ਫ਼ਰੀਦਕੋਟ ਪੁਲੀਸ ਦੇ ‘ਰਿਸ਼ਵਤ ਕਾਂਡ’ ਦਾ ਭਾਂਡਾ ਭੰਨੇਗੀ ਵਿਜੀਲੈਂਸ ਜਾਂਚ


ਬਠਿੰਡਾ - ਫ਼ਰੀਦਕੋਟ ਪੁਲੀਸ ਦੇ ‘ਰਿਸ਼ਵਤ ਕਾਂਡ’ ਨੂੰ ਹੁਣ ਵਿਜੀਲੈਂਸ ਘੋਖੇਗੀ, ਜਿਸ ਤੋਂ ਪੁਲੀਸ ਅਫ਼ਸਰ ਫ਼ਿਕਰਾਂ ’ਚ ਪੈ ਗਏ ਹਨ। ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਨੇ ਮਾਮਲੇ ਦੀ ਜਾਂਚ ਬਠਿੰਡਾ ਵਿਜੀਲੈਂਸ ਨੂੰ ਸੌਂਪੀ ਹੈ। ਮੁੱਢਲੇ ਪੜਾਅ ’ਤੇ ਵਿਜੀਲੈਂਸ ਨੇ ਮਾਮਲੇ ਦੇ ਤੱਥਾਂ ਦੀ ਕੀਤੀ ਪੜਤਾਲ ਦੇ ਆਧਾਰ ’ਤੇ ਪੜਤਾਲ ਦਰਜ ਕਰ ਲਈ ਹੈ। ਬਠਿੰਡਾ ਰੇਂਜ ਦੇ ਐਸਐਸਪੀ ਵੱਲੋਂ ਸੋਮਵਾਰ ਤੋਂ ਪੜਤਾਲ ਸ਼ੁਰੂ ਕੀਤੀ ਜਾਣੀ ਹੈ।
ਵਿਜੀਲੈਂਸ ਪੜਤਾਲ ਫ਼ਰੀਦਕੋਟ ਦੇ ਸੀਆਈਏ ਸਟਾਫ਼ ਅਤੇ ਇੱਕ ਦਲਾਲ ਨੂੰ ਭਾਰੀ ਪੈ ਸਕਦੀ ਹੈ। ਫ਼ਰੀਦਕੋਟ ਪੁਲੀਸ ਵੱਲੋਂ ਦਰਜ ਕੇਸ ਵੀ ਉਲਝਣਾਂ ਵਿਚ ਫਸ ਸਕਦਾ ਹੈ।    ਵੇਰਵਿਆਂ ਅਨੁਸਾਰ ਫ਼ਰੀਦਕੋਟ ਦੇ ਗੈਂਗਸਟਰ ਸੇਮਾ ਬਹਿਬਲ ਦੀ ਮਾਂ ਮਨਪ੍ਰੀਤ ਕੌਰ ਨੇ ਵਿਜੀਲੈਂਸ ਬਿਊਰੋ ਨੂੰ ਕੀਤੀ ਸ਼ਿਕਾਇਤ ਵਿਚ ਫ਼ਰੀਦਕੋਟ ਪੁਲੀਸ ’ਤੇ 23 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਸਨ। ਦੱਸਣਯੋਗ ਹੈ ਕਿ ਫ਼ਰੀਦਕੋਟ ਪੁਲੀਸ ਨੇ 13 ਜਨਵਰੀ, 2018 ਨੂੰ ਦੇਹਰਾਦੂਨ ਤੋਂ ਗੈਂਗਸਟਰ ਸੇਮਾ ਬਹਿਬਲ ਅਤੇ ਉਸ ਦੇ ਛੋਟੇ ਭਰਾ ਫੁੱਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਿੱਛੋਂ 18 ਜਨਵਰੀ ਨੂੰ ਦੋਵਾਂ ਨੂੰ ਫ਼ਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਸ਼ਿਕਾਇਤ ਅਨੁਸਾਰ ਪੁਲੀਸ ਨੇ ਉਨ੍ਹਾਂ ਨੂੰ ਕਾਰ ਚੋਰੀ ਦੇ ਇਕ ਮਾਮਲੇ ਸਬੰਧੀ 7 ਫਰਵਰੀ, 2017 ਨੂੰ ਜੈਤੋ ਥਾਣੇ ਵਿਚ ਦਰਜ ਐਫਆਈਆਰ ’ਚ ਨਾਮਜ਼ਦ ਕਰ ਦਿੱਤਾ।   ਗੈਂਗਸਟਰ ਸੇਮਾ ਬਹਿਬਲ ਦੀ ਮਾਂ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਫੁੱਲਵਿੰਦਰ ਸਿੰਘ 7 ਦਸੰਬਰ, 2016 ਤੋਂ 27 ਦਸੰਬਰ, 2017 ਤੱਕ ਕੁਵੈਤ ਵਿਚ ਸੀ ਤਾਂ ਉਹ ਪੰਜਾਬ ਵਿੱਚ ਕਾਰ ਚੋਰੀ ਕਿਵੇਂ ਕਰ ਸਕਦਾ ਹੈ। ਉਸ ਦੇ ਉਸ ਵਕਤ ਕੁਵੈਤ ਵਿੱਚ ਹੋਣ ਦੀ ਗਵਾਹੀ ਉਸ ਦਾ ਪਾਸਪੋਰਟ ਭਰਦਾ ਹੈ। ਉਨ੍ਹਾਂ ਵਿਜੀਲੈਂਸ ਨੂੰ ਲੋੜੀਂਦੇ ਸਬੂਤ ਵੀ ਦਿੱਤੇ ਹਨ।
ਮਨਪ੍ਰੀਤ ਕੌਰ ਨੇ ਸ਼ਿਕਾਇਤ ਵਿਚ ਆਖਿਆ ਹੈ ਕਿ ਫ਼ਰੀਦਕੋਟ ਪੁਲੀਸ ਨੇ ਫੁੱਲਵਿੰਦਰ ਉਤੇ ਕੋਈ ਕੇਸ ਨਾ ਦਰਜ ਕਰਨ ਲਈ ਉਨ੍ਹਾਂ ਤੋਂ 50 ਲੱਖ ਰੁਪਏ ਰਿਸ਼ਵਤ ਮੰਗੀ ਸੀ ਤੇ  ਆਖ਼ਰ ਸੌਦਾ 23 ਲੱਖ ਰੁਪਏ ਵਿਚ ਤੈਅ ਹੋਇਆ। ਉਨ੍ਹਾਂ ਇੱਕ ਰਿਸ਼ਤੇਦਾਰ ਰਾਹੀਂ 14 ਲੱਖ ਰੁਪਏ ਦੇ ਚੈੱਕ ਅਤੇ ਹੋਰ ਤਿੰਨ ਰਿਸ਼ਤੇਦਾਰਾਂ ਤੋਂ ਫੜੇ ਪੈਸੇ ਪੁਲੀਸਨੂੰ ਦਿੱਤੇ।
ਚੈੱਕ ਇੱਕ ਹੋਰ ਵਿਅਕਤੀ ਦੇ ਖਾਤੇ ਰਾਹੀਂ ਕਲੀਅਰ ਵੀ ਹੋ ਚੁੱਕੇ ਹਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ 23 ਲੱਖ ਲੈਣ ਮਗਰੋਂ ਵੀ ਪੁਲੀਸ ਨੇ ਫੁੱਲਵਿੰਦਰ ਸਿੰਘ ਨੂੰ ਕਾਰ ਚੋਰੀ ਦੇ ਕੇਸ ਵਿਚ ਨਾਮਜ਼ਦ ਕਰ ਦਿੱਤਾ ਤਾਂ ਉਨ੍ਹਾਂ ਨੇ ਥਾਣੇਦਾਰ ਤੱਕ ਪਹੁੰਚ ਕੀਤੀ, ਜਿਸ ਨੇ 29 ਜਨਵਰੀ ਨੂੰ ਫੁੱਲਵਿੰਦਰ ਦਾ ਪਾਸਪੋਰਟ ਵੀ ਲੈ ਲਿਆ। ਵਿਜੀਲੈਂਸ ਨੂੰ ਇਨ੍ਹਾਂ ਤੱਥਾਂ ਵਿਚ ਵਜ਼ਨ ਜਾਪਿਆ ਹੈ, ਜਿਸ ਕਰਕੇ ਹੁਣ ਬਾਕਾਇਦਾ ਵਿਜੀਲੈਂਸ ਪੜਤਾਲ ਦਰਜ ਕੀਤੀ ਗਈ ਹੈ।
ਮੇਰੇ ਲਈ ਹਾਲੇ ਕੁੱਝ ਕਹਿਣਾ ਮੁਸ਼ਕਲ: ਐਸਐਸਪੀ
ਐਸਐਸਪੀ ਫ਼ਰੀਦਕੋਟ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਤਾਂ ਹੈ, ਪਰ ਪੜਤਾਲ ਤੋਂ ਬਿਨਾਂ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਜੇਕਰ ਵਿਜੀਲੈਂਸ ਪੜਤਾਲ ਕਰ ਰਹੀ ਹੈ ਤਾਂ ਉਹੋ ਕੁਝ ਦੱਸ ਸਕਦੇ ਹਨ।

 

Latest News
Magazine Archive