ਭਾਰਤ ਵਿੱਚ ਚੈਂਪੀਅਨਜ਼ ਟਰਾਫ਼ੀ ਵੱਟੇ ਹੋਵੇਗਾ ਟੀ-20 ਵਿਸ਼ਵ ਕੱਪ


ਕੋਲਕਾਤਾ - ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸਾਲ 2021 ਵਿੱਚ ਭਾਰਤ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ ਨੂੰ ਵਿਸ਼ਵ ਟੀ-20 ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਆਈਸੀਸੀ ਦੇ ਇਸ ਫ਼ੈਸਲੇ ਨਾਲ ਅੱਠ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦਾ ਭੋਗ ਪੈ ਗਿਆ ਹੈ। ਉਂਜ ਇਸ ਟੂਰਨਾਮੈਂਟ ਦੀ ਹੋਂਦ ’ਤੇ ਲਗਾਤਾਰ ਸਵਾਲ ਉੱਠ ਰਹੇ ਸਨ।
ਆਈਸੀਸੀ ਬੋਰਡ ਦੀ ਪੰਜ ਰੋਜ਼ਾ ਮੀਟਿੰਗ ਦੀ ਸਮਾਪਤੀ ਮਗਰੋਂ ਆਈਸੀਸੀ ਦੇ ਮੁੱਖ ਕਾਰਜਕਾਰੀ ਡੇਵ ਰਿਚਰਡਸਨ ਨੇ ਕਿਹਾ ਕਿ ਆਲਮੀ ਸੰਸਥਾ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ 2021 ਵਿੱਚ ਭਾਰਤ ਵਿੱਚ ਹੁਣ 16 ਟੀਮਾਂ ਵਿਚਾਲੇ ਟੀ-20 ਟੂਰਨਾਮੈਂਟ ਖੇਡਿਆ ਜਾਵੇਗਾ। ਰਿਚਰਡਸਨ ਦੇ ਇਸ ਐਲਾਨ ਨਾਲ ਬੀਸੀਸੀਆਈ ਦੇ ਨੁਮਾਇੰਦੇ ਅਮਿਤਾਭ ਚੌਧਰੀ ਨੇ ਵੀ ਸਹਿਮਤੀ ਜਤਾਈ ਹੈ। ਸ਼ੁਰੂਆਤ ਵਿੱਚ ਬੀਸੀਸੀਆਈ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਨਵੇਂ ਫ਼ੈਸਲੇ ਤੋਂ ਭਾਵ ਹੈ ਕਿ ਲਗਾਤਾਰ ਦੋ ਸਾਲਾਂ ਵਿੱਚ ਆਈਸੀਸੀ ਵਿਸ਼ਵ ਟੀ20 ਮੁਕਾਬਲੇ ਕਰਾਏ ਜਾਣਗੇ। ਆਸਟਰੇਲੀਆ 2020 ਵਿੱਚ ਵਿਸ਼ਵ ਟੀ-20 ਕੱਪ ਦੀ ਮੇਜ਼ਬਾਨੀ ਕਰੇਗਾ। ਰਿਚਰਡਸਨ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਰਤ ਵਿੱਚ 2021 ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ ਨੂੰ ਬਦਲ ਕੇ ਹੁਣ ਵਿਸ਼ਵ ਟੀ-20 ਕਰ ਦਿੱਤਾ ਗਿਆ ਹੈ। ਇਹ ਖੇਡ ਨੂੰ ਅੱਗੇ ਵਧਾਉਣ ਦੀ ਸਾਡੀ ਯੋਜਨਾ ’ਤੇ ਬਿਲਕੁਲ ਫਿੱਟ ਬੈਠਦਾ ਹੈ।’ ਇਸ ਦੌਰਾਨ 2019 ਤੇ 2023 ਵਿੱਚ ਵਿਸ਼ਵ ਕੱਪ ਹੋਣਗੇ। ਕਾਬਿਲੇਗੌਰ ਹੈ ਕਿ ਇਸ ਟੂਰਨਾਮੈਂਟ ਨੂੰ ਕਈ ਆਲੋਚਕ ਗੈਰਵਿਹਾਰਕ ਮੰਨ ਰਹੇ ਸਨ ਜਦਕਿ ਹਰ ਚਾਰ ਸਾਲ ਵਿੱਚ ਵਿਸ਼ਵ ਕੱਪ ਕਰਾਇਆ ਜਾਂਦਾ ਹੈ। ਰਿਚਰਡਸਨ ਨੇ ਕਿਹਾ, ‘ਬੀਸੀਸੀਆਈ ਪ੍ਰਤੀਨਿਧ ਨੇ ਬੋਰਡ ਦੀ ਮੀਟਿੰਗ ਵਿੱਚ ਹਿੱਸਾ ਲਿਆ ਤੇ ਇਸ ਬਾਰੇ ਸਰਬਸੰਮਤੀ ਨਾਲ ਫੈਸਲਾ ਹੋਇਆ। ਇਸ ਲਈ ਮੈਨੂੰ ਨਹੀਂ ਲਗਦਾ ਕਿ ਇਹ ਕੋਈ ਮਸਲਾ ਹੈ।’
ਲਾਸ ਏਂਜਲਸ ਓਲੰਪਿਕ ਦਾ ਹਿੱਸਾ ਬਣ ਸਕਦਾ ਹੈ ਕ੍ਰਿਕਟ
ਕ੍ਰਿਕਟ ਦੀ 2028 ਲਾਸ ਏਂਜਲਸ ਖੇਡਾਂ ਤੋਂ ਓਲੰਪਿਕ ਵਿੱਚ ਵਾਪਸੀ ਹੋ ਸਕਦੀ ਹੈ। ਆਈਸੀਸੀ ਨੇ ਆਪਣੀ ਤਿਮਾਹੀ ਮੀਟਿੰਗ ਦੌਰਾਨ ਹਰ ਚਾਰ ਸਾਲ ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਇੱਛਾ ਜਤਾਈ ਹੈ। ਆਈਸੀਸੀ ਮੁਖੀ ਡੇਵ ਰਿਚਰਡਸਨ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਕ੍ਰਿਕਟ ਲਾਸ ਏਂਜਲਸ ਓਲੰਪਿਕ ਦਾ ਹਿੱਸਾ ਬਣ ਜਾਏਗਾ। ਕ੍ਰਿਕਟ ਸਿਰਫ਼ ਇਕ ਵਾਰ ਪੈਰਿਸ ਓਲੰਪਿਕ ਖੇਡਾਂ (1900) ਦਾ ਹਿੱਸਾ ਬਣਿਆ ਸੀ। ਇਸ ਦੌਰਾਨ ਇਕ ਹੋਰ ਫ਼ੈਸਲੇ ਵਿੱਚ ਆਈਸੀਸੀ ਨੇ ਕ੍ਰਿਕਟ ਨੂੰ ਵਧੇਰੇ ਹਰਮਨਪਿਆਰਾ ਬਣਾਉਣ ਲਈ ਆਪਣੇ ਮੌਜੂਦਾ 104 ਮੈਂਬਰਾਂ ਨੂੰ ਟੀ-20 ਕੌਮਾਂਤਰੀ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।
 

 

 

fbbg-image

Latest News
Magazine Archive