ਰੂਸੀ ਤੇ ਚੀਨੀ ਮੁੱਕੇਬਾਜ਼ਾਂ ਖ਼ਿਲਾਫ਼ ਉਤਰੇਗੀ ਇੰਡੀਅਨ ਟਾਈਗਰਜ਼


ਨਵੀਂ ਦਿੱਲੀ - ਇੰਡੀਅਨ ਟਾਈਗਰਜ਼ ਵਿੱਚ ਸ਼ਾਮਲ ਭਾਰਤੀ ਮੁੱਕੇਬਾਜ਼ ਇੱਥੇ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਦੋ ਰੋਜ਼ਾ ਵਿਸ਼ਵ ਬੌਕਸਿੰਗ ਲੜੀ (ਡਬਲਯੂਐਸਬੀ) ਦੇ ਮੁਕਾਬਲਿਆਂ ਵਿੱਚ ਰੂਸ ਦੀ ਪੈਟਰੀਅਟ ਟੀਮ ਅਤੇ ਚੀਨ ਦੀ ਚਾਇਨਾ ਡਰੈਗਨਜ਼ ਨੂੰ ਸਖ਼ਤ ਚੁਣੌਤੀ ਦੇਣ ਦੇ ਇਰਾਦੇ ਨਾਲ ਉਤਰਨਗੇ। ਇਸ ਦੌਰਾਨ ਭਾਰਤ ਦੀਆਂ ਨਜ਼ਰਾਂ ਸ਼ਿਵਾ ਥਾਪਾ (60 ਕਿਲੋ) ਅਤੇ ਕਵਿੰਦਰ ਬਿਸ਼ਟ (52 ਕਿਲੋ) ’ਤੇ ਲੱਗੀਆਂ ਹੋਣਗੀਆਂ। ਇਹ ਦੋਵੇਂ ਖਿਡਾਰੀ ਇੰਡੀਅਨਜ਼ ਟਾਈਗਰਜ਼ ਵੱਲੋਂ ਪਹਿਲੀ ਵਾਰ ਖੇਡ ਰਹੇ ਹਨ। ਸੱਟ ਕਾਰਨ ਸ਼ਿਵਾ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ। ਉਸ ਦੇ ਲਈ ਇਹ ਪਹਿਲਾ ਪੇਸ਼ੇਵਰ ਮੁਕਾਬਲਾ ਹੈ। ਭਾਰਤ, ਰੂਸ ਅਤੇ ਚੀਨੀ ਟੀਮ ਦੇ ਮੁੱਕੇਬਾਜ਼ਾਂ ਨੇ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਅੱਜ ਆਪੋ-ਆਪਣੇ ਵਜ਼ਨ ਕਰਵਾਏ। ਪਹਿਲੇ ਗੇੜ ਵਿੱਚ ਇੰਡੀਅਨ ਟਾਈਗਰਜ਼ ਨੂੰ ਕਜ਼ਾਖ਼ਿਸਤਾਨ ਦੀ ਟੀਮ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਅਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ਨਿਚਰਵਾਰ ਨੂੰ ਇੰਡੀਅਨ ਟਾਈਗਰਜ਼ ਦਾ ਸਾਹਮਣਾ ਰੂਸ ਅਤੇ ਐਤਵਾਰ ਨੂੰ ਚਾਇਨਾ ਡਰੈਗਨਜ਼ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਭਾਰਤੀ ਮੁੱਕੇਬਾਜ਼ਾਂ ਨੂੰ ਏਸ਼ਿਆਡ ਚੋਣ ਨਾਲ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਇੰਡੀਅਨ ਟਾਈਗਰਜ਼ ਅਤੇ ਰੂਸੀ ਪੈਟਰੀਅਟ ਟੀਮ ਦੇ ਮੁਕਾਬਲੇ ਵਿੱਚ ਸ਼ਿਵਾ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲਿਸਟ ਅਤੇ ਕਜ਼ਾਖਿਸਤਾਨ ਵਿੱਚ ਇੱਕੋ-ਇੱਕ ਮੁਕਾਬਲਾ ਜਿੱਤਣ ਵਾਲੇ ਕਵਿੰਦਰ ਸਿੰਘ ਬਿਸ਼ਟ, ਦੋ ਵਾਰ ਦੇ ਕੌਮੀ ਚਾਂਦੀ ਦਾ ਤਗ਼ਮਾ ਜੇਤੂ ਦੁਰਯੋਧਨ ਸਿੰਘ ਨੇਗੀ (69), ਬ੍ਰਿਜੇਸ਼ ਯਾਦਵ (81) ਅਤੇ ਨਰਿੰਦਰ (91 ਕਿਲੋ ਤੋਂ ਵੱਧ) ਉਤਰਨਗੇ।    
ਭਾਰਤੀ ਮੁੱਕੇਬਾਜ਼ਾਂ ਦਾ ਅਮਰੀਕਾ ਦੌਰਾ ਰੱਦ
ਨਵੀਂ ਦਿੱਲੀ - ਭਾਰਤੀ ਮੁੱਕੇਬਾਜ਼ਾਂ ਦੀ ਸਿਖਲਾਈ ਲਈ ਅਮਰੀਕਾ ਵਿੱਚ ਮਾਈਕਲ ਜਾਨਸਨ ਸੈਂਟਰ ਦਾ ਦੌਰਾ ਵੀਜ਼ਾ ਦਿੱਕਤਾਂ ਕਾਰਨ ਦੂਜੀ ਵਾਰ ਰੱਦ ਹੋ ਗਿਆ ਹੈ। ਇਸ ਤੋਂ ਪਹਿਲਾਂ ਗੋਲਡ ਕੋਸਟ ਵਿੱਚ ਖ਼ਤਮ ਹੋਈਆਂ ਰਾਸ਼ਟਰਮੰਡਲ ਖੇਡਾਂ  ਦੀ ਤਿਆਰੀ ਲਈ ਮੁੱਕੇਬਾਜ਼ਾਂ ਨੇ ਸਿਖਲਾਈ ਲਈ ਦਸੰਬਰ ਮਹੀਨੇ ਦੌਰਾ ਕਰਨਾ ਸੀ, ਪਰ ਉਹ ਵੀਜ਼ਾ ’ਚ ਆ ਰਹੀਆਂ ਸਮੱਸਿਆਵਾਂ ਕਾਰਨ ਟਲ ਗਿਆ। ਇਸ ਮਗਰੋਂ ਮੁੜ ਮਈ ਦੇ ਪਹਿਲੇ ਹਫ਼ਤੇ ਟੈਕਸਾਸ ਵਿੱਚ ਸਿਖਲਾਈ ਦੀ ਯੋਜਨਾ ਬਣਾਈ ਗਈ, ਜੋ ਵੀਜ਼ੇ ਦੀਆਂ ਅੜਚਣਾਂ ਕਾਰਨ ਰੱਦ ਹੋ ਗਈ।

 

Latest News
Magazine Archive