ਕਰਨਾਟਕ: ਜਾਅਲੀ ਵੋਟਰ ਕਾਰਡਾਂ ਤੋਂ ਨਾਟਕ


ਬੰਗਲੌਰ - ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਮਹਿਜ਼ ਤਿੰਨ ਦਿਨ ਬਾਕੀ ਰਹਿੰਦਿਆਂ ਹਲਕਾ ਰਾਜਾ ਰਾਜੇਸ਼ਵਰੀ ਦੇ ਇਕ ਫਲੈਟ ਵਿੱਚੋਂ ਕਰੀਬ 10 ਹਜ਼ਾਰ ਜਾਅਲੀ ਵੋਟਰ ਸ਼ਨਾਖ਼ਤੀ ਕਾਰਡ ਮਿਲਣ ਕਾਰਨ ਗੰਭੀਰ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤੋਂ ਇਲਾਵਾ ਉਥੋਂ ਲੈਮੀਨੇਸ਼ਨ ਮਸ਼ੀਨ ਤੇ ਕੰਪਿਊਟਰ ਆਦਿ ਵੀ ਮਿਲੇ ਦੱਸੇ ਜਾ ਰਹੇ ਹਨ। ਭਾਜਪਾ ਨੇ ਇਸ ਪਿੱਛੇ ਕਾਂਗਰਸ ਦਾ ਹੱਥ ਹੋਣ ਦੇ ਦੋਸ਼ ਲਾਉਂਦਿਆਂ ਹਲਕੇ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੱਜ ਸਾਰਾ ਦਿਨ ਕਰਨਾਟਕ ਦੀ ਸੱਤਾ ਦੀਆਂ ਦੋਵੇਂ ਮੁੱਖ ਦਾਅਵੇਦਾਰ ਪਾਰਟੀਆਂ ਕਾਂਗਰਸ ਤੇ ਭਾਜਪਾ ਇਕ-ਦੂਜੀ ਉਤੇ ਦੋਸ਼ ਲਾਉਂਦੀਆਂ ਰਹੀਆਂ। ਦੋਵਾਂ ਨੇ ਉਸ ਔਰਤ ਨੂੰ ਇਕ-ਦੂਜੀ ਪਾਰਟੀ ਨਾਲ ਸਬੰਧਤ ਕਰਾਰ ਦਿੱਤਾ, ਜਿਸ ਦੇ ਫਲੈਟ ਵਿੱਚੋਂ ਇਹ ਕਾਰਡ ਮਿਲੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਇਸ ਪਿੱਛੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮੁਨੀਰਤਨਾ ਨਾਇਡੂ ਦਾ ਹੱਥ ਹੈ ਤੇ ਇਸ ਦਾ ਪਰਦਾਫ਼ਾਸ਼ ਕਰਨ ਵਾਲਾ ਰਾਕੇਸ਼ ਭਾਜਪਾ ਕਾਰਕੁਨ ਹੈ।
ਦੂਜੇ ਪਾਸੇ ਕਾਂਗਰਸ ਦੇ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਇਸ ਫਲੈਟ ਦੀ ਮਾਲਕ ਔਰਤ ਮੰਜੂਲਾ ਨੰਜਾਮਾਰੀ ਤੇ ਰਾਕੇਸ਼ ਦੋਵੇਂ ਭਾਜਪਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਬੰਗਲੌਰ ਨਗਰ ਨਿਗਮ ਦੀਆਂ ਚੋਣਾਂ ਭਾਜਪਾ ਦੀ ਟਿਕਟ ਉਤੇ ਲੜੀਆਂ ਸਨ। ਇਸ ਤੋਂ ਪਹਿਲਾਂ ਬੀਤੀ ਅੱਧੀ ਰਾਤ ਕਰਨਾਟਕ ਦੇ ਮੁੱਖ ਚੋਣ ਅਫ਼ਸਰ ਸੰਜੀਵ ਕੁਮਾਰ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਫਲੈਟ ਵਿੱਚੋਂ ਇਨ੍ਹਾਂ ਜਾਅਲੀ ਵੋਟਰ ਕਾਰਡਾਂ ਤੋਂ ਇਲਾਵਾ ਵੋਟਰ ਸੂਚੀ ਵਿੱਚ ਨਾਂ ਦਰਜ ਕਰਾਉਣ ਲਈ ਵਰਤਿਆ ਜਾਂਦਾ ਫ਼ਾਰਮ 6ਏ ਅਤੇ ਇਨ੍ਹਾਂ ਦੀਆਂ ਰਸੀਦੀ ਪਰਚੀਆਂ ਵੀ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ੍ਰੀ ਜਾਵੜੇਕਰ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਇਤਲਾਹ ਦਿੱਤੇ ਜਾਣ ਪਿੱਛੋਂ ਪੁਲੀਸ ਨੇ ਫਲੈਟ ਵਿੱਚੋਂ ਹੋਲੋਗ੍ਰਾਮ ਲੱਗੇ ਹਜ਼ਾਰਾਂ ਜਾਅਲੀ ਵੋਟਰ ਕਾਰਡ, ਲੈਮੀਨੇਸ਼ਨ ਮਸ਼ੀਨਾਂ ਅਤੇ ਕੰਪਿਊਟਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ, ‘‘ਅਜਿਹੇ ਕੰਮ ਕਾਂਗਰਸ ਹੀ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਉਥੇ ਅਸਲ ਵਿੱਚ ‘ਜਾਅਲੀ ਵੋਟਰ ਕਾਰਡ ਛਾਪਣ ਦੀ ਫੈਕਟਰੀ’ ਚੱਲ ਰਹੀ ਸੀ। ਉਨ੍ਹਾਂ ਮੰਨਿਆ ਕਿ ਬੀਬੀ ਮੰਜੂਲਾ ਪਹਿਲਾਂ ਭਾਜਪਾ ਨਾਲ ਸਬੰਧਤ ਸੀ, ਪਰ ਹੁਣ ਉਹ ਕਾਂਗਰਸ ਨਾਲ ਹੈ। ਸ੍ਰੀ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਭਾਜਪਾ ਆਪਣੀ ਹਾਰ ਦੇਖ ਕੇ ਅਜਿਹੇ ਇਲਾਜ਼ਾਮ ਲਾ ਰਹੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਅਜਿਹਾ ਕਰ ਕੇ ਵੋਟਰਾਂ ਨੂੰ ਭਰਮਾ ਨਹੀਂ ਸਕੇਗੀ।’’ ਉਨ੍ਹਾਂ ਕਿਹਾ, ‘‘ਪ੍ਰਕਾਸ਼ ਜਾਵੜੇਕਰ ਝੂਠ ’ਤੇ ਝੂਠ ਬੋਲ ਰਹੇ ਹਨ ਕਿ ਮੰਜੂਲਾ ਦਾ ਭਾਜਪਾ ਨਾਲ ਤੁਅੱਲਕ ਨਹੀਂ ਹੈ।’’ ਗ਼ੌਰਤਲਬ ਹੈ ਕਿ ਚੋਣ ਦਫ਼ਤਰ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਵੀ ਕਿਹਾ ਗਿਆ ਹੈ ਕਿ ਇਹ ਫਲੈਟ ‘ਮੰਜੂਲਾ ਨੰਜਾਮਾਰੀ ਨਾਮੀ ਔਰਤ ਦਾ ਹੈ ਜੋ ਰਾਕੇਸ਼ ਨਾਮੀ ਵਿਅਕਤੀ ਨੂੰ ਕਿਰਾਏ ਉਤੇ’ ਦਿੱਤਾ ਹੋਇਆ ਸੀ।
ਕਾਂਗਰਸ ਤੇ ਭਾਜਪਾ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ
ਨਵੀਂ ਦਿੱਲੀ - ਕਰਨਾਟਕ ’ਚ ਹਜ਼ਾਰਾਂ ਜਾਅਲੀ ਵੋਟਰ ਕਾਰਡ ਮਿਲਣ ਤੋਂ ਬਾਅਦ ਅੱਜ ਕਾਂਗਰਸ ਤੇ ਭਾਜਪਾ ਨੇ ਅੱਜ ਇਥੇ ਚੋਣ ਕਮਿਸ਼ਨ ਨੂੰ ਮਿਲ ਕੇ ਇਕ-ਦੂਜੀ ਪਾਰਟੀ ਖ਼ਿਲਾਫ਼ ਇਲਜ਼ਾਮ ਲਾਏ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਮੰਗ ਕੀਤੀ ਕਿ ਇਸ ਲਈ ਭਾਜਪਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਭਾਜਪਾ ਦੇ ਵਫ਼ਦ ਨੇ ਕੇਂਦਰੀ ਮੰਤਰੀਆਂ ਜੇ.ਪੀ. ਨੱਡਾ ਤੇ ਮੁਖ਼ਤਾਰ ਅੱਬਾਸ ਨਕਵੀ ਦੀ ਅਗਵਾਈ ਹੇਠ ਕਮਿਸ਼ਨ ਨੂੰ ਮਿਲ ਕੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜਾ ਰਾਜੇਸ਼ਵਰੀ ਨਗਰ ਹਲਕੇ ਦੀ ਚੋਣ ਰੱਦ ਕੀਤੀ ਜਾਵੇ।

 

 

fbbg-image

Latest News
Magazine Archive