ਅਫ਼ਗਾਨ ਅਧਿਕਾਰੀਆਂ ਵੱਲੋਂ ਸੱਤ ਭਾਰਤੀ ਇੰਜਨੀਅਰਾਂ ਦੀ ਤਲਾਸ਼


ਕਾਬੁਲ - ਅਫ਼ਗਾਨਿਸਤਾਨ ਦੇ ਬਾਗ਼ਲਾਨ ਸੂਬੇ ਵਿੱਚ ਤਾਲਿਬਾਨ ਬੰਦੂਕਧਾਰੀਆਂ ਵੱਲੋਂ ਅਗ਼ਵਾ ਕੀਤੇ ਸੱਤ ਭਾਰਤੀ ਇੰਜਨੀਅਰਾਂ ਨੂੰ ਤਲਾਸ਼ ਕਰ ਕੇ ਛੁਡਵਾਉਣ ਲਈ ਅਧਿਕਾਰੀਆਂ ਵਲੋਂ ਕਬਾਇਲੀ ਆਗੂਆਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ।
ਸੂਬਾਈ ਪੁਲੀਸ ਦੇ ਤਰਜਮਾਨ ਜ਼ਬੀਉਲ੍ਹਾ ਸ਼ੁਜਾ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬੰਧਕਾਂ ਦੀ ਹਾਲਤ ਠੀਕ-ਠਾਕ ਹੈ। ਸ੍ਰੀ ਸ਼ੁਜਾ ਨੇ ਦੱਸਿਆ ਕਿ ਆਰਪੀਜੀ ਗਰੁਪ ਦੀ ਕੇਈਸੀ ਇੰਟਰਨੈਸ਼ਨਲ ਕੰਪਨੀ ਦੇ ਇਹ ਇੰਜਨੀਅਰ ਇਕ ਬਿਜਲੀ ਸਬ-ਸਟੇਸ਼ਨ ਦੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ। ਅਤਿਵਾਦੀਆਂ ਨੇ ਉਨ੍ਹਾਂ ਨੂੰ ਕੱਲ੍ਹ ਚਸ਼ਮਾ-ਏ-ਸ਼ੇਰ ਇਲਾਕੇ ’ਚੋਂ ਅਗ਼ਵਾ ਕੀਤਾ ਸੀ ਜਦੋਂ ਉਹ ਪ੍ਰਾਜੈਕਟ ਦੇ ਕੰਮ ਦਾ ਨਰੀਖਣ ਕਰਨ ਜਾ ਰਹੇ ਸਨ। ਇਕ ਚਸ਼ਮਦੀਦ ਨੇ ਪਝੋਕ ਅਫ਼ਗਾਨ ਨਿਊਜ਼ ਨੂੰ ਦੱਸਿਆ ਕਿ ਉਸ ਨੇ ਪੁਲੀ ਖੁਮਰੀ ਮਜ਼ਾਰ-ਏ-ਸ਼ਰੀਫ਼ ਰਾਜਮਾਰਗ ’ਤੇ ਕਈ ਹਥਿਆਰਬੰਦ ਬੰਦਿਆਂ ਨੂੰ ਇਕ ਚਿੱਟੀ ਕਾਰ ਨੂੰ ਰੋਕਦਿਆਂ ਦੇਖਿਆ ਸੀ। ਹਾਲਾਂਕਿ ਉਹ ਇਹ ਤਾਂ ਨਾ ਦੱਸ ਸਕਿਆ ਕਿ ਕਾਰ ਵਿੱਚ ਕਿੰਨੇ ਜਣੇ ਸਵਾਰ ਸਨ ਪਰ ਉਸ ਨੇ ਭਾਰਤੀ ਨਾਗਰਿਕਾਂ ਨੂੰ ਇਕ ਮਿਨੀ ਬੱਸ ਨੁਮਾ ਗੱਡੀ ਵਿੱਚ ਬਿਠਾ ਕੇ ਲਿਜਾਂਦੇ ਦੇਖਿਆ ਸੀ। ਬਾਗ਼ਲਾਨ ਦੇ ਗਵਰਨਰ ਅਬਦੁਲ ਨੇਮਾਤੀ ਨੇ ਕਿਹਾ ਕਿ ਸੁਰੱਖਿਆ ਦਸਤੇ ਤੇ ਮੁਕਾਮੀ ਅਹਿਲਕਾਰ ਲਾਪਤਾ ਹੋਏ ਇੰਜਨੀਅਰਾਂ ਤੇ ਡਰਾਈਵਰ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਕਿਸੇ ਵੀ ਗਰੁਪ ਨੇ ਅਜੇ ਤੱਕ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ। ਨਵੀਂ ਦਿੱਲੀ ਵਿੱਚ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ।    
ਸਵਰਾਜ ਨੇ ਅਫ਼ਗਾਨ ਸਰਕਾਰ ਤੋਂ ਮਦਦ ਮੰਗੀ
ਕਾਬੁਲ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਤਾਲਿਬਾਨ ਵੱਲੋਂ ਅਗ਼ਵਾ ਕੀਤੇ ਸੱਤ ਭਾਰਤੀ ਇੰਜਨੀਅਰਾਂ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਮਦਦ ਮੁਹੱਈਆ ਕਰਵਾਵੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਵਰਾਜ ਨੇ ਆਪਣੇ ਅਫ਼ਗਾਨ ਹਮਰੁਤਬਾ ਸਲਾਹੂਦੀਨ ਰੱਬਾਨੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਮਦਦ ਦੀ ਬੇਨਤੀ ਕੀਤੀ। ਸੂਤਰਾਂ ਨੇ ਦੱਸਿਆ ਕਿ ਅਫ਼ਗਾਨ ਮੰਤਰੀ ਨੇ ਬੀਬੀ ਸਵਰਾਜ ਨੂੰ ਭਰੋਸਾ ਦਿਵਾਇਆ ਕਿ ਉਹ ਭਾਰਤੀ ਇੰਜਨੀਅਰਾਂ ਨੂੰ ਛੁਡਾਉਣ ਲਈ ਪੂਰੀ ਵਾਹ ਲਾਉਣਗੇ।

 

 

fbbg-image

Latest News
Magazine Archive