ਕਠੂਆ ਕੇਸ ਦੀ ਸੁਣਵਾਈ ਪਠਾਨਕੋਟ ਤਬਦੀਲ


ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਕਠੂਆ ਗੈਂਗਰੇਪ ਤੇ ਹੱਤਿਆ ਦੇ ਕੇਸ ਦਾ ਮੁਕੱਦਮਾ ਪਠਾਨਕੋਟ ਵਿੱਚ ਤਬਦੀਲ ਕਰ ਦਿੱਤਾ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਹ ਵੀ ਹਦਾਇਤ ਕੀਤੀ ਕਿ ਮੁਕੱਦਮੇ ਦੀ ਸੁਣਵਾਈ ਰੋਜ਼-ਬ-ਰੋਜ਼ ਆਧਾਰ ’ਤੇ ਫਾਸਟ ਟਰੈਕ ਤੇ ਬਿਨਾਂ ਹੋਰ ਦੇਰੀ ਤੋਂ ਕੀਤੀ ਜਾਵੇ ਤੇ ਕਾਰਵਾਈ ਕੈਮਰੇ ’ਤੇ ਰਿਕਾਰਡ ਕੀਤੀ ਜਾਵੇ ਪਰ ਬੈਂਚ ਨੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਗੁਰੇਜ਼ ਕੀਤਾ ਤੇ ਕਿਹਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਦੋਸ਼ ਪੱਤਰ ਦਾਇਰ ਹੋ ਚੁੱਕੇ ਹਨ। ਲਿਹਾਜ਼ਾ ਸੀਬੀਆਈ ਜਾਂਚ ਦੀ ਕੋਈ ਲੋੜ ਨਹੀਂ। ਬੈਂਚ ਨੇ ਕਿਹਾ ਕਿ ਮੁਕੱਦਮੇ ਦੀ ਕਾਰਵਾਈ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਵਿੱਚ ਸ਼ਾਮਲ ਹੋਣ ਸਮੇਂ ਪੀੜਤ, ਗਵਾਹ ਜਾਂ ਮੁਲਜ਼ਮ ਕਿਸੇ ਨੂੰ ਵੀ ਡਰ ਨਾ ਮਹਿਸੂਸ ਹੋਵੇ।
ਬੈਂਚ ਨੇ ਕਿਹਾ ਕਿ ਮੁਕੱਦਮੇ ਦੀ ਕਾਰਵਾਈ ਜੰਮੂ ਕਸ਼ਮੀਰ ਵਿੱਚ ਲਾਗੂ ਰਣਬੀਰ ਪੀਨਲ ਕੋਡ ਅਨੁਸਾਰ ਚਲਾਈ ਜਾਵੇ ਤੇ ਪੀੜਤ ਪਰਿਵਾਰ ਤੇ ਮੁਲਜ਼ਮਾਂ ਦੋਵੇਂ ਧਿਰਾਂ ਲਈ ਨਿਆਂਪੁੂਰਨ ਢੰਗ ਨਾਲ ਮੁਕੰਮਲ ਕੀਤੀ ਜਾਵੇ। ਰਾਜ ਸਰਕਾਰ ਨੂੰ ਪੀੜਤ ਪਰਿਵਾਰ, ਉਨ੍ਹਾਂ ਦੇ ਵਕੀਲ ਤੇ ਗਵਾਹਾਂ ਨੂੰ ਸੁਰੱਖਿਅਤ ਢੰਗ ਨਾਲ ਕਠੂਆ ਤੋਂ ਪਠਾਨਕੋਟ ਲਿਜਾਣ ਤੇ ਉੱਥੇ ਰੱਖਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸਰਬਉਚ ਅਦਾਲਤ ਨੇ ਮਾਰੀ ਗਈ ਬੱਚੀ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਵਕੀਲ ਦੀ ਸੁਰੱਖਿਆ ਜਾਰੀ ਰੱਖਣ ਦਾ ਹੁਕਮ ਦਿੱਤਾ ਤੇ ਕੇਸ ਦੇ ਬਿਆਨਾਂ ਤੇ ਰਿਕਾਰਡ ਦਾ ਉਰਦੂ ਤੋਂ ਅੰਗਰੇਜ਼ੀ ਵਿੱਚ ਤਰਜਮਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਕੇਸ ਦੇ ਇਕ ਬਾਲ ਮੁਲਜ਼ਮ ਨੂੰ ਮੁਹੱਈਆ ਕਰਵਾਈ ਸੁਰੱਖਿਆ ਵੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਬੈਂਚ ਵਿੱਚ ਜਸਟਿਸ ਡੀ ਵਾਈ ਚੰਦਰਚੂੜ ਤੇ ਇੰਦੂ ਮਲਹੋਤਰਾ ਸ਼ਾਮਲ ਸਨ। ਬੈਂਚ ਨੇ ਅਗਲੀ ਸੁਣਵਾਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 9 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।
ਜੰਮੂ ਕਸ਼ਮੀਰ ਦੇ ਕਠੁੂਆ ਨੇੜੇ ਇਕ ਪਿੰਡ ਵਿੱਚ ਲੰਘੀ 10 ਜਨਵਰੀ ਨੂੰ ਅੱਠ ਸਾਲ ਦੀ ਬੱਚੀ ਲਾਪਤਾ ਹੋ ਗਈ ਸੀ ਤੇ ਹਫ਼ਤੇ ਬਾਅਦ ਉਸ ਦੀ ਲਾਸ਼ ਜੰਗਲੀ ਇਲਾਕੇ ’ਚੋਂ ਮਿਲੀ ਸੀ। ਰਾਜ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਸੱਤ ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ ਤੇ ਇਕ ਬਾਲ ਮੁਲਜ਼ਮ ਖ਼ਿਲਾਫ਼ ਵੱਖਰੇ ਤੌਰ ’ਤੇ ਦੋਸ਼ ਪੱਤਰ ਦਾਇਰ ਕੀਤਾ ਸੀ। ਦੋਸ਼ ਪੱਤਰ ਵਿੱਚ ਬੱਚੀ ਨੂੰ ਅਗਵਾ ਕਰ ਕੇ ਉਸ ਨੂੰ ਇਕ ਧਾਰਮਿਕ ਸਥਾਨ ਵਿੱਚ ਬੇਸੁਧ ਕਰ ਕੇ ਰੱਖਣ ਤੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਤੇ ਅੰਤ ਨੂੰ ਉਸ ਦੀ ਹੱਤਿਆ ਕਰਨ ਦੇ ਵੇਰਵੇ ਦਿੱਤੇ ਗਏ ਸਨ।  
ਪੀੜਤ ਪਿਤਾ ਨੇ ਕੀਤਾ ਤਸੱਲੀ ਦਾ ਇਜ਼ਹਾਰ
ਜੰਮੂ - ਵਹਿਸ਼ਤ ਦਾ ਸ਼ਿਕਾਰ ਬਣੀ ਬੱਚੀ ਦੇ ਪੀੜਤ ਪਿਤਾ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਭਰੋਸਾ ਹੈ। ਰਾਮਬਨ ਜ਼ਿਲੇ ਤੋਂ ਫੋਨ ’ਤੇ ਪੀਟੀਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ‘‘ ਅਸੀਂ ਸਿਰਫ਼ ਇਨਸਾਫ਼ ਚਾਹੁੰਦੇ ਹਾਂ…ਮੈਨੂੰ ਨਿਆਂਪਾਲਿਕਾ ਤੇ ਸਰਕਾਰ ’ਤੇ ਪੂਰਾ ਭਰੋਸਾ ਹੈ। ਅਸੀਂ ਸੀਬੀਆਈ ਜਾਂਚ ਨਹੀਂ ਚਾਹੁੰਦੇ। ਸਾਡੀ ਮੰਗ ਇੰਨੀ ਹੈ ਕਿ ਇਨਸਾਫ਼ ਕੀਤਾ ਜਾਵੇ।’’
ਸਾਡੀ ਪੁਲੀਸ ਦਾ ਮਨੋਬਲ ਵਧਿਆ: ਮਹਿਬੂਬਾ
ਸ੍ਰੀਨਗਰ - ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਪਣੇ ਇਕ ਟਵੀਟ ਰਾਹੀਂ ਮੁਕੱਦਮੇ ਦੀ ਕਾਰਵਾਈ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰਾਜ ਦੀ ਪੁਲੀਸ ਦਾ ਮਨੋਬਲ ਮਜ਼ਬੂਤ ਹੋਵੇਗਾ ਜਿਸ ਨੇ ਅੱਠ ਸਾਲ ਦੀ ਬੱਚੀ ਨੂੰ ਨਿਆਂ ਦਿਵਾਉਣ ਲਈ ਨਿੱਠ ਕੇ ਜਾਂਚ ਕੀਤੀ ਸੀ

 

Latest News
Magazine Archive