ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਟੌਲ ਪਲਾਜ਼ਾ ਸ਼ੁਰੂ


ਬਠਿੰਡਾ - ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕੇਂਦਰ ਦੀ ਝੰਡੀ ਮਗਰੋਂ ਅੱਜ ਟੌਲ ਪਲਾਜ਼ਾ ਸ਼ੁਰੂ ਹੋ ਗਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ ਰਸਮੀ ਉਦਘਾਟਨ ਲਈ ਨਹੀਂ ਆਉਣਗੇ, ਜਿਸ ਕਰਕੇ ਅੱਜ ਸਵੇਰੇ ਅੱਠ ਵਜੇ ਤੋਂ ਇਸ ਕੌਮੀ ਮਾਰਗ ’ਤੇ ਤਲਵੰਡੀ ਭਾਈ ਨੇੜਲਾ ਟੌਲ ਪਲਾਜ਼ਾ ਸ਼ੁਰੂ ਹੋ ਗਿਆ ਹੈ, ਜਦੋਂਕਿ ਸੇਰੋਂ (ਤਰਨਤਾਰਨ) ਤੇ ਜੀਦਾ (ਬਠਿੰਡਾ) ਦੇ ਟੌਲ ਪਲਾਜ਼ੇ ਸ਼ੁੱਕਰਵਾਰ ਨੂੰ ਸ਼ੁਰੂ ਹੋਣਗੇ। ਮਲਵਈ ਲੋਕਾਂ ਦੀ ਜੇਬ ’ਤੇ ਅੱਜ ਤੋਂ ਭਾਰ ਪੈਣਾ ਸ਼ੁਰੂ ਹੋ ਗਿਆ ਹੈ। ਬਠਿੰਡਾ-ਜ਼ੀਰਕਪੁਰ ਸੜਕ ’ਤੇ ਪਹਿਲਾਂ ਹੀ ਦੋ ਟੌਲ ਪਲਾਜ਼ੇ ਸ਼ੁਰੂ ਹੋ ਚੁੱਕੇ ਹਨ ਜਦੋਂਕਿ ਤੀਸਰਾ ਭੁੱਚੋ ਮੰਡੀ ਨੇੜਲਾ ਟੌਲ ਪਲਾਜ਼ਾ ਇੱਕ ਦੋ ਦਿਨਾਂ ’ਚ ਸ਼ੁਰੂ ਹੋਣਾ ਹੈ। ਕੌਮੀ ਸੜਕ ਅਥਾਰਟੀ ਨੇ ਅੱਜ ਬਠਿੰਡਾ-ਅੰਮ੍ਰਿਤਸਰ ਦੇ ਤਿੰਨ ਟੌਲ ਪਲਾਜ਼ੇ ਸ਼ੁਰੂ ਕਰਨ ਦੀ ਸੂਚਨਾ ਜਾਰੀ ਕਰ ਦਿੱਤੀ ਹੈ। ਕੇਂਦਰੀ ਸੜਕ ਮੰਤਰਾਲੇ ਤਰਫ਼ੋਂ ਫ਼ਿਲਹਾਲ ਤਿੰਨ ਮਹੀਨੇ ਲਈ ਦੋ ਕੰਪਨੀਆਂ ਨੂੰ ਟੌਲ ਇਕੱਤਰ ਕਰਨ ਦਾ ਕੰਮ ਦਿੱਤਾ ਗਿਆ ਹੈ ਜਿਸ ਨੂੰ ਅਜ਼ਮਾਇਸ਼ੀ ਸਮਾਂ  ਵੀ ਆਖਿਆ ਜਾ ਰਿਹਾ ਹੈ। ਬਠਿੰਡਾ-ਅੰਮ੍ਰਿਤਸਰ ਸੜਕ ਦੇ ਟੌਲ ਦਾ ਕੰਮ ਫ਼ਰਮ ਰਿੱਧੀ-ਸਿੱਧੀ ਨੂੰ ਤੇ ਬਠਿੰਡਾ-ਜ਼ੀਰਕਪੁਰ ਦੇ ਭੁੱਚੋ ਟੌਲ ਪਲਾਜ਼ਾ ਦਾ ਕੰਮ ਈਗਲ ਕੰਪਨੀ ਨੂੰ ਦਿੱਤਾ ਗਿਆ ਹੈ। ਬਠਿੰਡਾ-ਜ਼ੀਰਕਪੁਰ ਸੜਕ ਤੇ ਪਟਿਆਲਾ ਤੋਂ ਜ਼ੀਰਕਪੁਰ ਦੇ ਰਸਤੇ ’ਚ ਪੈਂਦੇ ਦੋ ਟੌਲ ਪਲਾਜ਼ੇ ਜੂਨ ’ਚ ਚਾਲੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦੀ ਟੌਲ ਕੁਲੈਕਸ਼ਨ ਦੀ ਨਿਲਾਮੀ ਨਹੀਂ ਹੋਈ। ਵੇਰਵਿਆਂ ਅਨੁਸਾਰ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਕਾਰ/ਜੀਪ ਚਾਲਕਾਂ ਨੂੰ ਇੱਕ ਬੰਨੇ ਦੇ 245 ਰੁਪਏ ਟੌਲ ਦੇਣਾ ਹੋਵੇਗਾ ਤੇ ਡਬਲ ਟਰੱਕ ਲਈ 375 ਲੱਗਣਗੇ। ਮਿਨੀ ਬੱਸ/ਲਾਈਟ ਵਹੀਕਲ ਲਈ ਇੱਕ ਪਾਸੇ ਦਾ ਟੌਲ 395 ਰੁਪਏ ਤੇ ਡਬਲ ਟਰਿੱਪ ਦੇ 595 ਰੁਪਏ ਦਾ ਟੌਲ ਲੱਗੇਗਾ। ਬੱਸ ਤੇ ਟਰੱਕ ਲਈ ਇੱਕ ਪਾਸੇ ਦਾ ਟੌਲ 830 ਰੁਪਏ ਬਣੇਗਾ ਤੇ ਦੂਹਰੇ ਗੇੜੇ ਲਈ ਇਹੋ ਟੌਲ 1250 ਰੁਪਏ ਬਣੇਗਾ। ਜੀਦਾ ਟੌਲ ਪਲਾਜ਼ਾ ਤੇ ਕਾਰ ਜੀਪ ਦਾ ਟੌਲ 95 ਰੁਪਏ, ਮਿੰਨੀ ਬੱਸ ਦਾ 150 ਰੁਪਏ, ਬੱਸ ਤੇ ਟਰੱਕ ਦਾ 315 ਰੁਪਏ, ਜਦੋਂਕਿ ਤਲਵੰਡੀ ਭਾਈ ਲਾਗਲੇ ਟੌਲ ਤੇ ਕਾਰ ਜੀਪ ਦਾ ਇੱਕ ਪਾਸੇ ਦਾ 35 ਰੁਪਏ, ਮਿੰਨੀ ਬੱਸ ਦਾ 55 ਰੁਪਏ ਤੇ ਬੱਸ/ਟਰੱਕ ਦਾ 120 ਰੁਪਏ ਟੌਲ ਨਿਸ਼ਚਿਤ ਕੀਤਾ ਹੈ। ਤਰਨ ਤਾਰਨ ਨੇੜਲੇ ਟੌਲ ਪਲਾਜ਼ਾ ’ਤੇ ਕਾਰ ਜੀਪ ਚਾਲਕਾਂ ਨੂੰ 115 ਰੁਪਏ ਤੇ ਬੱਸ/ਟਰੱਕ ਚਾਲਕਾਂ ਨੂੰ ਇੱਕ ਪਾਸੇ ਦਾ 395 ਰੁਪਏ ਟੌਲ ਦੇਣਾ ਪਵੇਗਾ। ਦੋਵੇਂ ਕੌਮੀ ਮਾਰਗਾਂ ਦਾ ਉਦਘਾਟਨੀ ਸਮਾਰੋਹ ਪਹਿਲਾਂ 10 ਮਈ ਤੇ ਫਿਰ 14 ਮਈ ਨੂੰ ਰੱਖਿਆ ਗਿਆ ਪਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦੌਰਾ ਰੱਦ ਹੋ ਗਿਆ ਹੈ।
ਕੌਮੀ ਸੜਕ ਅਥਾਰਟੀ ਦੇ ਸੀਨੀਅਰ ਅਧਿਕਾਰੀ ਮਨੋਜ ਸਕਸੈਨਾ ਦਾ ਕਹਿਣਾ ਸੀ ਕਿ ਕੇਂਦਰੀ ਮੰਤਰੀ ਦਾ ਦੌਰਾ ਰੱਦ ਹੋ ਚੁੱਕਾ ਹੈ ਤੇ ਅੱਜ ਟੌਲ ਸ਼ੁਰੂ ਕਰ ਦਿੱਤਾ ਗਿਆ ਹੈ।
ਅਜ਼ਮਾਇਸ਼ੀ ਤੌਰ ’ਤੇ ਟੌਲ ਪਲਾਜ਼ੇ ਚਾਲੂ
ਨੋਡਲ ਅਧਿਕਾਰੀ ਕੌਮੀ ਮਾਰਗ ਅੰਗਰੇਜ਼ ਸਿੰਘ ਦਾ ਕਹਿਣਾ ਸੀ ਕਿ ਤਲਵੰਡੀ ਭਾਈ ਦਾ ਟੌਲ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂਕਿ ਬਾਕੀ ਦੋਵੇਂ ਟੌਲ ਪਲਾਜ਼ੇ ਤਿਆਰ ਹਨ ਜੋ ਸ਼ੁੱਕਰਵਾਰ ਨੂੰ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਲਈ ਅਜ਼ਮਾਇਸ਼ੀ ਟੌਲ ਪਲਾਜ਼ਾ ਚੱਲਣਗੇ ਤੇ    ਉਸ ਮਗਰੋਂ ਕੰਪਨੀਆਂ ਨੂੰ ਸੱਦਾ ਦਿੱਤਾ ਜਾਵੇਗਾ।

 

 

fbbg-image

Latest News
Magazine Archive