ਇਸ਼ਾਨ ਕਿਸ਼ਨ ਦੀ ਆਤਿਸ਼ੀ ਪਾਰੀ ਅੱਗੇ ਕੇਕੇਆਰ ਢੇਰ


ਕੋਲਕਾਤਾ - ਇਸ਼ਾਨ ਕਿਸ਼ਨ ਵੱਲੋਂ 17 ਗੇਂਦਾਂ ਵਿੱਚ ਜੜੇ ਨੀਮ ਸੈਂਕੜੇ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਆਈਪੀਐਲ ਦੇ ਮੈਚ ਵਿੱਚ ਦੌੜਾਂ ਦਾ ਅੰਬਾਰ ਲਾਉਣ ਮਗਰੋਂ ਕੋਲਕਾਤਾ ਨਾਈਟ ਰਾਈਡਰਜ਼ ਨੂੰ 102 ਦੌੜਾਂ ਦੀ ਕਰਾਰੀ ਸ਼ਿਕਸਤ ਦਿੰਦਿਆਂ ਪਲੇਆਫ਼ ਵਿੱਚ ਦਾਖਲੇ ਦੀਆਂ ਆਸਾਂ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਨੇ ਮੇਜ਼ਬਾਨ ਟੀਮ ਵੱਲੋਂ ਦਿੱਤੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 210 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਪੂਰੀ ਟੀਮ 18.1 ਓਵਰਾਂ ਵਿੱਚ 108 ਦੌੜਾਂ ’ਤੇ ਢੇਰ ਹੋ ਗਈ। ਆਈਪੀਐਲ ਵਿੱਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਹਾਰ ਹੈ। ਇਸ ਹਾਰ ਮਗਰੋਂ ਕੇਕੇਆਰ ਤੇ ਮੁੰਬਈ ਇੰਡੀਅਨਜ਼ ਦੋਵਾਂ ਦੇ ਦਸ ਦਸ ਅੰਕ ਹਨ, ਪਰ ਨੈੱਟ ਦੌੜ ਔਸਤ ਦੇ ਅਧਾਰ ’ਤੇ ਮੁੰਬਈ ਅੰਕ ਤਾਲਿਕਾ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਕੇਕੇਆਰ ਪੰਜਵੇਂ ਸਥਾਨ ’ਤੇ ਖਿਸਕ ਗਈ ਹੈ।
ਇਸ਼ਾਨ ਨੇ ਕੇਕੇਆਰ ਦੇ ਗੇਂਦਬਾਜ਼ਾਂ ਨੂੰ ਜੰਮ ਕੇ ਕੁੱਟਿਆ। ਖਾਸ ਕਰਕੇ ਕੁਲਦੀਪ ਯਾਦਵ ਨੂੰ ਲਗਾਤਾਰ ਚਾਰ ਛੱਕੇ ਜੜੇ। ਇਸ਼ਾਨ ਨੇ ਗੇਂਦਾਂ ਵਿੱਚ ਪੰਜ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਮੁੰਬਈ ਨੂੰ ਵਿਸ਼ਾਲ ਸਕੋਰ ਤਕ ਪਹੁੰਚਾਇਆ। ਕੇਕੇਆਰ ਦੀ ਸ਼ੁਰੂਆਤ ਕਾਫ਼ੀ ਖਰਾਬ ਰਹੀ ਤੇ ਪੂਰੇ ਮੈਚ ਦੌਰਾਨ ਕੋਈ ਵੱਡੀ ਭਾਈਵਾਲੀ ਨਹੀਂ ਬਣ ਸਕੀ। ਸੁਨੀਲ ਨਰਾਇਣ ਦੂਜੀ ਹੀ ਗੇਂਦ ’ਤੇ ਮਿਸ਼ੇਲ ਮੈਕਲੀਨਾਗਨ ਦਾ ਸ਼ਿਕਾਰ ਬਣਿਆ। ਕ੍ਰਿਸ ਲਿਨ 21 ਤੇ ਰੋਬਿਨ ਉਥੱਪਾ 14 ਵੀ ਵੱਡੀਆਂ ਪਾਰੀਆਂ ਖੇਡਣ ਵਿੱਚ ਨਾਕਾਮ ਰਹੇ। ਹਾਰਦਿਕ ਪੰਡਿਆ ਨੇ ਨਿਤੀਸ਼ ਰਾਣਾ 21 ਤੇ ਆਂਦਰੇ ਰਸਲ 2 ਨੂੰ ਪੈਵਿਲੀਅਨ ਭੇਜ ਕੇ ਕੇਕੇਆਰ ਦੀਆਂ ਵਾਪਸੀ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਮੁੰਬਈ ਲਈ ਕੁਨਾਲ ਤੇ ਹਾਰਦਿਕ ਪੰਡਿਆ ਨੇ ਦੋ ਦੋ ਵਿਕਟ ਲਏ।
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਸ਼ਾਨ ਕਿਸ਼ਨ ਤੇ ਬੈੱਨ ਕਟਿੰਗ ਦੀਆਂ ਤੇਜ਼ਤਰਾਰ ਪਾਰੀਆਂ ਦੀ ਮਦਦ ਨਾਲ ਪਹਿਲਾਂ ਬੱਲੇਬਾਜ਼ੀ ਕਰਦਿਆਂ 210/6 ਦਾ ਸਕੋਰ ਬਣਾਇਆ। ਸੂਰਿਆ ਕੁਮਾਰ ਯਾਦਵ ਤੇ ਕਪਤਾਨ ਰੋਹਿਤ ਸ਼ਰਮਾ ਨੇ 36-36, ਕਟਿੰਗ ਨੇ 24 ਤੇ ਹਾਰਦਿਕ ਪੰਡਿਆ ਨੇ 19 ਦੌੜਾਂ ਦਾ ਯੋਗਦਾਨ ਪਾਇਆ। ਕੇਕੇਆਰ ਲਈ ਤਿੰਨ ਵਿਕਟਾਂ ਲੈ ਕੇ ਪਿਯੂਸ਼ ਚਾਵਲਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ।
 

 

 

fbbg-image

Latest News
Magazine Archive