ਐਫਸੀਆਈ ਨੇ ਕਣਕ ਦੀ ਖਰੀਦ ਤੋਂ ਹੱਥ ਖਿੱਚੇ


ਬਠਿੰਡਾ - ਭਾਰਤੀ ਖੁਰਾਕ ਨਿਗਮ (ਐਫ਼ਸੀਆਈ) ਨੇ ਐਤਕੀਂ ਕਣਕ ਦੀ ਖਰੀਦ ਤੋਂ ਹੱਥ ਖਿੱਚ ਲਏ ਹਨ, ਜਿਸ ਕਾਰਨ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਖੁਰਾਕ ਨਿਗਮ ਦੇ ਅਫ਼ਸਰਾਂ ਨੇ ਸਾਫ਼ ਆਖ ਦਿੱਤਾ ਹੈ ਕਿ ਅਗਰ ਰੇਲ ਮੂਵਮੈਂਟ ਹੋਈ ਤਾਂ ਹੀ ਕਣਕ ਖਰੀਦੀ ਜਾਵੇਗੀ। ਵੱਡੀ ਬਿਪਤਾ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਦੀ ਬਣੀ ਹੈ। ਇਸੇ ਬਹਾਨੇ ਖੁਰਾਕ ਨਿਗਮ ਨੂੰ ਅਨਾਜ ਦੀ ਖਰੀਦ ਤੋਂ ਖਹਿੜਾ ਛੁਡਾਉਣ ਦਾ ਮੌਕਾ ਮਿਲ ਗਿਆ ਹੈ।
ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਪਿਛਲੇ ਵਰ੍ਹਿਆਂ ’ਚ ਐਫ਼ਸੀਆਈ ਵੱਲੋਂ 20 ਫ਼ੀਸਦੀ ਤੱਕ ਕਣਕ ਖਰੀਦੀ ਜਾਂਦੀ ਰਹੀ ਹੈ। ਨਿਗਮ ਨੇ ਪਹਿਲਾਂ ਖਰੀਦ ਘਟਾ ਕੇ 10 ਫ਼ੀਸਦੀ ਕਰਾ ਲਈ ਅਤੇ ਹੁਣ ਪੰਜ ਫ਼ੀਸਦੀ ਕਰਨ ਦੀ ਗੱਲ ਆਖੀ ਹੈ। ਖੁਰਾਕ ਨਿਗਮ ਨੇ ਬਠਿੰਡਾ ਅਤੇ ਮਾਨਸਾ ਦੇ 44 ਖਰੀਦ  ਕੇਂਦਰਾਂ ਵਿਚ ਖਰੀਦ ਕਰਨੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਨਿਗਮ ਨੇ ਬਠਿੰਡਾ ਵਿਚ ਹੁਣ ਤੱਕ 2500 ਮੀਟਰਿਕ ਟਨ ਕਣਕ ਹੀ ਖਰੀਦੀ ਹੈ।
ਵੇਰਵਿਆਂ ਅਨੁਸਾਰ ਖੁਰਾਕ ਨਿਗਮ ਕੋਲ ਬਠਿੰਡਾ-ਮਾਨਸਾ ’ਚ 12 ਲੱਖ ਮੀਟਰਿਕ ਟਨ ਸਮਰੱਥਾ ਦੇ ਕਵਰਡ ਗੁਦਾਮ ਹਨ ਜਦੋਂ ਕਿ 13.50 ਲੱਖ ਮੀਟਰਿਕ ਟਨ ਚੌਲ ਆ ਚੁੱਕਾ ਹੈ। ਨਿਗਮ ਨੇ ਤਰਕ ਦਿੱਤਾ ਹੈ ਕਿ ਉਸ ਦੇ ਗੁਦਾਮ ਓਵਰਲੋਡ ਹੋ ਚੁੱਕੇ ਹਨ। ਰਾਮਾਂ ਮੰਡੀ ਦੇ ਇਲਾਕੇ ਵਿਚ ਕਿਸੇ ਤਕਨੀਕੀ ਕੰਮ ਕਾਰਨ ਰੇਲਵੇ ਮੂਵਮੈਂਟ ਰੁਕ ਗਈ ਹੈ। ਐਫ਼ਸੀਆਈ ਦੇ ਮੈਨੇਜਰ (ਖਰੀਦ) ਸ੍ਰੀ ਸਿਧਾਰਥ ਨੇ ਕਿਹਾ ਕਿ ਅਗਰ ਕੋਈ ਰੇਲਵੇ ਰੈਕ ਮਿਲਦਾ ਹੈ ਤਾਂ ਹੀ ਉਹ ਕਣਕ ਦੀ ਖਰੀਦ ਸੰਭਵ ਬਣਾ ਸਕਦੇ ਹਨ।
ਸੂਤਰਾਂ ਮੁਤਾਬਕ ਅਜਿਹੀ ਹਾਲਤ ਚਾਰੇ ਪਾਸੇ ਬਣਨ ਲੱਗੀ ਹੈ। ਖੁਰਾਕ ਨਿਗਮ ਦੀ ਕੋਰੀ ਨਾਂਹ ਮਗਰੋਂ ਸਾਰਾ ਭਾਰ ਸੂਬਾਈ ਖਰੀਦ ਏਜੰਸੀਆਂ ’ਤੇ ਪੈਣ ਲੱਗਾ ਹੈ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਰਾਜ ਦੀਆਂ ਏਜੰਸੀਆਂ ਕੋਲ ਵੀ ਏਨੀ ਜਗ੍ਹਾ ਅਤੇ ਪ੍ਰਬੰਧ ਨਹੀਂ ਹਨ ਕਿ ਐਫ਼ਸੀਆਈ ਦੇ ਹਿੱਸੇ ਦੀ ਵੀ ਖਰੀਦ ਕਰ ਸਕੇ। ਫਿਰ ਵੀ ਉਨ੍ਹਾਂ ਨੇ ਕਈ ਖਰੀਦ ਕੇਂਦਰਾਂ ’ਚ ਐਫਸੀਆਈ ਨਾਲ ਸਾਂਝੀ ਖਰੀਦ ਲਈ ਮੁੱਖ ਦਫ਼ਤਰ ਨੂੰ ਲਿਖ ਦਿੱਤਾ ਹੈ। ਕੇਂਦਰੀ ਅਦਾਰੇ ਐਫ਼ਸੀਆਈ ਦੀ ਨਾਂਹ ਆਉਂਦੇ ਦਿਨਾਂ ਵਿਚ ਕੈਪਟਨ ਹਕੂਮਤ ਦੀ ਸਾਖ ਨੂੰ ਸੱਟ ਮਾਰ ਸਕਦੀ ਹੈ।
ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ
ਚੰਡੀਗੜ੍ਹ - ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ ਹੈ ਪਰ ਚੁਕਾਈ ਦੀ ਰਫ਼ਤਾਰ ਮੱਠੀ ਹੋਣ ਕਾਰਨ ਮੰਡੀਆਂ ਵਿੱਚ ਜਿਣਸ ਦੇ ਅੰਬਾਰ ਲੱਗ ਰਹੇ ਹਨ। ਕਿਸਾਨਾਂ ਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਟਰੱਕ ਯੂਨੀਅਨਾਂ ਉਤੇ ਲੱਗੀ ਪਾਬੰਦੀ ਤੇ ਚੁਕਾਈ ਦਾ ਕੰਮ ਹੋਰ ਧਿਰਾਂ ਨੂੰ ਦਿੱਤੇ ਜਾਣ ਕਾਰਨ ਪੈਦਾ ਹੋਈ ਹੈ।
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਪੁੱਜੀ ਕਣਕ ’ਚੋਂ ਹਾਲੇ ਚੌਥੇ ਹਿੱਸੇ ਦੀ ਹੀ ਚੁਕਾਈ ਹੋਈ ਹੈ। ਆੜ੍ਹਤੀ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਬੀਤੇ ਦਿਨ ਤੱਕ ਮੰਡੀ ਵਿੱਚ 4.14 ਲੱਖ ਮੀਟਰਿਕ ਟਨ ਕਣਕ ਆ ਚੁੱਕੀ ਸੀ ਤੇ ਇਸ ਵਿੱਚੋਂ 4.04 ਲੱਖ ਮੀਟਰਿਕ ਟਨ ਦੀ ਖ਼ਰੀਦ ਹੋਈ ਹੈ, ਜਦੋਂਕਿ ਚੁਕਾਈ 20 ਫ਼ੀਸਦੀ ਤੋਂ ਵੀ ਘੱਟ ਦੀ ਹੋ ਸਕੀ ਹੈ। ਪੰਜਾਬ ਦੇ ਦੂਜੇ ਹਿੱਸਿਆਂ ਜਿਵੇਂ ਰਾਜਪੁਰਾ, ਸਾਹਨੇਵਾਲ ਤੋਂ ਲੈ ਕੇ ਫ਼ਾਜ਼ਿਲਕਾ, ਅਬੋਹਰ, ਮੋਗਾ, ਬਰਨਾਲਾ ਤੇ ਬਠਿੰਡਾ ਤੱਕ ਇਹੋ ਹਾਲ ਹੈ। ਗ਼ੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਸਾਲ ਟਰੱਕ ਯੂਨੀਅਨਾਂ ਉਤੇ ਪਾਬੰਦੀ ਲਾ ਦਿੱਤੀ ਸੀ ਅਤੇ ਨਵੇਂ ਨਿਯਮਾਂ ਤਹਿਤ ਯੂਨੀਅਨਾਂ ਲਈ ਕੰਪਨੀਜ਼ ਐਕਟ ਤੇ ਸੁਸਾਇਟੀਜ਼ ਐਕਟ ਤਹਿਤ ਰਜਿਸਟਰ ਹੋਣਾ ਲਾਜ਼ਮੀ ਹੈ ਪਰ ਇਸ ਵਿੱਚ ਬਹੁਤੀਆਂ ਯੂਨੀਅਨਾਂ ਨੇ ਰਜਿਸਟਰੇਸ਼ਨ ਨਹੀਂ ਕਰਵਾਈ। ਇਸ ਕਾਰਨ ਉਹ ਇਸੇ ਸਾਲ ਚੁਕਾਈ ਲਈ ਦਿੱਤੇ ਟੈਂਡਰੲ ਦੇ ਅਯੋਗ ਹੋ ਗਈਆਂ। ਇਸ ਕਾਰਨ ਮਾਨਸਾ ਤੇ ਸੰਗਰੂਰ ਵਿੱਚ ਕਿਰਤ ਤੇ ਉਸਾਰੀ ਸੁਸਾਇਟੀਆਂ ਨੂੰ ਟੈਂਡਰ ਦਿੱਤੇ ਗਏ ਹਨ ਤੇ ਕੁਝ ਥਾਈਂ ਸ਼ੈਲਰ ਮਾਲਕਾਂ ਦੀ ਮੱਦਦ ਲਈ ਜਾ  ਰਹੀ ਹੈ, ਪਰ ਜਾਪਦਾ ਹੈ ਕਿ ਨਵੀਆਂ ਧਿਰਾਂ ਦੇ ਹਾਲੇ ਇਹ ਮਾਮਲਾ ਕਾਬੂ ਨਹੀਂ ਆ ਰਿਹਾ।  ਖ਼ੁਰਾਕ ਤੇ ਸਪਲਾਈ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਚੁਕਾਈ ਵਿੱਚ ਕੋਈ ਢਿੱਲ-ਮੱਠ ਨਹੀਂ ਹੈ। ਉਨ੍ਹਾਂ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗਣ ਦਾ ਕਾਰਨ ਬੀਤੇ ਦੋ ਦਿਨਾਂ ਦੌਰਾਨ ਹੋਈ ਜਿਣਸ ਦੀ ਭਾਰੀ ਆਮਦ ਨੂੰ ਦੱਸਿਆ ਹੈ।

 

 

fbbg-image

Latest News
Magazine Archive