ਪੰਜਾ ਸਾਹਿਬ ਵਿਸਾਖੀ ਮਨਾ ਕੇ ਸਿੱਖ ਜਥਾ ਵਤਨ ਪਰਤਿਆ


ਅਟਾਰੀ - ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਵਿਸਾਖੀ ਮਨਾਉਣ ਅਤੇ ਗੁਰਧਾਮਾਂ ਦੀ ਯਾਤਰਾ ਉੱਤੇ ਗਿਆ ਭਾਰਤੀ ਸ਼ਰਧਾਲੂਆਂ ਦਾ ਜਥਾ ਅੱਜ ਵਤਨ ਪਰਤ ਆਇਆ ਹੈ ਪਰ ਕਿਰਨ ਬਾਲਾ ਉਧਰ ਹੀ ਰਹਿ ਗਈ ਹੈ। ਗੜ੍ਹਸ਼ੰਕਰ ਵਾਸੀ ਕਿਰਨਬਾਲਾ ਵੱਲੋਂ ਪਾਕਿਸਤਾਨ ਵਿੱਚ ਇੱਕ ਮੁਸਲਮਾਨ ਨਾਲ ਨਿਕਾਹ ਕਰਾਉਣ ਉੱਤੇ ਟਿੱਪਣੀ ਕਰਦਿਆਂ ਜਥੇ ਦੇ ਆਗੂ  ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਨੇ ਅੱਜ ਰੇਲਵੇ ਸਟੇਸ਼ਨ ਅਟਾਰੀ ਵਿਖੇ ਅਫਸੋਸਨਾਕ ਜਤਾਇਆ ਹੈ। ਸਿੱਖ ਸ਼ਰਧਾਲੂਆਂ ਦਾ 1795 ਮੈਂਬਰੀ  ਜਥਾ ਅੱਜ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤਿਆ।
ਸ੍ਰੀ ਬੂਹ ਨੇ ਕਿਹਾ ਕਿ ਕਿਰਨਬਾਲਾ ਭਾਰਤੀ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖ ਜਥੇ ਨਾਲ ਹੀ ਵਾਪਸ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਿਰਨਬਾਲਾ ਦੇ ਨਿਕਾਹ ਕਰਾਉਣ ਸਬੰਧੀ ਪਾਕਿਸਾਤਨ ਔਕਾਫ਼ ਬੋਰਡ ਦੇ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾ ਸਾਹਿਬ ਵਿਖੇ 14 ਅਪਰੈਲ ਨੂੰ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ ਦੇਣ ਦੀ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵੱਡੇ ਪੱਧਰ ’ਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਔਕਾਫ਼ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਦੇ ਘੱਟ ਗਿਣਤੀਆਂ ਨਾਲ ਸਬੰਧਤ ਮੰਤਰੀ ਅਤੇ ਐਮਐਨਏ(ਮੈਂਬਰ ਨੈਸ਼ਨਲ ਅਸੈਂਬਲੀ) ਰਮੇਸ਼ ਸਿੰਘ ਅਰੋੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ।
ਦਿੱਲੀ ਵਾਸੀ ਇੱਕ ਸ਼ਰਧਾਲੂ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਅਤੇ ਡੇਹਰਾ ਸਾਹਿਬ ਵਿਖੇ ਮਨਾਏ ਗਏ ਸਮਾਗਮਾਂ ਮੌਕੇ ਅਮਰੀਕੀ ਸਿੱਖ ਆਗੂ ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਸੰਘੇੜਾ ਅਤੇ ਪਾਕਿਸਤਾਨ ਕਮੇਟੀ ਦੇ ਆਗੂ ਗੋਪਾਲ ਸਿੰਘ ਚਾਵਲਾ ਦੀ ਅਗਵਾਈ ਹੇਠ ਸਟੇਜ ਉੱਤੇ ਕਬਜ਼ਾ ਕਰਕੇ ‘ਰਾਇਸ਼ੁਮਾਰੀ-2020 ਸਬੰਧੀ ਪ੍ਰਚਾਰ ਕੀਤਾ, ਖਾਲਿਸਤਾਨ ਦੇ ਨਾਅਰੇ ਲਗਾਏ ਤੇ ਪ੍ਰਚਾਰ ਸਮੱਗਰੀ ਵੰਡੀ।
ਸ਼੍ਰੋਮਣੀ ਕਮੇਟੀ ਕਰਾਏਗੀ ਜਾਂਚ: ਲੌਂਗੋਵਾਲ
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕਿਰਨਬਾਲਾ ਮਾਮਲੇ ਦੀ ਆਪਣੇ ਪੱਧਰ ‘ਤੇ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਹੁਣ ਤਕ ਜਾਂਚ ਕਮੇਟੀ ਦੇ ਮੈਂਬਰਾਂ ਬਾਰੇ ਫੈਸਲਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਪਰਤੇ ਜਥੇ ਦੀ ਅਗਵਾਈ ਕਰ ਰਹੇ ਗੁਰਮੀਤ ਸਿੰਘ ਬੂਹ ਨਾਲ ਫਿਲਹਾਲ ਸੰਪਰਕ ਨਹੀਂ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਰਿਪੋਰਟ ਸੌਂਪੀ ਹੈ। ਜਥਾ ਭੇਜਣ ਸਬੰਧੀ ਨਿਯਮਾਂ ਦੀ ਨਜ਼ਰਸਾਨੀ ਕਰਨ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਜਲਦੀ ਹੀ ਮੈਂਬਰਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ।
ਇੱਕ ਹੋਰ ਸ਼ਰਧਾਲੂ ਲਾਪਤਾ
ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਿਆ ਅਮਰਜੀਤ ਸਿੰਘ ਵਾਸੀ ਨਿਰੰਜਨਪੁਰ (ਅੰਮ੍ਰਿਤਸਰ) ਵੀ ਵਾਪਸ ਨਹੀ ਆਇਆ। ਇਸ ਦਾ ਪਤਾ ਉਦੋਂ ਲੱਗਾ ਜਦੋਂ ਉਹ ਆਪਣਾ ਪਾਸਪੋਰਟ ਲੈਣ ਨਾ ਆਇਆ।
ਕਿਰਨ ਬਾਲਾ ਦੇ ਵੀਜ਼ੇ ਦੀ ਮਿਆਦ 30 ਦਿਨਾਂ ਲਈ ਵਧੀ
ਲਾਹੌਰ - ਲਾਹੌਰ ਹਾਈ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਤੇ ਪਾਕਿਸਤਾਨੀ ਨਾਗਰਿਕਤਾ ਮੰਗਣ ਵਾਲੀ ਉਸ ਭਾਰਤੀ ਔਰਤ ਦੀ ਹੋਣੀ ਦਾ ਫ਼ੈਸਲਾ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਨੇ ਵਿਸਾਖੀ ਮੌਕੇ ਯਾਤਰਾ ਦੌਰਾਨ ਹੀ ਇਸਲਾਮ ਧਾਰਨ ਕਰ ਕੇ ਇੱਥੋਂ ਦੇ ਇਕ ਸ਼ਖ਼ਸ ਨਾਲ ਵਿਆਹ ਕਰਵਾ ਲਿਆ ਸੀ। ਹਾਈ ਕੋਰਟ ਨੇ ਆਮਨਾ ਬੀਬੀ ਉਰਫ਼ ਕਿਰਨਬਾਲਾ ਦੇ ਵੀਜ਼ਾ ਦੀ ਮਿਆਦ 30 ਦਿਨਾਂ ਲਈ ਵਧਾ ਦਿੱਤੀ ਹੈ ਤੇ ਗ੍ਰਹਿ ਮੰਤਰਾਲੇ ਨੂੰ ਇਸ ਦੌਰਾਨ ਇਹ ਤੈਅ ਕਰਨ ਲਈ ਕਿਹਾ ਕਿ ਕੀ ਉਸ ਦੇ ਵੀਜ਼ਾ ਦੀ ਮਿਆਦ ਛੇ ਮਹੀਨਿਆਂ ਲਈ ਵਧਾਉਣ ਦੇ ਯੋਗ ਹੈ ਜਾਂ ਨਹੀਂ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੀ ਵਸਨੀਕ ਕਿਰਨਬਾਲਾ ਉਰਫ਼ ਆਮਨਾ ਬੀਬੀ 12 ਅਪਰੈਲ ਨੂੰ ਵਿਸਾਖੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਕ ਵਿਸ਼ੇਸ਼ ਰੇਲਗੱਡੀ ਰਾਹੀਂ ਲਾਹੌਰ ਪੁੱਜੀ ਸੀ। 16 ਅਪਰੈਲ ਨੂੰ ਉਸ ਨੇ ਸ਼ਹਿਰ ਦੀ ਇਕ ਮਸਜਿਦ ਵਿੱਚ ਹਿੰਗਰਵਾਲ ਲਾਹੌਰ ਦੇ ਇਕ ਵਸਨੀਕ ਨਾਲ ਨਿਕਾਹ ਕਰਵਾ ਲਿਆ ਸੀ। ਕਾਨੂੰਨ ਮੁਤਾਬਕ ਕਿਰਨ ਉਰਫ਼ ਆਮਨਾ ਹੁਣ ਇਕ ਮਹੀਨਾ ਪਾਕਿਸਤਾਨ ਵਿੱਚ ਰਹਿ ਸਕੇਗੀ ਤੇ ਜੇ ਉਸ ਦੇ ਵੀਜ਼ਾ ਦੀ ਮਿਆਦ ਵਿੱਚ ਛੇ ਮਹੀਨੇ ਦਾ ਵਾਧਾ ਕਰ ਦਿੱਤਾ ਜਾਂਦਾ ਹੈ ਤਾਂ ਉਹ ਨਾਗਰਿਕਤਾ ਲੈਣ ਦੀ ਪਾਤਰ ਬਣ ਜਾਵੇਗੀ। ਭਾਰਤ-ਪਾਕਿ ਸੰਧੀ ਤਹਿਤ ਸੱਤ ਸਾਲਾਂ ਬਾਅਦ ਇਕ ਦੂਜੇ ਦੇਸ਼ ਦੀ ਨਾਗਰਿਕਤਾ ਲੈ ਸਕਦੇ ਹਨ। ਇਸ ਅਰਸੇ ਦੌਰਾਨ ਕਿਰਨ ਨੂੰ ਹਰ ਛੇ ਮਹੀਨੇ ਬਾਅਦ ਆਪਣੇ ਵੀਜ਼ੇ ਦੀ ਮਿਆਦ ਵਧਾਉਣੀ ਪਵੇਗੀ।
 

 

Latest News
Magazine Archive