ਕਈ ਰਾਜਾਂ ਵਿੱਚ ਏਟੀਐਮ ਹੋਏ ਖੁਸ਼ਕ


ਨਵੀਂ ਦਿੱਲੀ - ਆਂਧਰਾ ਪ੍ਰਦੇਸ਼, ਤਿਲੰਗਾਨਾ, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕਰੰਸੀ ਦੀ ਭਾਰੀ ਥੁੜ ਤੇ ਏਟੀਐਮ ਖ਼ਾਲੀ ਹੋਣ ਕਰ ਕੇ ਲੋਕਾਂ ਅੰਦਰ ਘਬਰਾਹਟ ਦਾ ਮਾਹੌਲ ਹੈ। ਕੌਮੀ ਰਾਜਧਾਨੀ ਵਿੱਚ ਵੀ ਅੱਜ ਏਟੀਐਮਜ਼ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਤੇ ਜਲਦੀ ਹੀ ਨਕਦੀ ਖਤਮ ਹੋ ਗਈ। ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਕਦੀ ਦੀ ਮੰਗ ਬੇਤਹਾਸ਼ਾ ਵਧਣ ਕਰ ਕੇ ਅਜਿਹੇ ਹਾਲਾਤ ਪੈਦਾ ਹੋਏ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਕਿ ਕੁਝ ਰਾਜਾਂ ਵਿੱਚ ‘ਆਰਜ਼ੀ ਥੁੜ’ ਦੀ ਹਾਲਤ ਉਪਰ ਤੇਜ਼ੀ ਨਾਲ ਕਾਬੂ ਪਾਇਆ ਜਾ ਰਿਹਾ ਹੈ ਤੇ ਵਿਹਾਰ ਵਿੱਚ ਆ ਰਹੀ ਕਰੰਸੀ ਕਾਫ਼ੀ ਹੈ। ਸ੍ਰੀ ਜੇਤਲੀ ਜੋ ਕਿ ਗੁਰਦੇ ਦੀ ਬਿਮਾਰੀ ਕਾਰਨ 2 ਅਪਰੈਲ ਤੋਂ ਦਫ਼ਤਰ ਨਹੀਂ ਆ ਸਕੇ, ਨੇ ਕਿਹਾ ਕਿ ਉਨ੍ਹਾਂ ਦੇਸ਼ ਵਿੱਚ ਨਕਦੀ ਦੇ ਹਾਲਾਤ ਦਾ ਜਾਇਜ਼ਾ ਲਿਆ ਹੈ। ਵਿਰੋਧੀ ਪਾਰਟੀਆਂ ਨੇ ਮੌਜੂਦਾ ਸਥਿਤੀ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ  ਕਿਹਾ ਕਿ ‘ਨੋਟਬੰਦੀ ਦਾ ਖੌਫ਼’ ਮੁੜ ਸਿਰ ਚੁੱਕ ਰਿਹਾ ਹੈ ਤੇ ਦੇਸ਼ ਵਿੱਚ ‘‘ਵਿੱਤੀ  ਐਮਰਜੈਂਸੀ’’ ਵਰਗੇ ਹਾਲਾਤ ਬਣੇ ਪਏ ਹਨ। ਕਾਂਗਰਸ  ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਸੰਸਦੀ ਹਲਕੇ ਅਮੇਠੀ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਦੇਸ਼ ਦੀ ਬੈਂਕਿੰਗ ਵਿਵਸਥਾ ਤਹਿਸ ਨਹਿਸ ਕਰ ਕੇ ਰੱਖ ਦਿੱਤੀ ਹੈ।  ਉਨ੍ਹਾਂ ਦੇਸ਼ ਦੇ ਲੋਕਾਂ ਦੀਆਂ ਜੇਬ੍ਹਾਂ ’ਚੋਂ 500/1000 ਰੁਪਏ ਦੇ ਨੋਟ ਕੱਢ ਕੇ ਨੀਰਵ  ਮੋਦੀ ਵਰਗਿਆਂ ਨੂੰ ਦੇ ਦਿੱਤੇ ਜਿਨ੍ਹਾਂ ਬਾਰੇ ਉਹ ਹੁਣ ਤੱਕ ਇਕ ਸ਼ਬਦ ਨਹੀਂ ਬੋਲ ਸਕੇ।  ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਟਵੀਟ ਵਿੱਚ ਕਿਹਾ ‘‘ ਬਹੁਤ ਸਾਰੇ  ਰਾਜਾਂ ਵਿੱਚ ਨਕਦੀ ਮੁੱਕਣ ਦੀਆਂ ਰਿਪੋਰਟਾਂ ਦੇਖ ਰਹੀ ਹਾਂ। ਵੱਡੇ ਨੋਟ ਗਾਇਬ ਹੋ ਗਏ ਹਨ।  ਨੋਟਬੰਦੀ ਦੇ ਦਿਨ ਤਾਜ਼ਾ ਹੋ ਗਏ। ਕੀ ਦੇਸ਼ ਵਿੱਚ ਵਿੱਤੀ ਐਮਰਜੈਂਸੀ ਚੱਲ ਰਹੀ ਹੈ?’’ ਸੀਪੀਆਈ  ਐਮ ਦੇ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ‘‘ ਨਵੰਬਰ 2016 ਵਿੱਚ ਏਟੀਐਮ ਖਾਲੀ ਹੋ ਗਏ  ਸਨ ਤੇ ਹੁਣ ਫਿਰ ਖਾਲੀ ਹੋ ਗਏ ਹਨ। ਸਿਰਫ ਇਕ ਪਾਰਟੀ ਭਾਜਪਾ ਦੇ ਖਜ਼ਾਨੇ ਨਕਦੀ ਨਾਲ ਭਰੇ  ਪਏ ਹਨ। ਲੋਕ ਸੰਤਾਪ ਹੰਢਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਦਹਿਸ਼ਤਗਰਦੀ ਜਾਂ  ਕਾਲੇ ਧਨ ’ਤੇ ਕੋਈ ਅਸਰ ਨਹੀਂ ਪਿਆ ਪਰ ਇਸ ਨੇ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ  ਤੋੜ ਦਿੱਤੀ ਹੈ।’’ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਕਿਹਾ ‘‘ ਪਿਆਰੇ ਵਿੱਤ ਮੰਤਰੀ  ਜੀ, ਕੈਸ਼ਲੈਸ ਅਰਥਚਾਰੇ ਦਾ ਮਤਲਬ ਕੈਸ਼ਲੈਸ ਬੈਂਕ ਤੇ ਕੈਸ਼ਲੈਸ ਏਟੀਐਮ ਨਹੀਂ ਹੁੰਦਾ।  ਸਾਨੂੰ ਆਸ ਹੈ ਕਿ ਤੁਹਾਨੂੰ ਇਹ ਸਮਝ ਆ ਜਾਵੇ।’’
ਆਰਬੀਆਈ ਨੂੰ ਦੋ ਹਜ਼ਾਰ ਦੇ ਨੋਟਾਂ ਦੀ ਜ਼ਖੀਰੇਬਾਜ਼ੀ ਦਾ ਸ਼ੱਕ
ਸਰਕਾਰ ਨੂੰ ਸ਼ੱਕ ਹੈ ਕਿ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਜ਼ਖੀਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਥੁੜ ਨਾਲ ਨਿਬਟਣ ਲਈ 500 ਦੇ ਨੋਟਾਂ ਦੀ ਛਪਾਈ ਪੰਜ ਗੁਣਾਂ ਵਧਾਈ ਜਾ ਰਹੀ ਹੈ। ਮਹੀਨੇ ਵਿੱਚ 70-75 ਹਜ਼ਾਰ ਕਰੋੜ ਰੁਪਏ ਦੇ ਨੋਟਾਂ ਦੀ ਛਪਾਈ ਹੋ ਰਹੀ ਹੈ ਜੋ ਵਧਦੀ ਮੰਗ ਦੀ ਪੂਰਤੀ ਲਈ ਕਾਫ਼ੀ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਆਰਬੀਆਈ ਨੇ ਪੰਜ ਸੌ ਦੇ ਨੋਟਾਂ ਦੀ ਰੋਜ਼ਾਨਾ ਛਪਾਈ ਵਧਾ ਕੇ 2500 ਕਰੋੜ ਰੁਪਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿ ਬੈਂਕਾਂ ਖ਼ਤਰੇ ਵਿੱਚ ਹਨ। ਦੱਖਣ ਦੇ ਕਈ ਰਾਜਾਂ ਵਿੱਚ ਪ੍ਰਸਤਾਵਿਤ ਵਿੱਤੀ ਨਿਬੇੜਾ ਤੇ ਜਮ੍ਹਾਂਪੂੰਜੀ ਜ਼ਾਮਨੀ ਐਫਆਰਡੀਆਈ ਬਿੱਲ 2017 ਦੀਆਂ ਕੁਝ ਮੱਦਾਂ ਨੂੰ ਲੈ ਕੇ ਇਹ ਖਦਸ਼ੇ ਲਾਏ ਜਾ ਰਹੇ ਸਨ ਕਿ ਬੈਂਕਾਂ ਵਿੱਚ ਰੱਖਿਆ ਪੈਸਾ ਮਹਿਫ਼ੂਜ਼ ਨਹੀਂ ਹੈ ਜਿਸ ਤੋਂ ਲੋਕਾਂ ਅੰਦਰ ਪੈਸੇ ਕਢਵਾਉਣ ਦਾ ਰੁਝਾਨ ਤੇਜ਼ ਹੋਇਆ।
 

 

 

fbbg-image

Latest News
Magazine Archive