ਸ਼ਾਹਕੋਟ ਜ਼ਿਮਨੀ ਚੋਣ ਬਣੀ ਅਕਾਲੀ ਦਲ ਲਈ ਵੱਡੀ ਚੁਣੌਤੀ


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ’ਤੇ ਸਿਆਸੀ ਦਬਦਬਾ ਬਰਕਰਾਰ ਰੱਖਣਾ ਵੱਡੀ ਚੁਣੌਤੀ ਬਣ ਗਿਆ ਹੈ। ਇੱਕ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਲੱਗੇ ਝਟਕੇ ਤੋਂ ਬਾਅਦ ਪਾਰਟੀ ਨੂੰ ਭਾਵੇਂ ਕਈ ਫਰੰਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਾਲ ਦੇ ਵਕਫ਼ੇ ਬਾਅਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਹਿਲੀ ਵਾਰੀ ਆਹਮੋ-ਸਾਹਮਣੇ ਹੋਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਤੋਂ ਇਸ ਵਿਧਾਨ ਸਭਾ ਹਲਕੇ ਵਿੱਚ ਸਰਗਰਮੀਆਂ ਵਿੱਢਣ ਲਈ ਪਾਰਟੀ ਆਗੂਆਂ ਨਾਲ ਮੀਟਿੰਗ ਕਰਨਗੇ। ਸ਼ਾਹਕੋਟ ਤੋਂ ਲਗਾਤਾਰ ਨੁਮਾਇੰਗੀ ਕਰਦੇ ਆ ਰਹੇ ਅਜੀਤ ਸਿੰਘ ਕੋਹਾੜ ਦਾ ਜਨਵਰੀ ’ਚ ਦੇਹਾਂਤ ਹੋਣ ਕਰਕੇ ਇਹ ਜ਼ਿਮਨੀ ਚੋਣ ਹੋ ਰਹੀ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਸ੍ਰੀ ਕੋਹਾੜ ਦੀ ਮੌਜੂਦਗੀ ਕਾਰਨ ਅਕਾਲੀ ਦਲ ਹਮੇਸ਼ਾ ਇਸ ਖੇਤਰ ਵਿੱਚ ਆਪਣੇ ਆਪ ਨੂੰ ਪੱਕੇ ਪੈਰੀਂ ਸਮਝਦਾ ਆ ਰਿਹਾ ਸੀ ਪਰ ਹੁਣ ਪਾਰਟੀ ਲਈ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਗੁਰਦਾਸਪੁਰ ਸੰਸਦੀ ਹਲਕੇ ਦੀ ਛੇ ਕੁ ਮਹੀਨੇ ਪਹਿਲਾਂ ਹੋਈ ਚੋਣ ’ਚ ਭਾਜਪਾ ਉਮੀਦਵਾਰ ਦੀ ਹਾਰ ਕਾਰਨ ਪਾਰਟੀ ਆਗੂਆਂ ਨੂੰ ਨਮੋਸ਼ੀ ਝੱਲਣੀ ਪਈ ਸੀ ਪਰ ਸਾਰਾ ਠੀਕਰਾ ਭਾਈਵਾਲ ਪਾਰਟੀ ’ਤੇ ਭੰਨ੍ਹ ਦਿੱਤਾ ਗਿਆ ਸੀ। ਸੂਬੇ ਵਿੱਚ ਕੈਪਟਨ ਸਰਕਾਰ ਪ੍ਰਤੀ ਲੋਕਾਂ ਦੀ ਨਿਰਾਸ਼ਾ ਤਾਂ ਦਿਖਾਈ ਦੇ ਰਹੀ ਹੈ ਪਰ ਹਾਲ ਦੀ ਘੜੀ ਉਨ੍ਹਾਂ ਨੂੰ ਕੋਈ ਸਿਆਸੀ ਚੁਣੌਤੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਹਾਕਮ ਧਿਰ ਸ਼ਾਹਕੋਟ ਤੋਂ ਜਿੱਤ ਆਸਾਨ ਮੰਨ ਕੇ ਚਲ ਰਹੀ ਹੈ।
ਦਹਾਕਿਆਂ ਬਾਅਦ ਸ਼ਾਹਕੋਟ ’ਚ ਅਕਾਲੀਆਂ ਨੂੰ ਹਰਾਉਣ ਦਾ ਉਹ ਮੌਕਾ ਮੰਨ ਰਹੇ ਹਨ। ਕਾਂਗਰਸ ਦੀ ਟਿਕਟ ਲਈ ਮਾਲਵੇ ਦੇ ਕਈ ਸੀਨੀਅਰ ਆਗੂਆਂ ਵੱਲੋਂ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ ਪਰ ਪਾਰਟੀ ਹਲਕਿਆਂ ਮੁਤਾਬਕ ਸਥਾਨਕ ਨੇਤਾ ਨੂੰ ਹੀ ਟਿਕਟ ਮਿਲਣ ਦੀ ਉਮੀਦ ਹੈ। ਉਧਰ ਅਕਾਲੀ ਦਲ ਦਾ ਦਾਅਵਾ ਹੈ ਕਿ ਪਾਰਟੀ ਦਾ ਇਸ ਹਲਕੇ ਵਿੱਚ ਮਜ਼ਬੂਤ ਆਧਾਰ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਅਤੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਅਤੇ ਕੋਹਾੜ ਪਰਿਵਾਰ ਪ੍ਰਤੀ ਲੋਕਾਂ ’ਚ ਹਮਦਰਦੀ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਪਲੜਾ ਹਾਲ ਦੀ ਘੜੀ ਭਾਰੂ ਹੈ। ਉਨ੍ਹਾਂ ਕਿਹਾ ਕਿ     ਸੋਮਵਾਰ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਜਲੰਧਰ ਜ਼ਿਲ੍ਹੇ ਵਿੱਚ ਅਜੀਤ ਸਿੰਘ ਕੋਹਾੜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਇੱਕ ਖਲਾਅ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਕੋਲ ਕੋਈ ਕੱਦਾਵਰ ਆਗੂ ਦਿਖਾਈ ਨਹੀਂ ਦੇ ਰਿਹਾ। ਇਸ ਵਿਧਾਨ ਸਭਾ ਹਲਕੇ ਦਾ ਪਹਿਲਾ ਨਾਮ ਲੋਹੀਆ ਸੀ ਤੇ ਹਲਕਿਆਂ ਦੀ ਨਵੀਂ ਬਣਤਰ (ਡੀਲਿਮੀਟੇਸ਼ਨ) ਤੋਂ ਬਾਅਦ 2012 ਦੀਆਂ ਚੋਣਾਂ ਦੌਰਾਨ ਸ਼ਾਹਕੋਟ ਹਲਕਾ ਹੋਂਦ ਵਿੱਚ ਆਇਆ ਸੀ। ਸ੍ਰੀ ਕੋਹਾੜ ਨੇ ਸਾਲ 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਇਸ ਹਲਕੇ ਤੋਂ ਜਿੱਤ ਕੇ ਦੁਆਬੇ ਵਿੱਚ ਅਕਾਲੀ ਦਲ ਦੀ ਲਾਜ ਰੱਖੀ ਸੀ। ਉਹ ਬਾਦਲ ਸਰਕਾਰ ਵਿੱਚ ਮੰਤਰੀ ਵੀ ਰਹੇ। ਅਕਾਲੀ ਦਲ ਵਿਚਲੇ ਇੱਕ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਕੋਹਾੜ ਨੇ ਰਾਜਨੀਤਕ ਪੈਂਤੜੇਬਾਜੀ ਵਰਤਦਿਆਂ ਇਸ ਖੇਤਰ ਵਿੱਚ ਕਿਸੇ ਹੋਰ ਅਕਾਲੀ ਨੇਤਾ ਦੇ ‘ਪੈਰ ਨਹੀਂ ਲੱਗਣ ਦਿੱਤੇ।’ ਅਕਾਲੀ ਦਲ ਨੇ ਹੁਣ ਉਨ੍ਹਾਂ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਇਆ ਹੈ ਤਾਂ ਜੋ ਲੋਕਾਂ ਦੀ ਹਮਦਰਦੀ ਬਟੋਰੀ ਜਾ ਸਕੇ।

 

 

fbbg-image

Latest News
Magazine Archive