ਬੰਗਾਲ: ਪੰਚਾਇਤ ਚੋਣਾਂ ਵਿੱਚ ਹਿੰਸਾ, 13 ਹਲਾਕ


ਕੋਲਕਾਤਾ - ਪੱਛਮੀ ਬੰਗਾਲ ਵਿੱਚ ਪੰਚਾਇਤੀ ਚੋਣਾਂ ਦੌਰਾਨ ਅੱਜ ਹੋਈ ਹਿੰਸਾ ਵਿੱਚ 13 ਵਿਅਕਤੀ ਮਾਰੇ ਗਏ ਅਤੇ 43 ਜ਼ਖ਼ਮੀ ਹੋ ਗਏ। ਪੰਚਾਇਤੀ ਚੋਣਾਂ ਦੌਰਾਨ 73 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ।
ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ 60 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਚੋਣਾਂ ਦੌਰਾਨ ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਮਿਦਨਾਪੁਰ, ਬਰਦਵਾਨ, ਨਾਡੀਆ, ਮੁਰਸ਼ਦਾਬਾਦ ਅਤੇ ਦੱਖਣੀ ਦਿਨਾਜਪੁਰ ਜ਼ਿਲ੍ਹਿਆਂ ਵਿੱਚ ਹਿੰਸਾ ਹੋਈ। ਤਿ੍ਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀ ਦੇ ਵਰਕਰਾਂ ਵਿਚਾਲੇ ਹੋਈਆਂ ਝੜੱਪਾਂ ਵਿੱਚ ਪੋਲਿੰਗ ਬੂਥਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਪੋਲਿੰਗ ਸਟੇਸ਼ਨਾਂ ਨੇੜੇ ਦੇਸੀ ਬੰਬ ਸੁੱਟੇ ਗਏ।
ਸੂਬਾਈ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਹਿੰਸਾ ਦੇ ਬਾਵਜੂਦ ਸ਼ਾਮ 5 ਵਜੇ ਤਕ 73 ਫੀਸਦੀ ਮਤਦਾਨ ਹੋਇਆ ਜਦੋਂਕਿ ਕਈ ਵੋਟਰ ਉਦੋਂ ਵੀ ਲਾਈਨਾਂ ਵਿੱਚ ਖੜ੍ਹੇ ਸਨ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਤਿ੍ਣਮੂਲ ਕਾਂਗਰਸ ’ਤੇ ਦਹਿਸ਼ਤ ਫੈਲਾਉਣ ਅਤੇ ਲੋਕਤੰਤਰ ਦਾ ਘਾਣ ਕਰਨ ਦਾ ਦੋਸ਼ ਲਾਇਆ ਹੈ। ਸੀਪੀਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਦੂਜਾ ਨਾਮਜ਼ਦਗੀਆਂ ਭਰਨ ਦੇ ਬਾਅਦ ਟੀਐਮਸੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਵਾਪਸ ਲੈਣ ਲਈ ਧਮਕਾਇਆ, ਜਿਨ੍ਹਾਂ ਨੇ ਨਾਮਜ਼ਦਗੀ ਵਾਪਸ ਨਹੀਂ ਲਈ, ਉਨ੍ਹਾਂ ’ਤੇ ਹਮਲੇ ਕੀਤੇ ਗਏ। ਡੀ ਰਾਜਾ ਨੇ ਕਿਹਾ ਕਿ ਇਹ ਚੋਣਾਂ ਦਾ ਮਜ਼ਾਕ ਹੈ ਅਤੇ ਮਮਤਾ ਬੈਨਰਜੀ ਸਰਕਾਰ ਨੂੰ ਪੱਛਮੀ ਬੰਗਾਲ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਸੂਬਾਈ ਚੋਣ ਕਮਿਸ਼ਨ(ਐਸਈਸੀ) ਅਤੇ ਪੁਲੀਸ ਅਨੁਸਾਰ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ਇਲਾਕੇ ਵਿੱਚ ਬੂਥ ਦੇ ਬਾਹਰ ਹੋਈਆਂ ਝੜਪਾਂ ਵਿੱਚ ਦੋ ਵਿਅਕਤੀ ਮਾਰੇ ਗਏ ਜਦੋਂ ਕਿ 15 ਜਣੇ ਜ਼ਖ਼ਮੀ ਹੋ ਗਏ। ਇਸੇ ਜ਼ਿਲ੍ਹੇ ਦੇ ਕੋਨਟਾਈ ਵਿੱਚ ਇਕ ਆਜ਼ਾਦ ਉਮੀਦਵਾਰ ਅਤੇ ਚਾਰ ਹੋਰਨਾਂ ’ਤੇ ਮਿਰਚ ਪਾਉੂਡਰ ਸੁੱਟਿਆ ਗਿਆ। ਮੁਰਸ਼ਦਾਬਾਦ ਜ਼ਿਲ੍ਹੇ ਦੇ ਸੁਜਾਪੁਰ ਪਿੰਡ ਦੇ ਬੂਥ ’ਤੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਮਿ੍ਤਕ ਭਾਜਪਾ ਵਰਕਰ ਦੱਸਿਆ ਜਾਂਦਾ ਹੈ। ਦੱਖਣੀ ਦਿਨਾਜਪੁਰ ਵਿੱਚ ਪੋਲਿੰਗ ਬੂਥ ਦੇ ਬਾਹਰ ਬੰਬ ਸੁੱਟਣ ਨਾਲ ਇਕ ਵਿਅਕਤੀ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ।  ਨਾਡੀਆ ਜ਼ਿਲ੍ਹੇ ਦੇ ਨਕਾਸ਼ੀਪਾਰਾ ਅਤੇ ਸ਼ਾਂਤੀਪੁਰ ਇਲਾਕੇ ਵਿੱਚ ਹੋਈਆਂ ਝੜੱਪਾਂ ਵਿੱਚ ਦੋ ਵਿਅਕਤੀ ਮਾਰੇ ਗਏ।
ਐਸਈਸੀ ਦੇ ਅਧਿਕਾਰੀ ਨੇ ਦੱਸਿਆ ਕਿ ਉੱਤਰੀ 24 ਪਰਗਨਾ ਦੇ ਅਮਦਾਨਗਾ ਇਲਾਕੇ ਵਿੱਚ ਚੋਣ ਬੂਥ ’ਤੇ ਸੁੱਟੇ ਬੰਬ ਵਿੱਚ ਸੀਪੀਐਮ ਵਰਕਰ ਮਾਰਿਆ ਗਿਆ ਤੇ ਇਕ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਦੱਖਣੀ 24 ਪਰਗਨਾ ਦੇ ਕੁਲਤਲੀ ਵਿੱਚ ਇਕ ਵਿਅਕਤੀ ਪੋਲਿੰਗ ਸਟੇਸ਼ਨ ਦੇ ਬਾਹਰ ਸੁੱਟੇ ਬੰਬ ਵਿੱਚ ਮਾਰਿਆ ਗਿਆ।
ਕੂਚ ਬੇਹਾਰ ਜ਼ਿਲ੍ਹੇ ਵਿੱਚ ਉੱਤਰੀ ਬੰਗਾਲ ਵਿਕਾਸ ਮੰਤਰੀ ਰਾਬਿੰਦਰਨਾਥ ਘੋਸ਼ ਨੇ ਕਥਿਤ ਤੌਰ ’ਤੇ ਪੋਲਿੰਗ ਬੂਥ ਦੇ ਬਾਹਰ ਇਕ ਵਿਅਕਤੀ ਦੇ ਥੱਪੜ ਮਾਰ ਦਿੱਤਾ, ਜਦੋਂ ਕਿ ਮੰਤਰੀ ਨੇ ਇਸ ਤੋਂ ਇਨਕਾਰ ਕੀਤਾ ਹੈ। ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਮਿਲੀ ਹੈ ਤੇ ਅਧਿਕਾਰੀਆਂ ਨੂੰ ਇਸ ਸਬੰਧੀ ਕਾਰਵਾਈ ਦੀ ਹਦਾਇਤ ਕੀਤੀ ਗਈ ਹੈ। ਦਿਨਹਾਟਾ ਇਲਾਕੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਦੋ ਵੋਟਰ ਹਨ। ਇਸੇ ਤਰ੍ਹਾਂ ਉੱਤਰੀ ਦੀਨਾਜਪੁਰ ਜ਼ਿਲ੍ਹੇ ਵਿੱਚ ਪੋਲਿੰਗ ਬੂਥ ਨੇੜਿਓਂ ਤਿੰਨ ਬੰਬ ਮਿਲੇ ਹਨ। ਬੀਰਭੂਮ ਵਿੱਚ ਨਾਕਾਬਪੋਸ਼ ਹਥਿਆਰਬੰਦ ਲੋਕ ਬੂਥ ਦੇ ਬਾਹਰ ਵੋਟਰਾਂ ਨੂੰ ਧਮਕਾਉਂਦੇ ਦੇਖੇ ਗਏ। ਇਹੀ ਹਾਲ ਕੁਝ ਹੋਰ ਇਲਾਕਿਆਂ ਵਿੱਚ ਵੀ ਸੀ।
ਭਾਨਗੜ੍ਹ ਵਿੱਚ ਪੁਲੀਸ ਨੂੰ ਝੜਪਾਂ ਵਿੱਚ ਸ਼ਾਮਲ ਲੋਕਾਂ ਨੂੰ ਖ਼ਿੰਡਾਉਣ ਲਈ ਹਲਕਾ ਲਾਠੀਚਾਰਜ ਅਤੇ ਅੱਥਰੂਗੈਸ ਦੇ ਗੋਲ ਸੁੱਟਣੇ ਪਏ।  ਮਾਲਦਾ ਜ਼ਿਲ੍ਹੇ ਵਿੱਚ ਪੱਥਰਬਾਜ਼ੀ ਵਿੱਚ ਇਕ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਿਆ। ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ ਨੇ ਦੋਸ਼ ਲਾਇਆ ਕਿ ਟੀਐਮਸੀ ਨੇ ਚੋਣਾਂ ਨੂੰ ਮਜ਼ਾਕ ਬਣਾ ਦਿੱਤਾ ਹੈ। ਦੂਜੇ ਪਾਸੇ ਟੀਐਮਸੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਅੱਜ ਇਕ ਘਰ ’ਚ ਅੱਗ ਲਾ ਦਿੱਤੀ ਗਈ ਜਿਸ ਵਿੱਚ ਇਕ ਵਿਅਕਤੀ ਤੇ ਉਸ ਦੀ ਪਤਨੀ ਜ਼ਿੰਦਾ ਸੜ ਗਏ।   
ਕੇਂਦਰ ਸਰਕਾਰ ਨੇ ਹਿੰਸਾ ਬਾਰੇ ਮੰਗੀ ਰਿਪੋਰਟ
ਨਵੀਂ ਦਿੱਲੀ - ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ 13 ਵਿਅਕਤੀਆਂ ਦੇ ਮਾਰੇ ਜਾਣ ਅਤੇ 43 ਦੇ ਜ਼ਖ਼ਮੀ ਹੋਣ ਦੇ ਮਾਮਲੇ ਦੀ ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਤੋਂ ਹਿੰਸਾ ਲਈ ਜ਼ਿੰਮੇਵਾਰ ਹਾਲਾਤ, ਸਾਂਤੀ ਬਹਾਲੀ ਲਈ ਚੁੱਕੇ ਕਦਮਾਂ ਅਤੇ ਕਸੂਰਵਾਰਾਂ ਨੂੰ ਸਜ਼ਾ ਦੇਣ ਬਾਰੇ ਵਿਸਥਾਰਤ ਰਿਪੋਰਟ ਮੰਗੀ ਗਈ ਹੈ।

 

 

fbbg-image

Latest News
Magazine Archive