ਫਗਵਾੜਾ ਕਾਂਡ: ਸਰਕਾਰ ਵੱਲੋਂ ਪੀੜਤ ਪਰਿਵਾਰ

ਦੇ ਮੈਂਬਰ ਲਈ ਨੌਕਰੀ ਦਾ ਵਾਅਦਾ


ਫਗਵਾੜਾ - ਇੱਥੇ ਇਕ ਚੌਕ ਦੇ ਨਾਂ ਤੋਂ ਹੋਏ ਝਗੜੇ ਦੌਰਾਨ ਚੱਲੀ ਗੋਲੀ ਕਾਰਨ ਮਾਰੇ ਗਏ ਵਾਲਮੀਕੀ ਭਾਈਚਾਰੇ ਦੇ ਨੌਜਵਾਨ ਜਸਵੰਤ ਉਰਫ਼ ਬੌਬੀ ਨਮਿਤ ਅੰਤਿਮ ਅਰਦਾਸ ‘ਅਮਰ ਪੈਲੇਸ’ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਇਸ ਮੌਕੇ ਪੁੱਜੀ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ, ਸਫ਼ਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਾਜ ਕੁਮਾਰ ਆਟੀਕੇ, ਚੌਧਰੀ ਮੋਹਨ ਲਾਲ (ਸਾਬਕਾ ਵਿਧਾਇਕ), ਪੰਜਾਬ ਬਸਪਾ ਦੇ ਪ੍ਰਧਾਨ ਰਸ਼ਪਾਲ ਰਾਜੂ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਲੋਕ ਇਨਸਾਫ਼ ਪਾਰਟੀ ਦੇ ਆਗੂ ਜਰਨੈਲ ਨੰਗਲ, ਵਾਲਮੀਕੀ ਭਾਈਚਾਰੇ ਦੇ ਆਗੂ ਹਰਪਾਲ ਕੌਰ ਤੇ ਅਸ਼ਵਨੀ ਸਹੋਤਾ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਡਾ. ਵੇਰਕਾ ਨੇ ਲੋਕਾਂ ਨੂੰ ਆਪਸੀ ਪਿਆਰ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਅਨੁਸਾਰ ਪਰਿਵਾਰ ਦੇ ਇਕ ਮੈਂਬਰ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇਗੀ ਅਤੇ ਚੌਕ ਦਾ ਨਾਮ ਹਰ ਕੀਮਤ ’ਤੇ ਸੰਵਿਧਾਨ ਚੌਕ ਹੀ ਰੱਖਿਆ ਜਾਵੇਗਾ। ਵਿਧਾਇਕ ਟੀਨੂੰ ਨੇ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੀ ਬਾਂਹ ਫੜਨ ਅਤੇ ਬੌਬੀ ਦੀ ਯਾਦ ਵਿੱਚ ਯਾਦਗਾਰੀ ਟਰੱਸਟ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਬਸਪਾ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਬਸਪਾ ਦੀ ਅਮਰੀਕਾ ਇਕਾਈ ਵੱਲੋਂ ਸਵਾ ਲੱਖ ਰੁਪਏ ਅਤੇ ਆਸਟਰੇਲੀਆ ਇਕਾਈ ਵੱਲੋਂ ਕਰੀਬ 50 ਹਜ਼ਾਰ ਰੁਪਏ ਦੀ ਆਈ ਰਾਸ਼ੀ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਗੋਲ ਚੌਕ ਤੋਂ ਸ਼ਹਿਰ ਅੰਦਰ ਟ੍ਰੈਫ਼ਿਕ ਦਾ ਦਾਖ਼ਲਾ ਸਖ਼ਤੀ ਨਾਲ ਬੰਦ ਕੀਤਾ ਗਿਆ ਸੀ। ਇਸੇ ਤਰ੍ਹਾਂ, ਪੁਰਾਣਾ ਸਿਵਲ ਹਸਪਤਾਲ ਚੌਕ ਅਤੇ ਬੰਗਾ ਤੋਂ ਆਉਣ ਵਾਲੇ ਵਾਹਨ ਬਾਹਰੋ-ਬਾਹਰ ਕੱਢੇ ਗਏ। ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਅਤੇ ਅਮਰ ਪੈਲੇਸ ਵਿੱਚ ਆਉਣ-ਜਾਣ ਵਾਲੇ ਲੋਕਾਂ ਦੀ ਵੀਡੀਓਗ੍ਰਾਫ਼ੀ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਵੱਲੋਂ ਸਵੇਰ ਤੋਂ ਹੀ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ’ਚ ਰੈਪਿਡ ਐਕਸ਼ਨ ਫੋਰਸ, ਪੰਜਾਬ ਪੁਲੀਸ ਦੇ ਜਵਾਨ ਤੇ ਮਹਿਲਾ ਕਰਮਚਾਰੀ ਤਾਇਨਾਤ ਸਨ।
ਜਲੰਧਰ-ਲੁਧਿਆਣਾ ਕੌਮੀ ਮਾਰਗ ਇੱਕ ਘੰਟਾ ਬੰਦ ਰਿਹਾ
ਲੁਧਿਆਣਾ - ਫਗਵਾੜਾ ਚੌਕ ਦਾ ਨਾਮ ਬਦਲਣ ਨੂੰ ਲੈ ਕੇ ਦੋ ਗੁੱਟਾਂ ਵਿੱਚ ਹੋਏ ਝਗੜੇ ਦੌਰਾਨ ਜ਼ਖ਼ਮੀ ਹੋਏ ਦਲਿਤ ਨੌਜਵਾਨ ਜਸਵੰਤ ਬੌਬੀ ਦੀ ਕੁਝ ਦਿਨ ਪਹਿਲਾਂ ਡੀਐਮਸੀ ਹਸਪਤਾਲ ’ਚ ਮੌਤ ਹੋ ਗਈ ਸੀ। ਐਤਵਾਰ ਨੂੰ ਫਗਵਾੜਾ ’ਚ ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਭੋਗ ਪਾਇਆ ਗਿਆ ਜਿਸ ਕਾਰਨ ਇਹਤਿਆਤ ਵਜੋਂ ਲੁਧਿਆਣਾ-ਜਲੰਧਰ ਕੌਮੀਮਾਰਗ ਕਰੀਬ ਇੱਕ ਘੰਟੇ ਲਈ ਬੰਦ ਰੱਖਿਆ ਗਿਆ। ਪੁਲੀਸ ਨੇ ਬਸਤੀ ਜੋਧੇਵਾਲ ਤੇ ਜਲੰਧਰ ਬਾਈਪਾਸ ਤੋਂ ਹੀ ਵਾਹਨਾਂ ਨੂੰ ਵਾਪਸ ਮੋੜਨਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਵੱਲੋਂ ਵਾਹਨਾਂ ਨੂੰ ਘੁਮਾਉਣ ਕਾਰਨ ਉਥੇਂ ਆਵਾਜਾਈ ਜਾਮ ਹੋ ਗਈ ਜਿਸ ਕਾਰਨ ਲੋਕ ਆਪਣੀ ਮੰਜ਼ਿਲ ‘ਤੇ ਪੁੱਜਣ ਲਈ ਇੱਧਰ ਉਧਰ ਭਟਕਦੇ ਰਹੇ। ਜਿਨ੍ਹਾਂ ਲੋਕਾਂ ਨੇ ਜਲੰਧਰ ਜਾਣਾ ਸੀ, ਉਹ ਨਵਾਂ ਸ਼ਹਿਰ ਤੋਂ ਹੁੰਦੇ ਹੋਏ ਜਲੰਧਰ ਲਈ ਰਵਾਨਾ ਹੋਏ। ਲੁਧਿਆਣਾ ਪੁਲੀਸ ਨੇ ਦਿੱਲੀ ਤੋਂ ਆਉਣ ਵਾਲੇ ਵਾਹਨਾਂ ਨੂੰ ਜਲੰਧਰ ਬਾਈਪਾਸ ਤੋਂ ਹੀ ਮੋੜਨਾ ਸ਼ੁਰੂ ਕਰ ਦਿੱਤਾ।

 

 

fbbg-image

Latest News
Magazine Archive