ਸ਼ਾਹਕੋਟ: ਲਾਡੀ ’ਤੇ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ


ਜਲੰਧਰ - ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਹਲਕੇ ਦੇ ਮਹਿਤਪੁਰ ਥਾਣੇ ’ਚ ਤਾਇਨਾਤ ਕੀਤੇ ਗਏ ਐਸਐਚਓ ਪਰਮਿੰਦਰ ਸਿੰਘ ਬਾਜਵਾ ਨੇ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਗ਼ੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕੀਤਾ ਹੈ। ਟਿਕਟ ਮਿਲਣ ਦੇ ਦੂਜੇ ਦਿਨ ਹੀ ਲਾਡੀ ਖ਼ਿਲਾਫ਼ ਪਰਚਾ ਦਰਜ ਹੋਣ ਨਾਲ ਕਾਂਗਰਸ ਸਰਕਾਰ ਸਿਆਸੀ ਸੰਕਟ ’ਚ ਫਸ ਗਈ ਹੈ। ਉਧਰ ਲਾਡੀ ਸ਼ੇਰੋਵਾਲੀਆਂ ਨੇ ਇਸ ਨੂੰ ਵਿਰੋਧੀਆਂ ਦੀ ਚਾਲ ਕਰਾਰ ਦਿੰਦਿਆਂ ਅੰਦੇਸ਼ਾ ਪ੍ਰਗਟ ਕੀਤਾ ਕਿ ਪਾਰਟੀ ਅੰਦਰਲੇ ਕਿਸੇ ਵਿਰੋਧੀ ਨੇ ਹੀ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਘੜੀ ਹੈ। ਇਸ ਦੌਰਾਨ ਪਰਚਾ ਦਰਜ ਕਰਨ ਵਾਲੇ ਐਸਐਚਓ ਨੂੰ ਦੋ ਦਿਨਾਂ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ ਜਦਕਿ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਸ ਦਾ ਬਲੱਡ ਪ੍ਰੈਸ਼ਰ ਵਧ ਗਿਆ ਹੈ ਜਿਸ ਕਰਕੇ ਉਸ ਨੂੰ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤਕ ਲਾਡੀ ਸ਼ੇਰੋਵਾਲੀਆ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ। ਐਸਐਚਓ ਬਾਜਵਾ ਵੱਲੋਂ ਲਿਖਿਆ ਗਿਆ ਅਸਤੀਫ਼ਾ ਵੀ ਵਾਇਰਲ ਹੋਇਆ ਹੈ ਪਰ ਬਾਅਦ ’ਚ ਨਾਟਕੀ ਢੰਗ ਨਾਲ ਉਨ੍ਹਾਂ ਇਸ ਨੂੰ ਗਲਤ ਕਰਾਰ ਦਿੱਤਾ ਅਤੇ ਇਕ ਹੋਰ ਚਿੱਠੀ ਲਿਖ ਕੇ ਆਪਣੀ ਨੌਕਰੀ ਬਰਕਰਾਰ ਰੱਖਣ ਦੀ ਗੱਲ ਆਖੀ। ਐਸਐਸਪੀ ਨੂੰ ਲਿਖੀ ਪਹਿਲੀ ਚਿੱਠੀ ’ਚ ਸ੍ਰੀ ਬਾਜਵਾ ਨੇ ਜਾਂ ਤਾਂ ਅਸਤੀਫ਼ਾ ਮਨਜ਼ੂਰ ਕਰਨ ਅਤੇ ਜਾਂ ਫਿਰ ਇਸੇ ਦਿਨ ਤੋਂ ਛੁੱਟੀ ਭੇਜਣ ਦੀ ਗੱਲ ਲਿਖੀ ਸੀ। ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪਰਚਾ ਦਰਜ ਕਰਨ ਸਮੇਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਸਾਰੇ ਮਾਮਲੇ ਦੀ ਜਾਂਚ ਹੋਵੇਗੀ।  ਜ਼ਿਕਰਯੋਗ ਹੈ ਕਿ ਅੱਜ ਤੜਕੇ ਸਾਢੇ 4 ਵਜੇ ਦੇ ਕਰੀਬ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਅਣਕਿਆਸੇ ਦਰਜ ਹੋਏ ਇਸ ਪਰਚੇ ਨੇ ਸਰਕਾਰੀ ਤੰਤਰ ਨੂੰ ਭੱਜ-ਨੱਠ ਪਾ ਦਿੱਤੀ ਹੈ। ਲਾਡੀ ਸ਼ੇਰੋਵਾਲੀਆ ਅਤੇ ਦੋ ਠੇਕੇਦਾਰਾਂ ਸੁਰਿੰਦਰ ਸਿੰਘ ਅਤੇ ਅਸਵਿੰਦਰ ਸਿੰਘ ਖ਼ਿਲਾਫ਼ ਮਾਈਨਜ਼ ਐਂਡ ਮਿਨਰਲ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੀ ਧਾਰਾ 21 ਅਤੇ ਆਈਪੀਸੀ 1860 ਦੀ ਧਾਰਾ 379 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਭੱਠਾ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਮੋਹਨ ਸਿੰਘ ਨੇ ਥਾਣਾ ਨਕੋਦਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਲਾਡੀ ਸ਼ੇਰੋਵਾਲੀਆ ਦੀ ਸ਼ਹਿ ’ਤੇ ਹਲਕੇ ’ਚ ਗ਼ੈਰਕਾਨੂੰਨੀ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਸ਼ਾਹਕੋਟ ਦੇ ਡੀਐਸਪੀ ਤੋਂ ਹੁੰਦੀ ਹੋਈ ਇਹ ਸ਼ਿਕਾਇਤ ਥਾਣਾ ਮਹਿਤਪੁਰ ਪਹੁੰਚੀ ਸੀ।
ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਦਰਜ ਹੋਏ ਪਰਚੇ ਬਾਰੇ ਐਸਐਸਪੀ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮਾਈਨਿੰਗ ਸਬੰਧੀ ਆਉਂਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਜਾਂਚ ’ਚ ਮਾਈਨਿੰਗ ਵਿਭਾਗ ਅਤੇ ਰੈਵੇਨਿਊ ਵਿਭਾਗ ਦੀ ਸਹਾਇਤਾ ਲੈਣੀ ਹੁੰਦੀ ਹੈ ਪਰ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਪਹਿਲਾਂ ਅਜਿਹੀ ਕੋਈ ਸਹਾਇਤਾ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਸਿਰਫ਼ ਗ਼ੈਰਕਾਨੂੰਨੀ ਮਾਈਨਿੰਗ ਸਬੰਧੀ ਪੜਤਾਲ ਕਰਕੇ 24 ਘੰਟੇ ਅੰਦਰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਸਨ, ਨਾ ਕਿ 24 ਘੰਟੇ ਅੰਦਰ ਪਰਚਾ ਦਰਜ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਡੀਐਸਪੀ ਦਿਲਬਾਗ ਸਿੰਘ, ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਆਈ ਸ਼ਿਕਾਇਤ ਦੀ ਜਾਂਚ ਕਰਨਗੇ ਜਦਕਿ ਐਸਪੀ (ਡੀ) ਬਲਕਾਰ ਸਿੰਘ ਐਸਐਚਓ ਬਾਜਵਾ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਕਰਨਗੇ।
ਜਾਣਕਾਰੀ ਅਨੁਸਾਰ ਪਰਚਾ ਦਰਜ ਕਰਨ ਮਗਰੋਂ ਸਵੇਰੇ ਪੌਣੇ 10 ਵਜੇ ਐਸਐਚਓ ਬਾਜਵਾ ਆਪਣਾ ਅਸਤੀਫ਼ਾ ਥਾਣੇ ’ਚ ਰੱਖ ਗਏ ਅਤੇ ਖੁਦ ਲਾਪਤਾ ਹੋ ਗਏ। ਉਹ ਆਪਣਾ ਮੋਬਾਈਲ ਵੀ ਥਾਣੇ ਅੰਦਰ ਹੀ ਛੱਡ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਾਲ ਕਰਕੇ ਨੌਕਰੀ ’ਤੇ ਬਹਾਲ ਰਹਿਣ ਲਈ ਦੂਸਰੀ ਚਿੱਠੀ ਲਿਖਵਾਈ ਗਈ। ਸ੍ਰੀ ਭੁੱਲਰ ਮੁਤਾਬਕ ਥਾਣਾ ਛੱਡ ਕੇ ਜਾਣ ਦੇ ਮਾਮਲੇ ਦੀ ਵੀ ਜਾਂਚ ਹੋਵੇਗੀ। ਜ਼ਿਕਰਯੋਗ ਹੈ ਕਿ ਐਸਐਚਓ ਪਰਮਿੰਦਰ ਸਿੰਘ ਦਾ ਤਬਾਦਲਾ 23 ਅਪਰੈਲ ਨੂੰ ਮਹਿਤਪੁਰ ਥਾਣੇ ’ਚ ਹੋਇਆ ਸੀ ਅਤੇ 26 ਅਪਰੈਲ ਨੂੰ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ।
ਸ਼ਾਹਕੋਟ ਚੋਣ: ਅਕਾਲੀ ਦਲ ਨੇ ਲਾਡੀ ਦਾ ਪੁਤਲਾ ਫੂਕਿਆ
ਸਾਹਕੋਟ - ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਦਾ ਪੁਤਲਾ ਫੂਕ ਕੇ ਸਹਾਇਕ ਚੋਣ ਅਧਿਕਾਰੀ ਮਨਦੀਪ ਸਿੰਘ ਮਾਨ ਨੂੰ ਮੰਗ ਪੱਤਰ ਦੇ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂ , ਸੇਠ ਸੱਤਪਾਲ ਮੱਲ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਸਿੰਧੜ, ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ, ਬਚਿੱਤਰ ਸਿੰਘ ਕੋਹਾੜ ਅਤੇ ਕੇਵਲ ਸਿੰਘ ਰੂਪੇਵਾਲੀ ਨੇ ਧਰਨੇ ਨੂੰ ਸੰਬੋਧਤ ਕੀਤਾ। ਉਨ੍ਹਾਂ ਚੋਣ ਕਮਿਸ਼ਨ ਤੋਂ ਨਿਰਪੱਖ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ।
ਕਾਂਗਰਸ ਉਮੀਦਵਾਰ ਬਦਲਣ ਦਾ ਸਵਾਲ ਹੀ ਨਹੀਂ: ਜਾਖੜ
ਚੰਡੀਗੜ੍ਹ - ਸ਼ਾਹਕੋਟ ਹਲਕੇ ਤੋਂ ਹੁਕਮਰਾਨ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਗ਼ੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਹੋਣ ਨਾਲ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਨੇ ਉਮੀਦਵਾਰ ਬਦਲਣ ਤੋਂ ਸਾਫ਼ ਇਨਕਾਰ ਕੀਤਾ ਹੈ ਤਾਂ ਮੁੱਖ ਵਿਰੋਧੀ ਪਾਰਟੀ ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲਾਡੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਜਦੋਂ ਇਸ ਮੁੱਦੇ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਸ ਦਰਜ ਹੋਣ ਨਾਲ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਇਨ੍ਹਾਂ ਦੋਸ਼ਾਂ ਵਿੱਚ ਕੋਈ ਦਮ ਨਹੀਂ ਰਿਹਾ ਕਿ ਪੁਲੀਸ ਜ਼ਿਮਨੀ ਚੋਣ ਵਿੱਚ ਧੱਕਾ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਅਕਾਲੀ ਦਲ ਨੇ 10 ਸਾਲ ਰੇਤ ਮਾਫੀਏ ਰਾਹੀਂ ਵੱਡਾ ਕਾਰੋਬਾਰ ਕੀਤਾ ਹੈ, ਉਸ ਨੂੰ ਕਾਂਗਰਸ ਉਮੀਦਵਾਰ ਵਿਰੁੱਧ ਦੋਸ਼ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਂਚ ਹੋਣ ਮਗਰੋਂ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ ਕਿ ਕੇਸ ਦਰਜ ਕਰਵਾਉਣ ਪਿੱਛੇ ਕਿਸ-ਕਿਸ  ਦੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਨੂੰ ਬਦਲੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਖ਼ਿਲਾਫ਼ ਦੋਸ਼ ਉਨ੍ਹਾਂ ਦੀ ਆਪਣੀ ਸਰਕਾਰ ਵੱਲੋਂ ਲਾਇਆ ਗਿਆ ਹੈ ਅਤੇ ਇਹ ਕਾਂਗਰਸ ਪਾਰਟੀ ਦੇ ਰੇਤ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹਦਾ ਹੈ।  ਅਕਾਲੀ ਆਗੂ ਨੇ ਕਿਹਾ ਕਿ ਮਹਿਤਪੁਰ ਪੁਲੀਸ ਸਟੇਸ਼ਨ ਦੇ ਐਸਐਚਓ ਨੂੰ ਧਮਕਾਉਣ ਦੀ ਕੋਸ਼ਿਸ਼ ਕਰਕੇ ਉਨ੍ਹਾਂ ਆਪਣੀ ਗਲਤੀ ਨੂੰ ਹੋਰ ਵੱਡਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੇ ਦੋਗਲੇਪਣ ਦਾ ਭਾਂਡਾ ਭੰਨ੍ਹਿਆ ਗਿਆ ਹੈ ਅਤੇ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਦੇ     ਰੇਤ ਮਾਫੀਆ ਨਾਲ ਨੇੜਲੇ ਸਬੰਧ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਲਾਡੀ ਦੀ ਟਿਕਟ ਤੁਰੰਤ ਰੱਦ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਹੈ।
ਜਲੰਧਰ - ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਗੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਡੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਗੈਰਕਾਨੂੰਨੀ ਖਣਨ ਅਤੇ ਗੁੰਡਾ ਟੈਕਸ ਵਸੂਲਣ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇ।
ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਲਾਡੀ ਸ਼ੇਰੋਵਾਲੀਆ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਮਹਿਤਪੁਰ ਦੇ ਥਾਣਾ ਮੁਖੀ ਪਰਮਿੰਦਰ ਸਿੰਘ ਬਾਜਵਾ ਨੇ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਪਰਚਾ ਦਰਜ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਪੰਜਾਬ ਸਰਕਾਰ ਅਤੇ ਸਾਰੀ ਪੰਜਾਬ ਪੁਲੀਸ ਉਸ ਨੂੰ ਦਬਾਉਣ ’ਤੇ ਲੱਗੀ ਹੋਈ ਹੈ।

 

 

fbbg-image

Latest News
Magazine Archive