ਵਾਲਮਾਰਟ ਨੇ 16 ਅਰਬ ਡਾਲਰ ਨਾਲ ਖਰੀਦੀ ਫਲਿੱਪਕਾਰਟ


ਨਵੀਂ ਦਿੱਲੀ - ਅਮਰੀਕੀ ਪਰਚੂਨ ਕੰਪਨੀ ਵਾਲਮਾਰਟ ਨੇ ਇਸ ਸਾਲ ਫਲਿੱਪਕਾਰਟ ਦੀ 77 ਫੀਸਦੀ ਹਿੱਸੇਦਾਰੀ ਖ਼ਰੀਦ ਕੇ ਭਾਰਤ ਦੇ ਵਪਾਰ ਜਗਤ ਵਿੱਚ ਸਭ ਤੋਂ ਵੱਡਾ ਸੌਦਾ ਕੀਤਾ ਹੈ। ਇਹ ਸੌਦਾ 16 ਅਰਬ ਡਾਲਰ ਦੇ ਵਿੱਚ ਸਿਰੇ ਚੜ੍ਹਿਆ ਹੈ। ਇਸ ਦੇ ਨਾਲ ਵਾਲਮਾਰਟ ਆਪਣੀ ਮੁਕਾਬਲੇ ਦੀ ਕੰਪਨੀ ਐਮਾਜ਼ੌਨ ਦਾ ਮੁਕਾਬਲਾ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕੇਗੀ।
ਭਾਰਤ ਵਿੱਚ ਸਭ ਤੋਂ ਵੱਡਾ ਸੌਦਾ ਭਾਵੇਂ ਟੈਲੀਕਾਮ ਜਗਤ ਵਿੱਚ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਵਿੱਚ ਹੋਵੇਗਾ ਪਰ ਇਹ ਇਕਰਾਰ ਅਜੇ ਸਿਰੇ ਚੜ੍ਹਨਾ ਹੈ। ਇਸ ਤਰ੍ਹਾਂ ਦੋਵੇਂ ਕੰਪਨੀਆਂ ਦੇ ਰਲੇਵੇਂ ਨਾਲ ਇਹ ਭਾਰਤੀ ਏਅਰਟੈੱਲ ਤੋਂ ਵੱਡੀ ਕੰਪਨੀ ਬਣ ਜਾਵੇਗੀ। ਇਹ ਸੌਦਾ 23 ਅਰਬ ਡਾਲਰ ਦਾ ਹੋਵੇਗਾ। ਇਸ ਇਕਰਾਰ ਦਾ ਐਲਾਨ ਪਿਛਲੇ ਸਾਲ ਹੋਇਆ ਸੀ। ਪਿਛਲੇ ਸਾਲ ਹੀ ਰੋਸਨੈਫਟ ਅਤੇ ਇਸ ਦੇ ਭਾਈਵਾਲਾਂ ਨੇ ਭਾਰਤ ਵਿੱਚ ਐਸਾਰ ਆਇਲ ਕੰਪਨੀ ਦਾ ਕੰਟਰੋਲ ਹਾਸਲ ਕਰਨ ਲਈ 12.9 ਅਰਬ ਡਾਲਰ ਦੇ ਕਾਰੋਬਾਰ ਦਾ ਰਲੇਵਾਂ ਕੀਤਾ ਹੈ। ਐਸਾਰ ਦੇ ਭਾਰਤ ਵਿੱਚ 3500 ਪੈਟਰੋਲ ਪੰਪ ਹਨ ਅਤੇ ਇੱਕ ਆਇਲ ਰਿਫਾਈਨਰੀ ਹੈ, ਜੋ ਦੋ ਕਰੋੜ ਟਨ ਤੋਂ ਵੱਧ ਤੇਲ ਦਾ ਉਤਪਾਦਨ ਕਰਦੀ ਹੈ। ਇਹ ਦੇਸ਼ ਵਿੱਚ ਅੱਜ ਤੱਕ ਸਿੱਧੇ ਵਿਦੇਸ਼ੀ ਨਿਵੇਸ਼ ਦਾ ਤੇ ਰੂਸ ਵਿੱਚੋਂ ਹੋਇਆ ਸਭ ਤੋਂ ਵੱਡਾ ਸੌਦਾ ਹੈ। ਫਲਿੱਪਕਾਰਟ ਦੇ ਮਾਮਲੇ ਵਿੱਚ ਵਾਲਮਾਰਟ ਸਿੰਗਾਪੁਰ ਆਧਾਰਤ ਕੰਪਨੀ ਦੇ ਸ਼ੇਅਰ ਖ਼ਰੀਦੇਗੀ। ਭਾਰਤ ਜੋ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਹੈ, ਨੂੰ ਹੋਰ ਅੱਗੇ ਵਧਣ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦੀ ਲੋੜ ਹੈ।    

 

Latest News
Magazine Archive