ਮੁੰਬਈ ਨੇ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾਇਆ


ਇੰਦੌਰ - ਮੁੰਬਈ ਇੰਡੀਅਨਜ਼ ਨੇ ਅੱਜ ਆਈਪੀਐਲ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਧੱਕੜ ਬੱਲੇਬਾਜ਼ ਕ੍ਰਿਸ ਗੇਲ ਦਾ ਨੀਮ ਸੈਂਕੜਾ ਵੀ ਪੰਜਾਬ ਦੀ ਹਾਰ ਨੂੰ ਬਚਾ ਨਹੀਂ ਸਕਿਆ, ਕਿਉਂਕਿ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ। ਮੈਨ ਆਫ ਦਿ ਮੈਚ ਮੁੰਬਈ ਦਾ ਸਲਾਮੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਬਣਿਆ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਛੇ ਵਿਕਟਾਂ ’ਤੇ 174 ਦੌੜਾਂ ਹੀ ਬਣਾ ਸਕੀ। ਸੂਰਿਆ ਕੁਮਾਰ ਦੇ ਸ਼ਾਨਦਾਰ ਨੀਮ ਸੈਂਕੜੇ (42 ਗੇਂਦਾਂ ’ਤੇ 57 ਦੌੜਾਂ) ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਇਹ ਟੀਚਾ 19 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਉਸ ਨੇ ਚਾਰ ਵਿਕਟਾਂ ਪਿੱਛੇ 176 ਦੌੜਾਂ ਬਣਾਈਆਂ। ਆਈਪੀਐਲ ਵਿੱਚ ਮੁੰਬਈ ਦੀ ਇਹ ਤੀਜੀ ਜਿੱਤ ਹੈ। ਇਸ ਦੇ ਨਾਲ ਹੀ ਉਹ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਮੁੰਬਈ ਨੌਂ ਮੈਚਾਂ ਵਿੱਚ ਹੁਣ ਤਕ ਛੇ ਮੈਚ ਹਾਰ ਚੁੱਕੀ ਹੈ। ਮੈਚ ਤੋਂ ਪਹਿਲਾਂ ਉਹ ਆਖ਼ਰੀ ਅੱਠ ’ਤੇ ਚੱਲ ਰਹੀ ਸੀ। ਪੰਜਾਬ ਦੀ ਇਹ ਤੀਜੀ ਹਾਰ ਹੈ।
ਪੰਜਾਬ ਲਈ ਸਿਰਫ਼ ਕ੍ਰਿਸ ਗੇਲ ਹੀ ਟਿਕ ਕੇ ਖੇਡ ਸਕਿਆ, ਜਿਸ ਨੇ 40 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਨੇ 24, ਕਰੁਣ ਨਾਇਰ ਨੇ 23, ਮਾਰਕਸ ਸਟੌਈਨਿਸ ਨੇ 29 ਦੌੜਾਂ ਬਣਾਈਆਂ, ਜਦੋਂਕਿ ਅਕਸਰ ਪਟੇਲ 13 ਦੌੜਾਂ ਹੀ ਬਣਾ ਪਾਇਆ। ਯੁਵਰਾਜ ਸਿੰਘ ਅੱਜ ਵੀ ਨਹੀਂ ਚੱਲ ਸਕਿਆ ਅਤੇ ਉਹ 14 ਗੇਂਦਾਂ ’ਤੇ 14 ਦੌੜਾਂ  ਬਣਾ ਕੇ ਪਵੇਲੀਅਨ ਪਰਤ ਗਿਆ। ਮੁੰਬਈ ਇੰਡੀਅਨਜ਼ ਵੱਲੋਂ ਮਿਸ਼ੇਲ ਮੈਕਲੈਨੇਗਨ, ਜਸਪਾਲ ਬੁਮਰਾਹ, ਹਾਰਦਿਕ ਪਾਂਡਿਆ, ਮਯੰਕ ਮਾਰਕੰਡੇ ਅਤੇ ਬੈਨ ਕਟਿੰਗ ਨੇ ਇੱਕ-ਇੱਕ ਵਿਕਟ ਲਈ। ਮੁੰਬਈ ਦੀ ਕਸਵੀਂ ਗੇਂਦਬਾਜ਼ੀ ਸਾਹਮਣੇ ਪੰਜਾਬ ਦੇ ਬੱਲੇਬਾਜ਼ੀ ਜ਼ਿਆਦਾ ਸਮਾਂ ਟਿਕ ਨਹੀਂ ਸਕੀ। ਜਸਪ੍ਰੀਤ ਬੁਮਰਾਹ ਡੈਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਖ਼ਰੀ ਦੋ ਓਵਰਾਂ ਵਿੱਚ ਸਿਰਫ਼ ਨੌਂ ਦੌੜਾਂ ਹੀ ਦਿੱਤੀਆਂ। ਉਸ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਇੱਕ ਵਿਕਟ ਲਈ। ਮੁੰਬਈ ਦੀ ਬੱਲੇਬਾਜ਼ੀ ਵੀ ਸ਼ਾਨਦਾਰ ਰਹੀ। ਇਸ਼ਾਨ ਕਿਸ਼ਨ ਨੇ 25, ਕਪਤਾਨ ਰੋਹਿਤ ਸ਼ਰਮਾ ਨੇ 24, ਹਾਰਦਿਕ ਪਾਂਡਿਆ ਨੇ 23 ਅਤੇ ਕਰੁਣਾਲ ਪਾਂਡਿਆ ਨੇ 31 ਦੌੜਾਂ ਬਣਾਈਆਂ। ਪੰਜਾਬ ਦੇ ਮੁਜ਼ੀਬ ਓਰ ਰਹਿਮਾਨ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। 

 

 

fbbg-image

Latest News
Magazine Archive