ਮਲਵਈਆਂ ਦੀ ਖੇਡਾਂ ਵਿੱਚ ਵੀ ਚੜ੍ਹਤ


ਬਠਿੰਡਾ - ਨਰਮਾ ਪੱਟੀ ਵੱਜੋਂ ਮਸ਼ਹੂਰ ਮਲਵਈ ਖੇਤਰ ਦਾ ਹੁਣ ਰੰਗ ਬਦਲ ਰਿਹਾ ਹੈ। ਵੱਖ-ਵੱਖ ਖੇਤਰਾਂ ਮਗਰੋਂ ਹੁਣ ਮਾਲਵਾ ਖੇਡਾਂ ਵਿੱਚ ਵੀ ਜਿੱਤ ਦੇ ਝੰਡੇ ਗੱਡਣ ਲੱਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਇਸ ਖਿੱਤੇ (ਰਾਮਪੁਰਾ ਫੂਲ, ਬਠਿੰਡਾ, ਮਾਨਸਾ, ਗਿੱਦੜਬਾਹਾ) ਦੇ ਖਿਡਾਰੀਆਂ ਨੇ ਦੋ ਸੁਨਹਿਰੀ ਤਗ਼ਮਿਆਂ ਸਣੇ ਛੇ ਤਗ਼ਮੇ ਭਾਰਤ ਦੀ ਝੋਲੀ ਪਾਏ ਹਨ। ਰਾਮਪੁਰਾ ਫੂਲ ਦੇ ਇੰਦਰਜੀਤ ਸਿੰਘ ਨੇ ਰਾਜਸਥਾਨ ਦੇ ਸ਼ਹਿਰ ਉਦੈਪੁਰ ਵਿੱਚ ਹੋਈ ਏਸ਼ਿਆਈ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ 105 ਕਿਲੋ ਵਜ਼ਨ ਵਰਗ ਸੋਨ ਤਗ਼ਮਾ ਜਿੱਤਿਆ। ਘਰ ਦੀਆਂ ਤੰਗੀਆਂ-ਤਰੁਸ਼ੀਆਂ ਨਾਲ ਜੂਝ ਰਿਹਾ ਇੰਦਰਜੀਤ ਸਿੰਘ ਬੈਂਚ ਪ੍ਰੈੱਸ, ਡੈਡ ਵੇਟ ਅਤੇ ਸਕਾਟ ਤਿੰਨਾਂ ਹੀ ਵਰਗਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਕੇ ਓਵਰਆਲ ਜੇਤੂ ਬਣਿਆ।  ਬੁਢਲਾਡਾ ਦੇ ਨੌਜਵਾਨ ਰਮਨ ਕੁਮਾਰ ਨੇ 70 ਕਿਲੋ ਵਜ਼ਨ ਵਰਗ ਵਿੱਚ ਪਾਵਰ ਲਿਫਟਿੰਗ ’ਚੋਂ ਸੋਨ ਤਗ਼ਮਾ ਹਾਸਲ ਕੀਤਾ। ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ ਵਿੱਚ ਬਠਿੰਡਾ ਦੇ ਕਰਨ ਚੌਹਾਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੀ ਹਰਦੀਪ ਕੌਰ, ਅਤਲਾ ਖੁਰਦ ਦੀ ਹਰਪ੍ਰੀਤ ਕੌਰ ਅਤੇ ਗਿੱਦੜਬਾਹਾ ਦੇ ਗੁਰਸੇਵਕ ਸਿੰਘ ਨੇ ਇੱਕ-ਇੱਕ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਹਰਦੀਪ ਕੌਰ(50 ਕਿਲੋ) ਨੇ ਸ੍ਰੀਲੰਕਾ, ਪਾਕਿਸਤਾਨ, ਨੇਪਾਲ ਤੇ ਪੱਛਮੀ ਬੰਗਾਲ ਦੀਆਂ ਵਿਰੋਧੀ ਖਿਡਾਰਨਾਂ ਨੂੰ ਚਿੱਤ ਕਰਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਅਤੇ ਹਰਪ੍ਰੀਤ ਕੌਰ (58 ਕਿਲੋ) ਨੇ ਚੀਨ ਅਤੇ ਬੰਗਲਾਦੇਸ਼ ਦੀਆਂ ਖਿਡਾਰਨਾਂ ਨੂੰ ਹਰਾਇਆ।
ਹਰਦੀਪ ਕੌਰ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਦੋਂਕਿ ਹਰਪ੍ਰੀਤ ਕੌਰ ਕਿਸਾਨੀ ਵਿੱਚੋਂ ਹੈ। ਆਰਥਿਕ ਤੰਗੀ ਨਾਲ ਜੂਝ ਰਹੀਆਂ ਇਨ੍ਹਾਂ ਖਿਡਾਰਨਾਂ ਨੇ ਉਮੀਦ ਪ੍ਰਗਟਾਈ ਕਿ ਜੇਕਰ ਪੰਜਾਬ ਸਰਕਾਰ ਖਿਡਾਰੀਆਂ ਲਈ ਕੋਚਿੰਗ ਦਾ ਪ੍ਰਬੰਧ ਕਰੇ ਤਾਂ ਖੇਡਾਂ ਦਾ ਪੱਧਰ ਹੋਰ ਉੱਚਾ ਉਠ ਸਕਦਾ ਹੈ।

 

 

fbbg-image

Latest News
Magazine Archive