ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ ਵਿੱਚ ਡਿੱਗੀ


ਊਨਾ - ਊਨਾ ਦੀ ਅੰਬ ਤਹਿਸੀਲ ਦੇ ਨਹਿਰੀਆਂ ਵਿੱਚ ਸ਼ਰਧਾਲੂਆਂ ਦੀ ਭਰੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਮਹਿਲਾਵਾਂ ਸਮੇਤ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਤੇ ਚਾਰ ਮਹਿਲਾਵਾਂ ਸਮੇਤ ਕੁੱਲ ਦਸ ਵਿਅਕਤੀ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਕੁਆਲਿਸ ਗੱਡੀ ’ਚ ਡਰਾਈਵਰ ਸਮੇਤ 16 ਜਣੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡਾਂ ਤੋਂ ਐਤਵਾਰ ਨੂੰ ਡੇਰਾ ਬਾਬਾ ਬਡਭਾਗ ਸਿੰਘ ਮੱਥਾ ਟੇਕਣ ਲਈ ਪਹੁੰਚੇ ਸਨ। ਡੇਰਾ ਬਾਬਾ ਵਡਭਾਗ ਸਿੰਘ ਮੈੜੀ ਮੱਥਾ ਟੇਕਣ ਮਗਰੋਂ ਇਹ ਜੱਥਾ ਅੱਜ ਵਾਪਿਸ ਆਪਣੇ ਘਰ ਜਾ ਰਿਹਾ ਸੀ ਕਿ ਸ਼ਰਧਾਲੂਆਂ ਨਾਲ ਭਰੀ ਇਹ ਗੱਡੀ ਨਹਿਰੀਆਂ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।  ਗੱਡੀ ਦੇ ਡਰਾਈਵਰ ਅਨੁਸਾਰ ਸਾਹਮਣੇ ਤੋਂ ਟਰੱਕ ਆ ਗਿਆ ਜਿਸ ਕਾਰਨ ਉਹ ਆਪਣੀ ਗੱਡੀ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਇਹ ਹਾਦਸਾ ਹੋ ਗਿਆ।
ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਬੰਧਕੀ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਰਾਹਤ ਕਾਰਜ ਸ਼ੁਰੂ ਕਰਾਏ। ਸਥਾਨਕ ਲੋਕਾਂ ਤੇ ਰਾਹਤ ਕਰਮੀਆਂ ਦੀ ਟੀਮ ਨੇ ਗੱਡੀ ’ਚੋਂ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਐੱਸਪੀ ਊਨਾ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅੰਬ ਤੇ ਖੇਤਰੀ ਹਸਪਤਾਲ ਊਨਾ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਐੱਸਪੀ ਦਿਵਾਕਰ ਸ਼ਰਮਾ ਨੇ ਕਿਹਾ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਹਰਗੋਬਿੰਦਪੁਰ ਹਲਕੇ ਵਿੱਚ ਪਸਰਿਆ ਸੋਗ
ਸ੍ਰੀ ਹਰਗੋਬਿੰਦਪੁਰ - ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ, ਊਧਨਵਾਲ, ਛੈਲੋਵਾਲ ਵਿੱਚ ਤੇ ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂਆਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਇਕੱਤਰ ਜਾਣਕਾਰੀ ਅਨੁਸਾਰ ਬੀਤੇ ਦਿਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਤੋਂ ਸਵਰਨ ਕੌਰ ਪਤਨੀ ਪ੍ਰੀਤਮ ਸਿੰਘ ਜੋ ਕਿ ਪਿੰਡ ਵਿੱਚ ਹੀ ਬਾਬਾ ਬਣੀ ਹੋਈ ਹੈ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ, ਊਧਨਵਾਲ, ਛੈਲੋਵਾਲ ਅਤੇ ਬਲਾਕ ਤਰਸਿੱਕਾ ਤੋਂ ਸ਼ਰਧਾਲੂਆਂ ਨੂੰ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਲੈ ਕੇ ਗਈ ਸੀ। ਇਸ ਹਾਦਸੇ ’ਚ ਕਸ਼ਮੀਰ ਕੌਰ ਪਤਨੀ ਸਵਰਨ ਸਿੰਘ ਪਿੰਡ ਬੋਲੇਵਾਲ, ਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਛੈਲੋਵਾਲ, ਹਰਦੀਪ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਊਧਨਵਾਲ, ਹਰਜਿੰਦਰ ਕੌਰ ਪਤਨੀ ਲੱਖਾ ਸਿੰਘ ਵਾਸੀ ਤਰਸਿੱਕਾ ਤੇ ਦੋ ਹੋਰ ਔਰਤਾਂ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ, ਦੀ ਮੌਤ ਹੋ ਗਈ ਜਦਕਿ ਪ੍ਰੀਤਮ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਬੋਲੇਵਾਲ, ਸਵਰਨ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਬੋਲੇਵਾਲ, ਸਿਮਰਨ ਕੌਰ ਪੁੱਤਰੀ ਸਵਰਨ ਸਿੰਘ, ਜਸਪਾਲ ਸਿੰਘ ਪੁੱਤਰ ਕਾਲਾ ਰਾਮ ਵਾਸੀ ਊਧਨਵਾਲ, ਅੰਮ੍ਰਿਤਪਾਲ ਸਿੰਘ ਪੁੱਤਰ ਤਰਸੇਮ ਸਿੰਘ ਛੈਲੋਵਾਲ, ਗੁਰਦਿਆਲ ਸਿੰਘ ਵਾਸੀ ਖੁਜਾਲਾ ਡਰਾਈਵਰ, ਆਕਾਸ਼ਦੀਪ ਸਿੰਘ ਪੁੱਤਰ ਦੀਪ ਸਿੰਘ ਵਾਸੀ ਊਧਨਵਾਲ, ਨਵਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਤਰਸਿੱਕਾ, ਨਿੰਮੋ ਪਤਨੀ ਦੀਪ ਸਿੰਘ ਵਾਸੀ ਊਧਨਵਾਲ, ਸ਼ਬਨਮਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਤਰਸਿੱਕਾ ਜ਼ਖ਼ਮੀ ਹੋ ਗਏ। ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
 

 

 

fbbg-image

Latest News
Magazine Archive