ਮਨਰੇਗਾ ਫੰਡ ਪਾਣੀ ਦੀ ਸਾਂਭ ਸੰਭਾਲ ਲਈ ਵਰਤੋ: ਮੋਦੀ


ਮਾਂਡਲਾ ਮੱਧ ਪ੍ਰਦੇਸ਼ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਝਾਅ ਦਿੱਤਾ ਹੈ ਕਿ ਗਰਮੀਆਂ ਦੇ ਤਿੰਨ ਮਹੀਨਿਆਂ ਦੌਰਾਨ ਪਾਣੀ ਦੀ ਸਾਂਭ ਸੰਭਾਲ ਲਈ ਮਨਰੇਗਾ ਯੋਜਨਾ ਤਹਿਤ ਫੰਡ ਦਿੱਤੇ ਜਾਣ ਤਾਂ ਕਿ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਦੂਰ ਕੀਤੀ ਜਾ ਸਕੇ ਤੇ ਖੇਤੀਬਾੜੀ ਤੇ ਹੋਰ ਧੰਦਿਆਂ ਨੂੰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਉਪਲਬਧ ਮਾਨਵ ਸ਼ਕਤੀ ਦਾ ਉਪਯੋਗ ਮਹਾਤਮਾ ਗਾਂਧੀ ਪਿੰਡ ਕੇਂਦਰਤ ਵਿਕਾਸ ਮਾਡਲ ਨੂੰ ਸਾਕਾਰ ਕਰਨ ਵਿੱਚ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਮਨਰੇਗਾ ਯੋਜਨਾ ਅਧੀਨ ਮਿਲੇ ਫੰਡ ਅਪਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਸਿਰਫ਼ ਪਾਣੀ ਦੀ ਸਾਂਭ ਸੰਭਾਲ ਨਾਲ ਸਬੰਧਤ ਕੰਮਾਂ ’ਤੇ ਖਰਚਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ‘‘ ਸਾਨੂੰ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਕਰਨੀ ਪੈਣੀ ਹੈ। ਇਸ ਨਾਲ ਸਾਡਾ ਸਰਮਾਇਆ ਹੀ ਨਹੀਂ ਬਚੇਗਾ ਸਗੋਂ ਪਿੰਡ ਪਾਣੀ ਦੀ ਕਮੀ ਤੋਂ ਵੀ ਮੁਕਤ ਹੋਣਗੇ। ਇਸ ਨਾਲ ਖੇਤੀਬਾੜੀ ਵਿੱਚ ਵੀ ਮਦਦ ਮਿਲੇਗੀ।’’ ਸ੍ਰੀ ਮੋਦੀ ਨੇ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ‘ਜਨ ਧਨ, ਵਣ ਧਨ ਤੇ ਗਊ ਧਨ’ ਉਪਰ ਧਿਆਨ ਦੇਣਾ ਚਾਹੀਦਾ ਹੈ। 2022 ਵਿੱਚ ਜਦੋਂ ਦੇਸ਼ ਆਜ਼ਾਦੀ ਦੀ 75ਵੀਂ ਸਾਲਗਿਰ੍ਹਾ ਮਨਾਵੇਗਾ ਤਾਂ ਸਾਨੂੰ ਮਹਾਤਮਾ ਗਾਂਧੀ ਦੇ ਪਿੰਡਾਂ ਦੇ ਉਥਾਨ ਬਾਰੇ ਸੁਪਨੇ ਨੂੰ ਸਾਕਾਰ ਕਰਨਾ ਚਾਹੀਦਾ ਹੈ।
ਮੌਤ ਦੀ ਸਜ਼ਾ ਦਾ ਆਰਡੀਨੈਂਸ ਸਰਕਾਰ ਦੀ ਕਾਰਵਾਈ ਦਾ ਸਬੂਤ: ਮੋਦੀ
ਮਾਂਡਲਾ (ਮੱਧ ਪ੍ਰਦੇਸ਼) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਧੀਆਂ ਲਈ ਮਹਿਫ਼ੂਜ਼ ਮਾਹੌਲ ਬਣਾਉਣ ਲਈ ਪੁੱਤਰਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਉਣਾ ਪਵੇਗਾ ਤੇ ਬਲਾਤਕਾਰ ਦੇ ਕੇਸਾਂ ਬਾਰੇ ਜਾਰੀ ਕੀਤਾ ਆਰਡੀਨੈਂਸ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਨੇ ਬੱਚੀਆਂ ’ਤੇ ਹੁੰਦੇ ਜਿਨਸੀ ਹਮਲਿਆਂ ਬਾਰੇ ਲੋਕ ਰੋਹ ਦੇ ਮੱਦੇਨਜ਼ਰ ਕਾਰਵਾਈ ਕੀਤੀ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ‘‘ ਦਿੱਲੀ ਵਿੱਚ ਅਜਿਹੀ ਸਰਕਾਰ ਹੈ ਜੋ ਤੁਹਾਡੀ ਆਵਾਜ਼ ਸੁਣਦੀ ਹੈ ਤੇ ਫ਼ੈਸਲੇ ਲੈਂਦੀ ਹੈ। ਇਸ ਕਰ ਕੇ ਕੇਂਦਰ ਨੇ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ। ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਫ਼ਾਂਸੀ ਦਿੱਤੀ ਜਾਵੇਗੀ।’’

 

 

fbbg-image

Latest News
Magazine Archive