ਰਿਜ਼ਵੀ ਨੇ ਲਾਇਆ ਚਾਂਦੀ ’ਤੇ ਨਿਸ਼ਾਨਾ


ਚਾਂਗਵੋਨ (ਦੱਖਣੀ ਕੋਰੀਆ) - ਸ਼ਹਜ਼ਾਰ ਰਿਜ਼ਵੀ ਨੇ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦੇ ਤਗ਼ਮੇ ਨਾਲ ਇੱਥੇ ਚੱਲ ਰਹੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਜਿੱਤਿਆ। ਪਿਛਲੇ ਮਹੀਨੇ ਮੈਕਸੀਕੋ ਦੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਿੱਸਾ ਲੈਂਦੇ ਹੋਏ ਸੋਨ ਤਗ਼ਮਾ ਜਿੱਤਣ ਵਾਲਾ ਰਿਜ਼ਵੀ ਇਸ ਵਾਰ ਸਿਰਫ਼ 0.2 ਅੰਕ ਨਾਲ ਸੋਨੇ ਦਾ ਤਗ਼ਮਾ ਜਿੱਤਣ ਤੋਂ ਖੁੰਝ ਗਿਆ। ਉਸ ਨੇ ਸਖ਼ਤ ਮੁਕਾਬਲੇ ਵਿੱਚ 239.8 ਅੰਕਾਂ ਬਣਾ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਰੂਸ ਦੇ ਆਰਟੇਮ ਚੇਰਨੋਸੋਵ ਨੇ 240 ਅੰਕ ਨਾਲ ਸੋਨ ਤਗ਼ਮਾ ਜਿੱਤਿਆ। ਕਾਂਸੀ ਦਾ ਤਗ਼ਮਾ ਬੁਲਗਾਰੀਆ ਦੇ ਸਾਮੁਇਲ ਡੋਨਕੋਵ ਨੇ ਜਿੱਤਿਆ, ਜਿਸ ਨੇ 217.1 ਅੰਕ ਹਾਸਲ ਕੀਤੇ। ਪਹਿਲੇ ਦੋ ਦਿਨ ਭਾਰਤੀ ਨਿਸ਼ਾਨੇਬਾਜ਼ ਕੋਈ ਤਗ਼ਮਾ ਨਹੀਂ ਜਿੱਤ ਸਕੇ, ਜਿਸ ਮਗਰੋਂ ਅੱਜ ਭਾਰਤ ਨੂੰ ਤਗ਼ਮਾ ਦਿਵਾਉਣ ਦੀ ਜ਼ਿੰਮੇਵਾਰੀ ਰਿਜ਼ਵੀ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਦੇ ਤਗ਼ਮਾ ਜੇਤੂਆਂ ਜੀਤੂ ਰਾਏ ਅਤੇ ਓਮ ਪ੍ਰਕਾਸ਼ ਮਿਠਾਰਵਲ ’ਤੇ ਸੀ। ਰਿਜ਼ਵੀ ਨੇ ਕੁਆਲੀਫਾਈਂਗ ਵਿੱਚ 582 ਅੰਕ ਨਾਲ ਛੇਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ਵਿੱਚ ਥਾਂ ਬਣਾਈ। ਜੀਤੂ ਅਤੇ ਮਿਠਾਰਵਲ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ। ਮਿਠਾਰਵਲ 581 ਅੰਕਾਂ ਨਾਲ 11ਵੇਂ, ਜਦਕਿ ਜੀਤੂ 575 ਅੰਕ ਨਾਲ 38ਵੇਂ ਸਥਾਨ ’ਤੇ ਰਿਹਾ। ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਭਾਰਤ ਦੇ ਮਾਨਵਜੀਤ ਸਿੰਘ ਸੰਧੂ ਨੇ 125 ਵਿੱਚੋਂ 117 ਦਾ ਸਕੋਰ ਬਣਾਇਆ ਅਤੇ ਕੁਆਲੀਫੀਕੇਸ਼ਨ ਵਿੱਚ 24ਵੇਂ ਨੰਬਰ ’ਤੇ ਰਹਿ ਕੇ ਸਰਵੋਤਮ ਭਾਰਤੀ ਰਿਹਾ, ਜਦਕਿ ਕੀਨਨ ਚੇਨਾਈ 115 ਅੰਕਾਂ ਨਾਲ 36ਵੇਂ ਨੰਬਰ ’ਤੇ ਰਿਹਾ। ਇਸੇ ਤਰ੍ਹਾਂ ਜ਼ੋਰਾਵਰ ਸਿੰਘ ਸੰਧੂ 114 ਅੰਕਾਂ ਨਾਲ 41ਵੇਂ ਨੰਬਰ ’ਤੇ ਰਿਹਾ। ਸ਼ਹਜ਼ਾਰ ਦੇ ਚਾਂਦੀ ਦੇ ਤਗ਼ਮੇ ਨਾਲ ਭਾਰਤ ਨੇ ਚਾਂਗਵੋਨ ਇੰਟਰਨੈਸ਼ਨਲ ਸ਼ੂਟਿੰਗ ਸੈਂਟਰ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਅਜੇ ਅੱਠ ਹੋਰ ਮੁਕਾਬਲੇ ਖੇਡਣੇ ਹਨ।
 

 

 

fbbg-image

Latest News
Magazine Archive