ਆਈਪੀਐਲ ਪਲੇਆਫ ਵਿੱਚ ਥਾਂ ਬਣਾਉਣਾ ਹੈ ਹੈਦਰਾਬਾਦ ਦਾ ਮੁੱਖ ਨਿਸ਼ਾਨਾ


ਹੈਦਰਾਬਾਦ - ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸੋਮਵਾਰ ਨੂੰ ਰੌਇਲ ਚੈਲੰਜਰਜ਼ ਬੈਂਗਲੌਰ ਖ਼ਿਲਾਫ ਹੋਣ ਵਾਲੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਆਈਪੀਐਲ-11 ਦੇ ਪਲੇਆਫ਼ ਵਿੱਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ, ਜਦਕਿ ਬੈਂਗਲੋਰ ਦਾ ਟੀਚਾ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੋਵੇਗਾ।
ਆਈਪੀਐਲ ਇਸ ਸਮੇਂ ਅਜਿਹੇ ਮੋੜ ’ਤੇ ਪਹੁੰਚ ਗਿਆ ਹੈ, ਜਿਥੇ ਹਰੇਕ ਟੀਮ ਲਈ ਹਰ ਮੈਚ ਮਹੱਤਵਪੂਰਨ ਹੋ ਗਿਆ ਹੈ। ਹੈਦਰਾਬਾਦ ਟੀਮ ਹੁਣ ਤਕ ਨੌਂ ਮੈਚਾਂ ਵਿੱਚੋਂ ਸੱਤ ਮੈਚ ਜਿੱਤ ਕੇ ਆਪਣੇ ਅੰਕਾਂ ਦੀ ਗਿਣਤੀ 14 ਕਰ ਚੁੱਕੀ ਹੈ। ਸੂਚੀ ਵਿੱਚ ਚੋਟੀ ’ਤੇ ਕਾਬਜ਼ ਹੈਦਰਾਬਾਦ ਨੂੰ ਪਲੇਆਫ ਵਿੱਚ ਥਾਂ ਬਣਾਉਣ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ ਅਤੇ ਜੇਕਰ ਉਹ ਕੱਲ੍ਹ ਬੰਗਲੌਰ ਨੂੰ ਹਰਾ ਦਿੰਦੀ ਹੈ ਤਾਂ ਉਹ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ।
ਦੂਜੇ ਪਾਸੇ, ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੰਗਲੌਰ ਦੀ ਟੀਮ ਦੀ ਹਾਲਤ ਕਾਫੀ ਖ਼ਰਾਬ ਹੈ ਅਤੇ ਪਿਛਲੇ ਮੈਚ ਵਿੱਚ ਤਾਂ ਉਸ ਨੇ ਬੱਲੇਬਾਜ਼ੀ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਕੀਤਾ ਸੀ। ਬੰਗਲੌਰ ਨੇ ਨੌਂ ਮੈਚਾਂ ਵਿੱਚ ਸਿਰਫ਼ ਤਿੰਨ ਮੈਚ ਜਿੱਤੇ ਹਨ ਅਤੇ ਉਹ ਛੇ ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਜੇਕਰ ਬੰਗਲੌਰ ਕੱਲ੍ਹ ਦਾ ਮੈਚ ਹਾਰਦੀ ਹੈ ਤਾਂ ਉਸ ਨੂੰ ਬਾਕੀ ਦੇ ਸਾਰੇ ਮੈਚ ਜਿੱਤਣੇ ਹੋਣਗੇ ਅਤੇ ਹੋਰ ਟੀਮਾਂ ਦੇ ਨਤੀਜਿਆਂ ਨੂੰ ਵੀ ਵਾਚਣਾ ਹੋਵੇਗਾ ਤਾਂ ਹੀ ਉਸ ਲਈ ਕੁੱਝ ਉਮੀਦ ਬਣ ਸਕਦੀ ਹੈ।
ਕੇਨ ਵਿਲੀਅਮਸਨ ਦੀ ਹੈਦਰਾਬਾਦ ਟੀਮ ਅਤੇ ਵਿਰਾਟ ਦੀ ਬੈਂਗਲੌਰ ਟੀਮ ਦਾ ਮੁਕਾਬਲਾ ਅਜਿਹੀਆਂ ਦੋ ਟੀਮਾਂ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਇੱਕ ਦਾ ਆਤਮਵਿਸ਼ਵਾਸ ਚੋਟੀ ’ਤੇ ਹੈ, ਜਦੋਂਕਿ ਦੂਜੀ ਆਪਣਾ ਮਨੋਬਲ ਗੁਆ ਬੈਠੀ ਹੈ। ਬੈਂਗਲੌਰ ਟੀਮ ਦੀ ਪਿਛਲੇ ਮੈਚ ਦੌਰਾਨ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਬੱਲੇਬਾਜ਼ੀ ਕਾਫ਼ੀ ਖ਼ਰਾਬ ਰਹੀ ਸੀ ਅਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਸਟਾਰ ਖਿਡਾਰੀਆਂ ਨਾਲ ਸਜ਼ੀ ਟੀਮ ਅਜਿਹਾ ਨਮੋਸ਼ੀਜਨਕ ਪ੍ਰਦਰਸ਼ਨ ਕਰੇਗੀ।
ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ (53) ਅਤੇ ਟਿਮ ਸਾਊਦੀ (ਨਾਬਾਦ 36) ਤੋਂ ਬਿਨਾਂ ਹੋਰ ਕੋਈ ਬੱਲੇਬਾਜ਼ ਦਹਾਈ ਦੇ ਅੰਕ ਤਕ ਨਹੀਂ ਪਹੁੰਚ ਸਕਿਆ ਸੀ। ਬ੍ਰੈਡਨ ਮੈਕੁਲਮ ਪੰਜ, ਕਪਤਾਨ ਕੋਹਲੀ ਅੱਠ ਅਤੇ ਏਬੀ ਡਿਵਿਲੀਅਰਜ਼ ਇੱਕ, ਮਨਦੀਪ ਸਿੰਘ ਸੱਤ ਅਤੇ ਕੋਲਿਨ ਡੀ ਗ੍ਰੈਂਡਹੋਮ ਅੱਠ ਦੌੜਾਂ ਹੀ ਬਣਾ ਸਕੇ।

 

 

fbbg-image

Latest News
Magazine Archive