ਮੁੰਬਈ ਇੰਡੀਅਨਜ਼ ਨੇ ਚੇਨੱਈ ਨੂੰ ਅੱਠ ਵਿਕਟਾਂ ਨਾਲ ਹਰਾਇਆ


ਪੁਣੇ - ਰੋਹਿਤ ਸ਼ਰਮਾ ਦੀ ਕਪਤਾਨੀ ਪਾਰੀ ਸਦਕਾ ਮੁੰਬਈ ਇੰਡੀਅਨਜ਼ ਨੇ ਅੱਜ ਆਈਪੀਐਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਚੇਨੱਈ ਨੇ ਪੰਜ ਵਿਕਟਾਂ ’ਤੇ 169 ਦੌੜਾਂ ਦਾ ਟੀਚਾ ਰੱਖਿਆ। ਰੋਹਿਤ ਸ਼ਰਮਾ ਦੇ ਸ਼ਾਨਦਾਰ ਨੀਮ ਸੈਂਕੜੇ (33 ਗੇਂਦਾਂ ’ਤੇ 56 ਦੌੜਾਂ) ਦੀ ਮਦਦ ਨਾਲ ਮੁੰਬਈ ਨੇ ਇਹ ਟੀਚਾ ਦੋ ਵਿਕਟਾਂ ਦੇ ਨੁਕਸਾਨ ’ਤੇ 170 ਦੌੜਾਂ ਬਣਾ ਕੇ ਪੂਰਾ ਕਰ ਲਿਆ। ਚੇਨੱਈ ਦੇ ਸੁਰੇਸ਼ ਰੈਣਾ ਦਾ ਨੀਮ ਸੈਂਕੜਾ ਵੀ ਬੇਕਾਰ ਗਿਆ, ਜਿਸ ਨੇ 47 ਗੇਂਦਾਂ ’ਤੇ 75 ਦੌੜਾਂ ਬਣਾਈਆਂ। ਅੰਬਾਤੀ ਰਾਇਡੂ ਨੇ 35 ਗੇਂਦਾਂ ’ਤੇ 46 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰੌਇਲ ਚੈਲੰਜਰਜ਼ ਬੈਂਗਲੋਰ ਖਿਲਾਫ਼ ਪਿਛਲੇ ਮੈਚ ਵਿੱਚ ਜਿੱਤ ਦਿਵਾਉਣ ਵਾਲੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 21 ਗੇਂਦਾਂ ਵਿੱਚ 26 ਦੌੜਾਂ ਬਣਾਈਆਂ। ਹਾਲਾਂਕਿ ਮੁੰਬਈ ਇੰਡੀਅਨਜ਼ ਨੇ ਡੈਥ ਓਵਰਾਂ ਵਿੱਚ ਕਿਫ਼ਾਇਤੀ ਗੇਂਦਬਾਜ਼ੀ ਕਰਕੇ ਚੇਨੱਈ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਮਿਸ਼ੇਲ ਮੈਕਲੀਨੇਗਨ ਅਤੇ ਕੁਣਾਲ ਪਾਂਡੇ ਨੇ ਕ੍ਰਮਵਾਰ 26 ਅਤੇ 32 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ, ਜਦਕਿ ਹਾਰਦਿਕ ਪਾਂਡੇ ਨੂੰ ਵੀ ਇੱਕ ਵਿਕਟ ਮਿਲੀ। ਦੂਜੇ ਪਾਸੇ, ਸ਼ੇਨ ਵਾਟਸਨ (11 ਗੇਂਦਾਂ ’ਤੇ 12 ਦੌੜਾਂ) ਜ਼ਿਆਦਾ ਸਮਾਂ ਟਿਕ ਨਹੀਂ ਸਕਿਆ। ਇਸ ਤੋਂ ਬਾਅਦ ਉਤਰੇ ਰੈਣਾ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਅਤੇ ਪੰਜ ਓਵਰਾਂ ਮਗਰੋਂ ਚੇਨੱਈ ਦਾ ਸਕੋਰ ਇੱਕ ਵਿਕਟ ’ਤੇ 39 ਦੌੜਾਂ ਸੀ।
 

 

 

fbbg-image

Latest News
Magazine Archive