ਇਸ ਮੌਕੇ ਸੀਨੀਅਰ ਵਕੀਲ ਰਾਜੀਵ ਦੱਤਾ ਤੇ ਵਕੀਲਾਂ ਪ੍ਰਸ਼ਾਂਤ ਭੂਸ਼ਣ ਤੇ ਗੋਪਾਲ ਸ਼ੰਕਰਨਰਾਇਣ ਆਦਿ ਨੇ ਜਸਟਿਸ ਚੇਲਾਮੇਸ਼ਵਰ ਲਈ ਵਿਦਾਇਗੀ ਭਾਸ਼ਣ ਦਿੱਤੇ ਤੇ ਉਨ੍ਹਾਂ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ।
ਜੱਜਾਂ ਦੀ ਤਰੱਕੀ ਲਈ ਸਿਫ਼ਾਰਸ਼ ਤੋਂ ਪਹਿਲਾਂ ਹੋਰ ਵਿਚਾਰ-ਵਟਾਂਦਰੇ ਦਾ ਫ਼ੈਸਲਾ
ਨਵੀਂ ਦਿੱਲੀ - ਸੁਪਰੀਮ ਕੋਰਟ ਦੀ ਕੌਲਿਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਐਮ. ਜੋਜ਼ੇਫ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੀ ਸਿਫ਼ਾਰਸ਼ ਮੁੜ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਹੋਰ ਵੱਖ-ਵੱਖ ਹਾਈ ਕੋਰਟਾਂ ਦੇ ਮੁੱਖ ਜੱਜਾਂ ਦੀ ਤਰੱਕੀ ਲਈ ਸਿਫ਼ਾਰਸ਼ ਕਰਨ ਤੋਂ ਪਹਿਲਾਂ ਇਸ ਸਬੰਧੀ ‘ਵਧੇਰੇ ਵਿਚਾਰ-ਵਟਾਂਦਰਾ’ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਕੌਲਿਜੀਅਮ ਦੀ ਬੀਤੀ 16 ਮਈ ਨੂੰ ਹੋਈ ਮੀਟਿੰਗ ਵਿੱਚ ਪਾਸ ਮਤੇ ਤੋਂ ਮਿਲੀ ਹੈ, ਜਿਹੜਾ ਅੱਜ ਸੁਪਰੀਮ ਕੋਰਟ ਦੀ ਵੈੱਬਸਾਈਟ ਉਤੇ ਨਸ਼ਰ ਕੀਤਾ ਗਿਆ ਹੈ।
 

 

 

fbbg-image

Latest News
Magazine Archive