ਗੁਆਂਢੀ ਵੱਲੋਂ ਲਾਈ ਅੱਗ ’ਚ ਝੁਲਸ ਕੇ ਔਰਤ

ਤੇ 11 ਮਹੀਨੇ ਦੇ ਬੱਚੇ ਦੀ ਮੌਤ


ਟਾਂਡਾ - ਇੱਥੋਂ ਦੀ ਸੰਤ ਈਸ਼ਰ ਸਿੰਘ ਕਲੋਨੀ ਵਿੱਚ ਅੱਜ ਸਵੇਰੇ ਤੜਕੇ 6 ਵਜੇ ਦੇ ਕਰੀਬ ਇੱਕੋ ਪਰਿਵਾਰ ਦੇ ਪੰਜ ਮੈਂਬਰ ਗੁਆਂਢੀ ਵੱਲੋਂ ਰੰਜਿਸ਼ ਦੇ ਚਲਦਿਆਂ ਲਾਈ ਅੱਗ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਵਿੱਚੋਂ 11 ਮਹੀਨੇ ਦੇ ਬੱਚੇ ਦੀ ਸੜਨ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਪਰਿਵਾਰ ਦੇ ਚਾਰ ਹੋਰ ਮੈਂਬਰ 90 ਫ਼ੀਸਦੀ ਤੋਂ ਜ਼ਿਆਦਾ ਝੁਲਸ ਗਏ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਹੈ। ਇਸ ਦੌਰਾਨ ਅੱਗ ਨਾਲ ਝੁਲਸੀ ਰਜਵੰਤ ਕੌਰ ਦੀ ਦੇਰ ਸ਼ਾਮ ਲੁਧਿਆਣਾ ਵਿੱਚ ਮੌਤ ਹੋ ਗਈ ਹੈ। ਉਧਰ ਅੱਗ ਲਾਉਣ ਵਾਲਾ ਮੁਲਜ਼ਮ ਵੀ ਝੁਲਸ ਗਿਆ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਲਛਮਣ ਸਿੰਘ ਦਾ ਪਰਿਵਾਰ ਈਸ਼ਰ ਸਿੰਘ ਕਲੋਨੀ ਵਿੱਚ ਭੰਡਾਲ ਬੇਟ ਤੋਂ ਆ ਕੇ ਵਸਿਆ ਹੈ। ਇਸੇ ਕਲੋਨੀ ਦਾ ਵਸਨੀਕ ਜੋਗਿੰਦਰ ਸਿੰਘ ਜਿੰਦਾ ਆਪਣੇ ਘਰ ਵਿੱਚ ਔਰਤਾਂ ਨੂੰ ਲਿਆ ਕੇ ਅਨੈਤਿਕ ਕੰਮ ਕਰਦਾ ਸੀ, ਜਿਸ ਤੋਂ ਰੋਕਣ ’ਤੇ ਰੰਜਿਸ਼ਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਹਸਪਤਾਲ ’ਚ ਜ਼ੇਰੇ ਇਲਾਜ ਲਛਮਣ ਸਿੰਘ ਨੇ ਦੱਸਿਆ ਕਿ ਉਹ ਜੋਗਿੰਦਰ ਸਿੰਘ ਨੂੰ ਕਲੋਨੀ ਵਿੱਚ ਅਨੈਤਿਕ ਕੰਮ ਕਰਨ ਤੋਂ ਰੋਕਦੇ ਸਨ, ਜਿਸ ਨੂੰ ਲੈ ਕੇ ਜਿੰਦੇ ਨੇ ਅੱਜ ਸਵੇਰੇ ਉਸ ਨਾਲ ਪਹਿਲਾਂ ਝਗੜਾ ਕੀਤਾ ਅਤੇ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਪਰੰਤ ਤੈਸ਼ ’ਚ ਆ ਕੇ ਉਸ ਦੇ ਘਰ ਅੰਦਰ ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ਉੱਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ। ਜ਼ਖ਼ਮੀ ਲਛਮਣ ਸਿੰਘ ਨੇ ਲੋਕਾਂ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੂੰ ਅੱਗ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 11 ਮਹੀਨੇ ਦੇ ਬੱਚੇ  ਹਰਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਸੜਨ ਕਰਕੇ ਮੌਤ ਹੋ ਗਈ। ਅੱਗ ਵਿੱਚ ਲਛਮਣ ਸਿੰਘ ਦੀ ਪਤਨੀ ਗੁਰਦੇਵ ਕੌਰ, ਰਜਵੰਤ ਕੌਰ ਪਤਨੀ ਕੁਲਦੀਪ ਸਿੰਘ, ਜਸਕਰਨ ਸਿੰਘ ਪੁੱਤਰ ਕੁਲਦੀਪ ਸਿੰਘ, ਪਰਮਿੰਦਰ ਕੌਰ ਪੁੱਤਰੀ ਕੁਲਦੀਪ ਸਿੰਘ ਵੀ 90 ਫੀਸਦੀ ਤੋਂ ਵੱਧ ਝੁਲਸ ਗਏ। ਇਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਗਿਆ, ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾਂਦੀ ਹੈ। ਵਾਰਦਾਤ ਮੌਕੇ ਪਰਿਵਾਰ ਦਾ ਮੁੱਖ ਮੈਂਬਰ ਕੁਲਦੀਪ ਸਿੰਘ ਆਪਣੇ ਕਿਸੇ ਦੋਸਤ ਦੀ ਬੇਟੀ ਦੇ ਵਿਆਹ ’ਤੇ ਭੋਗਪੁਰ ਗਿਆ ਹੋਇਆ ਸੀ।
ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਮੁਖੀ ਪ੍ਰਦੀਪ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਐਸਐਸਪੀ ਹੁਸ਼ਿਆਰਪੁਰ ਜੇ. ਇਲਨਚੇਲੀਅਨ ਨੇ ਵੀ ਘਟਨਾ ਸਥਾਨ ’ਤੇ ਪੁੱਜ ਕੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਜਾਂਚ ਉਪਰੰਤ ਟਾਂਡਾ ਪੁਲੀਸ ਨੇ ਦੋਸ਼ੀ ਜੋਗਿੰਦਰ ਸਿੰਘ ਜਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਵੀ ਅੱਗ ਨਾਲ ਝੁਲਸਿਆ ਹੈ ਜਿਸ ਕਰਕੇ ਉਸ ਨੂੰ ਟਾਂਡਾ ਦੇ ਹਸਪਤਾਲ ਵਿੱਚ ਮੁੱਢਲੀ ਮਦਦ ਦੇਣ ਉਪਰੰਤ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ।

 

 

fbbg-image

Latest News
Magazine Archive