ਲੁਧਿਆਣਾ ’ਚ ਸਿਲੰਡਰ ਫਟਿਆ; ਮਾਂ-ਪੁੱਤ ਹਲਾਕ, 32 ਫੱਟੜ


ਲੁਧਿਆਣਾ - ਸ਼ਹਿਰ ਦੇ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗ਼ਲੀ ਨੰਬਰ 2 ’ਚ ਵੀਰਵਾਰ ਸਵੇਰੇ ਗੈਸ ਲੀਕ ਹੋਣ ਮਗਰੋਂ ਸਿਲੰਡਰ ਫਟ ਗਿਆ। ਹਾਦਸੇ ’ਚ ਘਰ ਦੀ ਮਾਲਕਣ ਸੁਨੀਤਾ ਯਾਦਵ ਦੀ ਮੌਤ ਹੋ ਗਈ ਜਦਕਿ 9 ਔਰਤਾਂ ਸਮੇਤ ਕਰੀਬ 33 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ’ਚੋਂ 16 ਵਿਅਕਤੀ 40 ਤੋਂ 50 ਫ਼ੀਸਦੀ ਤੱਕ ਝੁਲਸੇ ਹਨ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੇ ਸਾਮਾਨ ਦੇ ਪਰਖੱਚੇ ਉੱਡ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਸੀਐਮਸੀ ਅਤੇ ਈਐਸਆਈ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਉਨ੍ਹਾਂ ਨੇ ਕਰੀਬ ਇੱਕ ਘੰਟੇ ਬਾਅਦ ਅੱਗ ਉਪਰ ਕਾਬੂ ਪਾ ਲਿਆ। ਸੂਚਨਾ ਮਿਲਦੇ ਹੀ ਏਸੀਪੀ ਧਰਮਪਾਲ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼ਹਿਰ ਦੇ ਮੇਅਰ ਬਲਕਾਰ ਸੰਧੂ, ਵਿਧਾਇਕ ਸੁਰਿੰਦਰ ਡਾਬਰ ਅਤੇ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਸਿਵਲ ਹਸਪਤਾਲ ’ਚ ਜ਼ਖ਼ਮੀਆਂ ਦੀ ਸਾਰ ਲੈਣ ਲਈ ਗਏ ਜਿਥੇ ਉਨ੍ਹਾਂ ਜ਼ਖ਼ਮੀਆਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਾਉਣ ਦੀ ਗੱਲ ਆਖੀ।
ਜਾਣਕਾਰੀ ਮੁਤਾਬਕ ਅਸ਼ੋਕ ਯਾਦਵ ਦੇ ਘਰ ’ਚ ਸਵੇਰੇ 6 ਵਜੇ ਦੇ ਕਰੀਬ ਲਾਈਟ ਚਲੀ ਗਈ ਤਾਂ ਉਸ ਦੀ ਪਤਨੀ ਸੁਨੀਤਾ ਯਾਦਵ ਨੇ ਰਸੋਈ ’ਚ ਸਿਲੰਡਰ ਨੂੰ ਥੋੜਾ ਖਿੱਚ ਕੇ ਰੌਸ਼ਨੀ ਵੱਲ ਕਰ ਦਿੱਤਾ ਤਾਂ ਜੋ ਖਾਣਾ ਬਣਾਇਆ ਜਾ ਸਕੇ। ਇਸ ਦੌਰਾਨ ਸਿਲੰਡਰ ’ਚੋਂ ਗੈਸ ਲੀਕ ਹੋਣ ਲੱਗ ਪਈ ਅਤੇ ਤੁਰੰਤ ਸਿਲੰਡਰ ਨੇ ਅੱਗ ਫੜ ਲਈ। ਅੱਗ ਨੇ ਸੁਨੀਤਾ ਨੂੰ ਆਪਣੀ ਲਪੇਟ ’ਚ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਘਰ ਦੇ ਸਾਮਾਨ ਨੂੰ ਵੀ ਅੱਗ ਨੇ ਫੜ ਲਿਆ। ਆਸਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਦਮ ਲਾਈਟ ਆ ਗਈ ਅਤੇ ਸਿਲੰਡਰ ’ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਥੇ ਮੌਜੂਦ ਸਾਰੇ ਵਿਅਕਤੀ ਫੱਟੜ ਹੋ ਗਏ। ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ ਅਤੇ ਹੋਰ ਲੋਕ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਲਿਜਾਣ ਲਈ ਅੱਗੇ ਆ ਗਏ। ਈਐਸਆਈ ਹਸਪਤਾਲ ਵਿੱਚ ਯਸ਼ਵੰਤ, ਗੋਬਿੰਦ, ਰਾਮ ਨਰੇਸ਼,  ਸ਼ਸ਼ੀਕਾਂਤ ਪਾਂਡੇ, ਕਮਲੇਸ਼ ਗਿਰੀ, ਅਨੁਪਮ ਕੁਮਾਰ, ਪੂਜਾ ਯਾਦਵ, ਅਸ਼ੋਕ ਯਾਦਵ, ਸੀਐਮਸੀ ਹਸਪਤਾਲ ਵਿੱਚ ਸੁਰਿੰਦਰ,  ਰਾਜ ਯਾਦਵ, ਕਾਜਲ, ਲਛਮਣ, ਏਗਾਨਿਆ ਯਾਦਵ, ਸ਼ਿਵਮ, ਸਿਵਲ ਹਸਪਤਾਲ ਵਿੱਚ ਕਮਲੇਸ਼,  ਬਿੱਟੂ, ਰਾਜਨ, ਉਤਮ, ਰਾਕੇਸ਼, ਅਮਿਤ, ਅੰਜੁਨ ਦੇਵੀ, ਵਰਿੰਦਰ ਕੁਮਾਰ, ਅਮਰਨਾਥ, ਮਮਤਾ, ਸ਼ੁਭਮ, ਮੀਨਾ ਦੇਵੀ, ਪ੍ਰਮੋਦ ਪ੍ਰਸਾਦ, ਮੁਹੰਮਦ ਅਲੀ, ਪਵਨ ਕੁਮਾਰ, ਸ਼ਸ਼ੀ ਸਿੰਘ, ਪ੍ਰਿੰਸ ਕੁਮਾਰ, ਅਸ਼ੋਕ ਕੁਮਾਰ, ਧਰਮਿੰਦਰ ਆਦਿ ਦਾਖ਼ਲ ਹਨ।

 

 

fbbg-image

Latest News
Magazine Archive