ਕਸੌਲੀ ਹੱਤਿਆ ਕਾਂਡ ਦਾ ਸਖ਼ਤ ਨੋਟਿਸ


ਨਵੀਂ ਦਿੱਲੀ - ਕਸੌਲੀ ਵਿੱਚ ਗੈਰਕਾਨੂੰਨੀ ਉਸਾਰੀਆਂ ਢਾਹੁਣ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਉੱਤੇ ਅਮਲ ਦੌਰਾਨ ਮਹਿਲਾ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਇਸ ਘਟਨਾ ਦਾ ਆਪਣੇ ਪੱਧਰ ਉੱਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ  ਉੱਚ ਅਧਿਕਾਰੀਆਂ ਦੀ ਇਸ ਗੱਲੋਂ ਖਿਚਾਈ ਕੀਤੀ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੇ ਹਨ। ਸੁਪਰੀਮ ਕੋਰਟ ਨੇ ਇਸ ਘਟਨਾ ਨੂੰ ‘ਸ਼ਰਮਨਾਕ ਕਾਰਾ’ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਕਿਹਾ,‘ ਜੇ ਤੁਸੀਂ ਲੋਕਾਂ ਨੂੰ ਮਾਰਨ ਤੱਕ ਜਾਓਂਗੇ ਤਾਂ ਸਾਨੂੰ ਕਿਸੇ ਵੀ ਪ੍ਰਕਾਰ ਦੇ ਹੁਕਮ ਪਾਸ ਕਰਨੇ ਰੋਕਣੇ ਪੈ ਸਕਦੇ ਹਨ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਪੁੱਛਿਆ ਹੈ ਕਿ ਅਧਿਕਾਰੀ ਨੂੰ ਮਾਰਨ ਬਾਅਦ  ਭੱਜਦੇ ਮੁਲਜ਼ਮ ਨੂੰ ਪੁਲੀਸ ਨੇ ਕਿਉਂ ਨਹੀਂ ਰੋਕਿਆ।
ਜ਼ਿਕਰਯੋਗ ਹੈ ਕਿ ਸਹਾਇਕ ਟਾਊਨ ਪਲਾਨਰ ਸ਼ੈਲ ਬਾਲਾ ਸ਼ਰਮਾ ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਨਾਜਾਇਜ਼ ਉਸਾਰੀਆਂ ਢਾਹੇ ਜਾਣ ਦੀ ਮੁਹਿੰਮ ਦੀ ਅਗਵਾਈ ਕਰ ਰਹੀ ਸੀ ਤਾਂ ਨਰਾਇਣੀ ਗੈਸਟ ਹਾਊਸ ਵਿੱਚ ਨਜਾਇਜ਼ ਉਸਾਰੀ ਢਾਹੁਣ ਤੋਂ ਹੋਏ ਤਕਰਾਰ ਦੌਰਾਨ  ਹੋਟਲ ਦੇ ਮਾਲਕ ਵਿਜੈ ਸਿੰਘ ਨੇ ਕਥਿਤ ਤੌਰ ਉੱਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਇਸ ਘਟਨਾ ਨੂੰ ਅਤਿ ਗੰਭੀਰ ਮੰਨਦਿਆਂ ਸੁਪਰੀਮ ਕੋਰਟ ਨੇ ਸੀਨੀਅਰ ਅਧਿਕਾਰੀਆਂ ਦੀ ਇਸ ਗੱਲੋਂ ਖਿਚਾਈ ਕੀਤੀ ਹੈ ਕਿ ਉਹ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੇ। ਇਸ ਤੋਂ ਇਹ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ     ਹੈ ਕਿ ਉੱਥੇ ਕਾਨੂੰਨ ਦੇ ਸ਼ਾਸਨ ਦਾ ਭੋਰਾ ਵੀ ਸਤਿਕਾਰ ਨਹੀਂ ਕੀਤਾ ਗਿਆ ਜਿੱਥੇ ਅਧਿਕਾਰੀ ਸਰਵ ਉੱਚ ਅਦਾਲਤ ਦੇ ਪਾਸ ਕੀਤੇ ਹੁਕਮਾਂ ਉੱਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਗਏ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਕੁੱਝ ਹੋਟਲ ਤੇ ਗੈਸਟ ਹਾਊਸ ਬਿਨਾਂ ਡਰ ਭੈਅ ਤੋਂ ਚੱਲ ਰਹੇ ਹਨ ਤੇ ਇਨ੍ਹਾਂ ਨੂੰ ਨਾ ਤਾਂ ਕਾਨੂੰਨ ਦੇ ਸ਼ਾਸਨ ਦਾ ਕੋਈ ਡਰ ਭੈਅ ਹੈ ਅਤੇ ਨਾ ਹੀ ਸੁਪਰੀਮ ਕੋਰਟ ਦਾ। ਜਿੱਥੋਂ ਤੱਕ ਨਰਾਇਣੀ ਗੈਸਟ ਹਾਊਸ ਦੇ ਮਾਲਕ ਵਿਜੈ ਸਿੰਘ ਦਾ ਸਬੰਧ ਹੈ, ਨੇ ਇਸ ਅਦਾਲਤ ਦੇ ਹੁਕਮਾਂ ਦੀ ਅਦੂਲੀ ਕਰਕੇ ਅਤੇ ਚੁਣੌਤੀ ਦੇ ਕੇ ਸ਼ਰਮਨਾਕ ਕਾਰਾ ਕੀਤਾ ਹੈ ਅਤੇ ਕਥਿਤ ਤੌਰ ਉੱਤੇ ਉਦੋਂ ਦਿਨ ਦਿਹਾੜੇ ਇੱਕ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਜੋ ਇਸ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਦਾ ਆਪਣੇ ਪੱਧਰ ਉੱਤੇ ਨੋਟਿਸ ਜਾਰੀ ਕਰਨਾ ਬਣਦਾ ਹੈ ਅਤੇ ਅਸੀਂ ਇਹ ਕਰ ਰਹੇ ਹਾਂ। ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਲੋਕ ਨਿਰਮਾਣ ਵਿਭਾਗ ਦਾ ਇੱਕ ਅਧਿਕਾਰੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੈ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਦਾਖਲ ਹੈ। ਜਦੋਂ ਸੁਪਰੀਮ ਕੋਰਟ ਨੂੰ ਹਿਮਾਚਲ ਪ੍ਰਦੇਸ਼ ਦੀ ਨੁਮਇੰਦਗੀ ਕਰ ਰਹੇ ਵਕੀਲ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਵੀ ਘਟਨਾ ਸਥਾਨ ਉੱਤੇ ਹਾਜ਼ਰ ਸਨ ਤਾਂ ਅਦਾਲਤ ਨੇ ਕਿਹਾ ਕਿ ਉਹ ਕੀ ਕਰਦੇ ਸਨ, ਉਹ ਸਰਕਾਰੀ ਅਧਿਕਾਰੀ ਦੀ ਹੱਤਿਆ ਨੂੰ ਦੇਖ ਰਹੇ ਸਨ?
ਸੁਣਵਾਈ ਕਰ ਰਹੀ ਅਦਾਲਤ ਨੇ ਇਸ ਮਾਮਲੇ ਨੂੰ ਚੀਫ ਜਸਟਿਸ ਦੇ ਅੱਗੇ ਰੱਖ ਦਿੱਤਾ ਹੈ ਅਤੇ ਭਲਕੇ ਸੁਣਵਾਈ ਲਈ ਉਹ ਇਸ ਨੂੰ ਢੁਕਵੇਂ ਬੈਂਚ ਨੂੰ ਸੌਂਪਣਗੇ। 17 ਅਪਰੈਲ ਨੂੰ ਸੁਪਰੀਮ ਕੋਰਟ ਨੇ ਕਸੌਲੀ, ਧਰਮਪੁਰ ਅਤੇ ਸੋਲਨ ਵਿੱਚ ਹੋਟਲਾਂ, ਗੈਸਟ ਹਾਊਸਾਂ ਦੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਦਿੱਤੇ ਸਨ। ਇਸ ਦੇ ਲਈ ਅਧਿਕਾਰੀਆਂ ਦੀਆਂ ਚਾਰ ਟੀਮਾਂ ਬਣਾਈਆਂ ਸਨ। ਸ਼ੈਲ ਬਾਲਾ ਵੀ ਇੱਕ ਟੀਮ ਦੀ ਮੁਖੀ ਸੀ। ਪੁਲੀਸ ਅਨੁਸਾਰ ਕੱਲ੍ਹ ਉਨ੍ਹਾਂ ਦੇ ਕੰਮ ਵਿੱਚ ਹੋਟਲ ਮਾਲਕਾਂ ਨੇ ਅੜਿੱਕੇ ਖੜ੍ਹੇ ਕੀਤੇ ਸਨ।
ਦੋਸ਼ੀ ਦੀ ਸੂਹ ਦੇਣ ਵਾਲੇ ’ਤੇ ਰੱਖਿਆ ਲੱਖ ਰੁਪਏ ਇਨਾਮ
ਸ਼ਿਮਲਾ/ਸੋਲਨ - ਸਰਕਾਰੀ ਅਧਿਕਾਰੀ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਨ ਦੇ ਨਾਲ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਵਿਜੇ ਸਿੰਘ ਸੂਬਾ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਅਤੇ ਕਸੌਲੀ ਵਾਲਾ ਗੈਸਟ ਹਾਊਸ ਉਸ ਦੇ ਇਕ ਪਰਿਵਾਰਕ ਮੈਂਬਰ ਦੇ ਨਾਮ ’ਤੇ ਰਜਿਸਟਰਡ ਹੈ। ਗੋਲੀ ਕਾਂਡ ਤੋਂ ਕੁਝ ਮਿੰਟ ਪਹਿਲਾਂ ਦੋਸ਼ੀ ਨਾਲ ਗੱਲਬਾਤ ਕਰਨ ਵਾਲੇ ਹੋਟਲ ਮਾਲਕ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਧਰ ਟਾਊਨ ਕੰਟਰੀ ਪਲਾਨਿੰਗ ਦੀ ਸਹਾਇਕ ਅਫ਼ਸਰ ਸ਼ੈਲ ਬਾਲਾ ਦੀ ਦੇਹ ਪੋਸਟਮਾਰਟਮ ਮਗਰੋਂ ਪਰਿਵਾਰ ਹਵਾਲੇ ਕਰ ਦਿੱਤੀ ਗਈ ਜਿਸ ਦਾ ਘੁਮਾਰਵੀਂ ਪਿੰਡ ’ਚ ਸਸਕਾਰ ਕਰ ਦਿੱਤਾ ਗਿਆ। ਸੂਬਾ ਸਰਕਾਰ ਨੇ ਮ੍ਰਿਤਕਾ ਦੇ ਵਾਰਿਸਾਂ ਲਈ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।    

 

 

fbbg-image

Latest News
Magazine Archive