ਕਿਮ ਵੱਲੋਂ ਪਰਮਾਣੂ ਤਜਰਬੇ ਰੋਕਣ ਦਾ ਭਰੋਸਾ


ਸਿਓਲ - ਅਮਰੀਕਾ ਅਤੇ ਉੱਤਰੀ ਕੋਰੀਆ ਵਿੱਚ ਸੰਭਾਵੀ ਗੱਲਬਾਤ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਐਲਾਨ ਕੀਤਾ ਹੈ ਕਿ ਉਹ ਪਰਮਾਣੂ ਤਜਰਬਿਆਂ ਅਤੇ ਅੰਤਰ ਮਹਾਂਦੀਪੀ ਮਿਜ਼ਾਈਲ ਪ੍ਰੋਗਰਾਮ ਨੂੰ ਰੋਕ ਦੇਵੇਗਾ। ਕਿਮ ਦੇ ਇਸ ਐਲਾਨ ਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵਾਗਤ ਕੀਤਾ ਹੈ। ਅਮਰੀਕਾ ਉੱਤਰੀ ਕੋਰੀਆ ਦੇ ਇਸ ਐਲਾਨ ਦੀ ਚਿਰਾਂ ਤੋਂ ਉਡੀਕ ਕਰ ਰਿਹਾ ਸੀ। ਉੱਤਰੀ ਕੋਰੀਆ ਦੇ ਇਸ ਕਦਮ ਨੂੰ ਕੂਟਨੀਤਕ ਹਲਕੇ ਬੇਹੱਦ ਅਹਿਮ ਮੰਨ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਿਮ ਦੇ ਵਿੱਚ ਗੱਲਬਾਤ ਨੂੰ ਸਫਲ ਬਣਾਉਣ ਦੇ ਲਈ ਕੋਰੀਅਨ ਪ੍ਰਾਇਦੀਪ ਵਿੱਚ ਵੱਡੇ ਪੱਧਰ ਉੱਤੇ ਚੱਲ ਰਹੇ ਕੂਟਨੀਤਕ ਯਤਨਾਂ ਦਾ ਹੀ ਨਤੀਜਾ ਹੈ ਕਿ ਕਿਮ ਨੇ ਗੱਲਬਾਤ ਤੋਂ ਪਹਿਲਾਂ ਅਹਿਮ ਐਲਾਨ ਕੀਤਾ ਹੈ।
ਇਸ ਤੋਂ ਇੱਕ ਹਫਤਾ ਪਹਿਲਾਂ ਹੀ ਕਿਮ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਏ ਇਨ ਦੇ ਨਾਲ ਦੋਵਾਂ ਦੇਸ਼ਾਂ ਵਿੱਚ ਸਰਹੱਦੀ ਵਿਵਾਦ ਸੁਲਝਾਉਣ ਬਾਰੇ ਗੱਲਬਾਤ ਕੀਤੀ ਹੈ।
ਇਸ ਦੇ ਬਾਵਜੂਦ ਕਿਮ ਨੇ ਅਜੇ ਇਸ ਤਰ੍ਹਾਂ ਦਾ ਭਰੋਸਾ ਨਹੀ ਦਿੱਤਾ ਕਿ ਉਹ ਅਮਰੀਕਾ ਦੀ ਧਰਤੀ ਉੱਤੇ ਮਾਰ ਕਰਨ ਵਾਲੇ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਤਿਆਗ ਦੇਵੇਗਾ। ਕਿਮ ਬੀਤੇ ਸਮੇਂ ਵਿੱਚ ਇਹ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਕੋਲ ਪਰਮਾਣੁ ਹਥਿਆਰ ਲੈ ਕੇ ਜਾਣ ਵਾਲੀ ਮਿਜ਼ਾਈਲ ਤਕਨੀਕ ਹੈ।
‘ਫ਼ੈਸਲੇ ਨਾਲ ਖਿੱਤੇ ’ਚ ਤਣਾਅ ਘਟਾਉਣ ’ਚ ਮਿਲੇਗੀ ਮਦਦ’
ਚੀਨ ਨੇ ਆਪਣੇ ਸਹਿਯੋਗੀ ਦੇਸ਼ ਉਤਰੀ ਕੋਰੀਆ ਦੇ ਤਾਨਾਸ਼ਾਹ ਵੱਲੋਂ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਕਿਮ ਨੇ ਇਹ ਅਹਿਮ ਐਲਾਨ ਸੱਤਾਧਾਰੀ ‘ਵਰਕਰਜ਼ ਪਾਰਟੀ ਆਫ ਕੋਰੀਆ’ ਦੀ ਸੈਂਟਰਲ ਕਮੇਟੀ ਦੀ ਮੀਟਿੰਗ ਵਿੱਚ ਕੱਲ੍ਹ ਕੀਤਾ ਹੈ। ਚੀਨ ਦੇ ਵਿਦੇਸ਼ ਵਿਭਾਗ ਦੀ ਤਰਜ਼ਮਾਨ ਲੂ ਕਾਂਗ ਨੇ ਕਿਹਾ ਹੈ ਕਿ ਇਸ ਨਾਲ ਖਿੱਤੇ ਵਿੱਚ ਤਣਾਅ ਘਟਾਉਣ ’ਚ ਮੱਦਦ ਮਿਲੇਗੀ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰੇਸ ਅਤੇ ਰੂਸ ਸਰਕਾਰ ਨੇ ਵੀ ਉੱਤਰੀ ਕੋਰੀਆ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਤੇ ਇਸ ਨਾਲ ਕੋਰੀਆ ਪ੍ਰਾਇਦੀਪ ਵਿੱਚ ਤਣਾਅ ਘਟਾਉਣ ਲਈ ਮਦਦ ਮਿਲੇਗੀ।
 

 

 

fbbg-image

Latest News
Magazine Archive