ਲੁਧਿਆਣਾ ਤੋਂ ਕੋਲਕਾਤਾ ਤੱਕ ਬਣੇਗੀ ਤੀਜੀ ਰੇਲ ਲਾਈਨ: ਗੋਹਾਈਂ


ਪਟਿਆਲਾ - ਕੇਂਦਰੀ ਰੇਲ ਰਾਜ ਮੰਤਰੀ ਰਾਜਨ ਗੋਹਾਈਂ ਨੇ ਕਿਹਾ ਹੈ ਕਿ ਲੁਧਿਆਣਾ ਤੋਂ ਕੋਲਕਾਤਾ ਅਤੇ ਦਿੱਲੀ ਤੋਂ ਮੁੰਬਈ ਤੱਕ ਮਾਲ ਗੱਡੀਆਂ (ਗੁਡਜ਼ ਟਰੇਨ) ਲਈ ਤੀਜੀ ਰੇਲ ਲਾਈਨ ਬਣਾਉਣ ਦੀ ਤਿਆਰੀ ਹੋ ਰਹੀ ਹੈ ਜਿਸ ਨਾਲ ਆਮ ਰੇਲਵੇ ਦੀ ਆਵਾਜਾਈ ਨੂੰ ਕਾਫ਼ੀ ਰਾਹਤ ਮਿਲੇਗੀ।  ਸ੍ਰੀ ਗੋਹਾਈਂ ਅੱਜ ਇੱਥੇ ਰੇਲਵੇ ਵਰਕਸ਼ਾਪ ਦੀ ਛੱਤ ’ਤੇ ਲਗਾਏ ਦੋ ਮੈਗਾਵਾਟ ਬਿਜਲੀ ਬਣਾਉਣ ਦੇ ਪਲਾਂਟ ਦਾ ਉਦਘਾਟਨ ਕਰਨ ਲਈ ਪੁੱਜੇ ਸਨ।
ਕੇਂਦਰੀ ਰੇਲਵੇ ਰਾਜ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਤਹਿਤ 26 ਫ਼ੀਸਦੀ ਸਰਕਾਰੀ ਅਤੇ 74 ਫ਼ੀਸਦੀ ਦੋ ਵਿਦੇਸ਼ੀ ਕੰਪਨੀਆਂ ਦੇ ਹਿੱਸੇ ਨਾਲ 5-5 ਸੌ ਰੇਲਵੇ ਇੰਜਣ ਬਣਾਉਣ ਦਾ ਠੇਕਾ ਇਸ ਕਰਕੇ ਦਿੱਤਾ ਹੈ ਤਾਂ ਕਿ ਅਮਰੀਕਾ ਅਤੇ ਫਰਾਂਸ ਦੀ ਨਵੀਂ ਤਕਨੀਕ ਨਾਲ ਬਣਨ ਵਾਲੇ ਰੇਲ ਇੰਜਣ ਭਾਰਤ ਵਿੱਚ ਵੀ ਚੱਲ ਸਕਣ, ਜਿਸ ਤਹਿਤ ਇਨ੍ਹਾਂ ਕੰਪਨੀਆਂ ਨੇ ਦੋ ਦੋ ਲੋਕੋਮੋਟਿਵ ਬਣਾ ਕੇ ਸਰਕਾਰ ਦੇ ਹਵਾਲੇ ਕਰ ਵੀ ਦਿੱਤੇ ਹਨ। ਇਨ੍ਹਾਂ ਵਿਦੇਸ਼ੀ ਕੰਪਨੀਆਂ ‘ਜਨਰਲ ਇਲੈਕਟ੍ਰਿਕ ਅਮਰੀਕਾ’ ਤੇ ‘ਇਲੈਕਸਟ੍ਰੋਮ ਫਰਾਂਸ’ ਨੇ 500 ਡੀਜ਼ਲ ਅਤੇ 500 ਇਲੈਕਟ੍ਰਿਕ ਰੇਲਵੇ ਇੰਜਣ ਬਣਾਉਣ ਦਾ ਠੇਕਾ ਲਿਆ ਹੈ।  ਉਨ੍ਹਾਂ ਕਿਹਾ ਕਿ ਭਾਰਤ ਦੇ 600 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ਬਿਲਡ ਆਪਰੇਟ ਐਂਡ ਟਰਾਂਸਫ਼ਰ (ਬੀਓਟੀ) ਸਕੀਮ ਤਹਿਤ ਕੰਮ ਸ਼ੁਰੂ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਵਿਛਾਉਣ ਵਿੱਚ ਪੰਜਾਬ ਸਰਕਾਰ ਅੜਿੱਕਾ ਪੈਦਾ ਕਰ ਰਹੀ ਹੈ ਜਦ ਕਿ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਤੋਂ ਬਠਿੰਡਾ ਰੇਲਵੇ ਟਰੈਕ ਜਲਦੀ ਡਬਲ ਹੋ ਜਾਵੇਗਾ। ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸੌ ਫ਼ੀਸਦੀ ਇਲੈਕਟ੍ਰੀਫਿਕੇਸ਼ਨ ਛੇਤੀ ਹੋ ਜਾਵੇਗੀ। ਇਸ ਮੌਕੇ ਰੇਲਵੇ ਬੋਰਡ ਦੇ ਮੈਂਬਰ ਘਣਸ਼ਿਆਮ ਸਿੰਘ, ਜੀਐਮ ਡੀਐਮਡਬਿਲਊ ਰਾਮੇਸ਼ ਕੁਮਾਰ, ਐਮਪੀ ਡਾ. ਧਰਮਵੀਰ ਗਾਂਧੀ, ਮੇਅਰ ਪਟਿਆਲਾ ਸੰਜੀਵ ਬਿੱਟੂ ਵੀ ਮੌਜੂਦ ਸਨ।

 

Latest News
Magazine Archive