ਭਾਰਤੀ ਗੋਲੀਬਾਰੀ ਨਾਲ ਦੋ ਪਾਕਿਸਤਾਨੀ ਫ਼ੌਜੀ ਹਲਾਕ


ਇਸਲਾਮਾਬਾਦ/ਸ੍ਰੀਨਗਰ - ਪਾਕਿਸਤਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਕੰਟਰੋਲ ਰੇਖਾ ’ਤੇ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਉਨ੍ਹਾਂ ਦੇ ਦੋ ਜਵਾਨ ਮਾਰੇ ਗਏ ਹਨ। ਉਨ੍ਹਾਂ ਮੁਤਾਬਕ ਗੋਲੀਬਾਰੀ ’ਚ ਇਕ ਮਹਿਲਾ ਸਮੇਤ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਉਂਜ ਭਾਰਤ ਮੁਤਾਬਕ ਪਾਕਿਸਤਾਨੀ ਫ਼ੌਜ ਵੱਲੋਂ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਜਿਸ ਦਾ ਭਾਰਤੀ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਬਿਨਾਂ ਭੜਕਾਹਟ ਦੇ ਅੱਜ ਸਵੇਰੇ ਪੱਧੜ ਸੈਕਟਰ ਦੇ ਸਬ ਸੈਕਟਰਾਂ ਠੱਬ ਤੇ ਬਣਚਿਰਾਨ ਅਤੇ ਪਿੰਡ ਬ੍ਰਾਮਲਾ ਨੂੰ ਨਿਸ਼ਾਨਾ ਬਣਾਇਆ।
ਉਧਰ ਪਾਕਿਸਤਾਨੀ ਫ਼ੌਜ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਮੋਰਟਾਰ ਦਾਗ਼ੇ ਗਏ ਅਤੇ ਗੋਲੀਬਾਰੀ ਕੀਤੀ ਗਈ। ਭਾਰਤੀ ਫ਼ੌਜੀ ਅਧਿਕਾਰੀ ਨੇ ਕਿਹਾ,‘‘ਪਾਕਿਸਤਾਨੀ ਫ਼ੌਜ ਨੇ ਬਿਨਾਂ ਭੜਕਾਹਟ ਦੇ ਸਵੇਰੇ ਸਾਢੇ 8 ਵਜੇ ਸੁੰਦਰਬਣੀ ਸੈਕਟਰ ’ਚ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਗੋਲੇ ਦਾਗ਼ੇ।’’ ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ ਜਿਸ ਮਗਰੋਂ ਸਵੇਰੇ 11 ਵਜੇ ਗੋਲੀਬਾਰੀ ਰੁਕ ਗਈ। ਇਸ ਸਾਲ ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਗੋਲੀਬੰਦੀ ਦੀ ਉਲੰਘਣਾ ਦੇ ਮਾਮਲੇ ਵਧ ਗਏ ਹਨ। ਨਤੀਜੇ ਵਜੋਂ 650 ਘਟਨਾਵਾਂ ਦੌਰਾਨ 16 ਜਵਾਨਾਂ ਸਮੇਤ 30 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਦਹਿਸ਼ਤਗਰਦਾਂ ਦੇ ਹਮਲੇ ’ਚ ਜਵਾਨ ਅਤੇ ਆਮ ਨਾਗਰਿਕ ਜ਼ਖ਼ਮੀ: ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਨਾਕੇ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਇਕ ਜਵਾਨ ਅਤੇ ਇਕ ਆਮ ਨਾਗਰਿਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੇ ਜਦੋਂ ਚੈਕਿੰਗ ਲਈ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ’ਚ ਸਵਾਰ ਦਹਿਸ਼ਤਗਰਦਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਦਹਿਸ਼ਤਗਰਦਾਂ ਦਾ ਪਤਾ ਲਾਉਣ ਲਈ ਦੱਖਣੀ ਕਸ਼ਮੀਰ ’ਚ ਅਲਰਟ ਐਲਾਨ ਦਿੱਤਾ ਗਿਆ ਹੈ।
ਕਸ਼ਮੀਰ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਗੁੱਟ ਭਿੜੇ, 9 ਜ਼ਖ਼ਮੀ
ਸ੍ਰੀਨਗਰ - ਕਸ਼ਮੀਰ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਦੋ ਗੁੱਟ ਆਪਸ ’ਚ ਭਿੜ ਪਏ ਜਿਸ ਕਾਰਨ 9 ਵਿਦਿਆਰਥੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਲਾਅ ਵਿਭਾਗ ਦੇ ਵਿਦਿਆਰਥੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ। ਦੋਵੇਂ ਗੁੱਟ ਪਹਿਲਾਂ ਘਸੁੰਨ-ਮੁੱਕੀ ਹੋਏ ਅਤੇ ਫਿਰ ਚਾਕੂਆਂ ਨਾਲ ਇਕ-ਦੂਜੇ ’ਤੇ ਹਮਲਾ ਕਰ ਦਿੱਤਾ। ਯੂਨੀਵਰਸਿਟੀ ਨੇ ਉੱਚ ਪੱਧਰੀ ਕਮੇਟੀ ਬਣਾ ਕੇ ਦੋ ਦਿਨਾਂ ’ਚ ਰਿਪੋਰਟ ਦੇਣ ਲਈ ਆਖਿਆ ਹੈ।
 

 

 

fbbg-image

Latest News
Magazine Archive