ਕੇਐਲਐਫ ਦੇ ਮੁਖੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


ਪਟਿਆਲਾ - ਇੱਥੇ ਕੇਂਦਰੀ ਜੇਲ੍ਹ ਵਿੱਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਪੈਣ ਕਾਰਨ ਮੌਤ ਹੋ ਗਈ।  ਹਾਲਤ ਵਿਗੜਨ ਕਾਰਨ ਅੱਜ ਸ਼ਾਮੀਂ ਜਦੋਂ ਉਸਨੂੰ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ਼ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿ੍ਤਕ ਕਰਾਰ ਦੇ ਦਿੱਤਾ। ਪੋਸਟ ਮਾਰਟਮ ਭਲਕੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਡਾਕਟਰੀ ਟੀਮ ਵੱਲੋਂ ਕੀਤਾ ਜਾਵੇਗਾ। ਫਿਲਹਾਲ ਮੁਰਦਾਘਰ ਦੁਆਲ਼ੇ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਵੇਰਵਿਆਂ ਅਨੁਸਾਰ ਮਿੰਟੂ ਨੂੰ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਹੇਠਾਂ ਬੁੱਧਵਾਰ 4 ਵੱਜ ਕੇ 25  ਮਿੰਟ ’ਤੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਤੇ ਚੈੱਕ ਕਰਨ ’ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਫੇਰ ਜਲਦੀ ਹੀ ਲਾਸ਼ ਮੁਰਦਾ ਘਰ ਵਿਚ ਪੁੱਜਦੀ ਕਰ ਦਿੱਤੀ ਗਈ। ਹਸਪਤਾਲ਼ ਵਿਚਲੀ ਪੁਲੀਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਵੱਲੋਂ ਦਿੱਤੀ ਇਤਲਾਹ ’ਤੇ ਡੀਐੈਸਪੀ ਸਿਟੀ-1 ਸੌਰਵ ਜਿੰਦਲ ਦੀ ਅਗਵਾਈ ਹੇਠਾਂ ਜਲਦੀ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਨਿਰਧਾਰਤ ਨਿਯਮਾਂ ਤਹਿਤ ਜਾਂਚ ਵੀ ਹੋਵੇਗੀ।
ਇਸੇ ਦੌਰਾਨ, ਦੇਰ ਸ਼ਾਮ ਤੱਕ ਭਾਵੇਂ ਮਿੰਟੂ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਪੁੱਜਿਆ ਪਰ ਡੇਰਾ ਮੁਖੀ ’ਤੇ ਬੰਬ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਚਰਚਿਤ ਹੋਏ ਬਖਸ਼ੀਸ਼ ਸਿੰਘ ਬਾਬਾ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਹਸਪਤਾਲ਼ ਵਿੱਚ ਪੁੱਜੇ ਹੋਏ ਸਨ।    ਮਿੰਟੂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਮਿੰਟੂ ਦੀ  ਮੌਤ ਦੀ ਉੱਚ  ਪੱਧਰੀ  ਜਾਂਚ ਦੀ ਮੰਗ ਕੀਤੀ ਹੈ ਜਦਕਿ ਇੱਕ ਹੋਰ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕੈਨੇਡਾ ਤੋਂ ਇਸ ਪੱਤਰਕਾਰ ਨਾਲ਼ ਫੋਨ ’ਤੇ ਗੱਲ ਕਰਦਿਆਂ, ਜੇਲ੍ਹ ਪ੍ਰਸ਼ਾਸਨ ’ਤੇ ਇਲਾਜ ਦੇ ਮਾਮਲੇ ’ਚ ਢਿੱਲ-ਮੱਠ ਵਰਤਣ ਦੇ ਦੋਸ਼ ਲਾਏ ਹਨ। ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦਾ ਕਹਿਣਾ ਹੈ ਕਿ ਮਿੰਟੂ 4 ਜਨਵਰੀ 2017 ਤੋਂ ਪਟਿਆਲਾ ਜੇਲ੍ਹ ’ਚ ਸੀ ਤੇ ਉਸ ਨੂੰ ਛੇ ਸੱਤ ਵਾਰ ਹਸਪਤਾਲ਼ ਭੇਜਿਆ ਗਿਆ ਸੀ। 20 ਅਪਰੈਲ ਨੂੰ ਮੁੜ ਪੀਜੀਆਈ ਲਿਜਾਣਾ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ਾਮੀ ਚਾਰ ਵਜੇ ਸੀਨੇ ਵਿੱਚ ਤਕਲੀਫ਼ ਦੀ ਸ਼ਿਕਾਇਤ ਹੋਣ ’ਤੇ ਪਹਿਲਾਂ ਜੇਲ੍ਹ ਵਿਚਲੇ ਡਾਕਟਰ ਨੇ ਚੈੱਕ ਕੀਤਾ ਤੇ ਫੇਰ ਰਾਜਿੰਦਰਾ ਹਸਪਤਾਲ਼ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸ ਦੀ ਹਸਪਤਾਲ਼ ਪੁੱੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮੌਤ ਦੀ ਘੋਸ਼ਣਾ ਐਮਰਜੈਂਸੀ ਵਾਰਡ ਵਿੱਚ ਹਾਜ਼ਰ  ਡਾ. ਸ਼ਿਵਮ ਵੱਲੋਂ ਕੀਤੀ ਗਈ।
ਪੁਲੀਸ ਰਿਕਾਰਡ ਮੁਤਾਬਕ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਦਾ ਵਸਨੀਕ ਸੀ। 2014 ਵਿਚ ਥਾਈਲੈਂਡ ਵਿੱਚ ਫੜੇ ਜਾਣ ’ਤੇ ਉਸ ਨੂੰ  ਭਾਰਤ ਲਿਆਂਦਾ ਗਿਆ ਸੀ। ਇਥੇ ਗੈਸ ਬੌਟਲਿੰਗ ਪਲਾਂਟ ਨਾਭਾ ਨੇੜੇ ਬਖਸ਼ੀਸ਼ ਸਿੰਘ ਬਾਬਾ ਵੱਲੋਂ ‘ਬੰਬ ਫਿੱਟ ਕਰਨ’ ਦੇ ਕੇਸ ’ਚ ਉਸ ਨੂੰ ਵੀ  ਸਾਜ਼ਿਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਨਾਭਾ ਵਿਖੇ  ਹੀ ਉਸ ਖ਼ਿਲਾਫ਼ ਇੱਕ ਹੋਰ ਕੇਸ ਵੀ ਦਰਜ ਸੀ ਪਰ ਹੁਣ ਉਹ ਇਨ੍ਹਾਂ ਦੋਵਾਂ ਕੇਸਾਂ ਵਿਚੋਂ ਬਰੀ ਹੋ ਚੁੱਕਾ ਸੀ। ਮਿੰਟੂ 27 ਨਵੰਬਰ 2016 ਨੂੰ ਉਦੋਂ ਨਾਭਾ ਜੇਲ੍ਹ ਵਿੱਚੋਂ ਫਰਾਰ ਹੋ ਗਿਆ ਸੀ ਜਦੋਂ ਹਮਲਾ ਕਰ ਕੇ ਕਈ ਹਥਿਆਰਬੰਦ ਗੈਂਗਸਟਰਾਂ ਨੇ ਵਿੱਕੀ ਗੌਂਡਰ ਤੇ ਉਸ ਸਮੇਤ ਛੇ ਜਣਿਆਂ ਨੂੰ ਛੁਡਾ ਲਿਆ ਸੀ। ਪਛਾਣ ਛੁਪਾਉਣ ਲਈ ਦਾੜ੍ਹੀ ਕੇਸ ਕਟਵਾਉਣ ਦੇ ਬਾਵਜੂਦ ਉਹ ਉਸੇ ਰਾਤ ਦਿੱਲੀ  ਵਿੱਚ  ਫੜਿਆ ਗਿਆ ਸੀ। ਜੇਲ੍ਹ ਕਾਂਡ ਵਾਲ਼ਾ ਕੇਸ ਪਟਿਆਲਾ ਅਦਾਲਤ ਵਿੱਚ ਚੱਲ ਰਿਹਾ ਹੈ।

 

Latest News
Magazine Archive