ਆਈਪੀਐਲ: ਪੰਜਾਬ ਚੌਥੀ ਜਿੱਤ ਨਾਲ ਚੋਟੀ ’ਤੇ ਪੁੱਜਾ


ਕੋਲਕਾਤਾ - ਕਿੰਗਜ਼ ਇਲੈਵਨ ਪੰਜਾਬ ਨੇ ਅੱਜ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਨੌਂ ਵਿਕਟਾਂ ਨਾਲ ਹਰਾ ਕੇ ਆਈਪੀਐਲ-11 ਦੀ ਸੂਚੀ ਵਿੱਚ ਚੋਟੀ ’ਤੇ ਥਾਂ ਬਣਾ ਲਈ ਹੈ। ਇਹ ਉਸ ਦੀ ਚੌਥੀ ਜਿੱਤ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਕੈਰੇਬਿਆਈ ਖਿਡਾਰੀ ਕ੍ਰਿਸ ਗੇਲ ਦਾ ਕਹਿਰ ਅੱਜ ਵੀ ਜਾਰੀ ਰਿਹਾ। ਇਸ ਵਾਰ ਉਸ ਦੀ ਜੱਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਆ ਗਈ।  ਗੇਲ (ਨਾਬਾਦ 62) ਅਤੇ ਲੋਕੇਸ਼ ਰਾਹੁਲ (60) ਨੇ ਤਾਬੜੋੜ ਅੰਦਾਜ਼ ਵਿੱਚ ਖੇਡਦਿਆਂ ਸ਼ਾਨਦਾਰ ਅਰਧ ਸੈਂਕੜੇ ਬਣਾਏ। ਦੂਜੇ ਪਾਸੇ, ਕੇਕੇਆਰ ਦੇ ਕ੍ਰਿਸ ਲੇਨ ਨੇ ਵੀ 74 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡਦਿਆਂ ਟੀਮ ਨੂੰ 191 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ, ਪਰ ਗੇਲ ਅਤੇ ਰਾਹੁਲ ਦੇ ਜ਼ੋਰਦਾਰ ਹੱਲਿਆਂ ਨੇ ਮੀਂਹ ਆਉਣ ਤੋਂ ਪਹਿਲਾਂ ਹੀ ਮੁਕਾਬਲੇ ਨੂੰ ਇਕਪਾਸੜ ਬਣਾ ਦਿੱਤਾ। ਪੰਜਾਬ ਨੇ ਡਕਵਰਥ ਲੁਈਸ ਨਿਯਮ ਤਹਿਤ ਮਿਲੇ 125 ਦੌੜਾਂ ਦੇ ਟੀਚੇ ਨੂੰ 11.1 ਓਵਰ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 126 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪੰਜਾਬ ਦੀ ਪੰਜ ਮੈਚਾਂ ਵਿੱਚ ਇਹ ਚੌਥੀ ਜਿੱਤ ਹੈ, ਜਦਕਿ ਕੋਲਕਾਤਾ ਦੀ ਛੇ ਮੈਚਾਂ ਵਿੱਚ ਇਹ ਤੀਜੀ ਹਾਰ ਹੈ। ਮੈਚ ਜਦੋਂ ਮੀਂਹ ਕਾਰਨ ਖੇਡ ਰੋਕਿਆ ਗਿਆ, ਉਦੋਂ ਪੰਜਾਬ ਨੇ 8.2 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 96 ਦੌੜਾਂ ਬਣਾ ਲਈਆਂ ਸਨ। ਖੇਡ ਜਦੋਂ ਮੁੜ ਸ਼ੁਰੂ ਹੋਇਆ ਤਾਂ ਟੀਚਾ 13 ਓਵਰਾਂ ਵਿੱਚ 125 ਦੌੜਾਂ ਕਰ ਦਿੱਤਾ ਗਿਆ ਅਤੇ ਪੰਜਾਬ ਨੂੰ ਜਿੱਤ ਲਈ 28 ਗੇਂਦਾਂ ਵਿੱਚ 29 ਦੌੜਾਂ ਬਣਾਉਣੀਆਂ ਸਨ। ਰਾਹੁਲ ਨੇ ਪਾਰੀ ਦੇ ਦਸਵੇਂ ਓਵਰ ਵਿੱਚ ਸੁਨੀਲ ਨਾਰਾਇਣ ਦੀਆਂ ਗੇਂਦਾਂ ’ਤੇ ਇੱਕ ਛੱਕਾ, ਦੋ ਚੌਕੇ ਮਾਰੇ ਅਤੇ ਚੌਥੀ ਗੇਂਦ ’ਤੇ ਆਊਟ ਹੋ ਗਿਆ। ਰਾਹੁਲ ਅਤੇ ਗੇਲ ਨੇ ਪਹਿਲੀ ਵਿਕਟ ਲਈ 9.4 ਓਵਰਾਂ ਵਿੱਚ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਗੇਲ ਨੇ ਛੱਕਾ ਮਾਰ ਕੇ ਮੈਚ ਨੂੰ ਖ਼ਤਮ ਕੀਤਾ। ਗੇਲ ਨੇ 38 ਗੇਂਦਾਂ ’ਤੇ ਨਾਬਾਦ 62 ਦੌੜਾਂ ਵਿੱਚ ਪੰਜ ਚੌਕੇ ਅਤੇ ਛੇ ਛੱਕੇ ਮਾਰੇ। ਮਿਅੰਕ ਅਗਰਵਾਲ ਦੋ ਦੌੜਾਂ ਬਣਾ ਕੇ ਨਾਬਾਦ ਰਿਹਾ।    

 

 

fbbg-image

Latest News
Magazine Archive