ਭਾਰਤ ਤੇ ਸਵੀਡਨ ’ਚ ਵਧੇਗੀ ਰਣਨੀਤਕ ਭਾਈਵਾਲੀ


ਸਟਾਕਹੋਮ - ਭਾਰਤ ਅਤੇ ਸਵੀਡਨ ਅੱਜ ਆਪਣਾ ਰੱਖਿਆ ਤੇ ਸੁਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਰਾਜ਼ੀ ਹੋ ਗਏ। ਦੋਵਾਂ ਮੁਲਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਵੀਡਿਸ਼ ਹਮਰੁਤਬਾ ਸਟੀਫ਼ਨ ਲੋਫ਼ਵੇਨ ਦਰਮਿਆਨ ਹੋਈ ਗੱਲਬਾਤ ਦੌਰਾਨ ਆਪਣੀ ਰਣਨੀਤਕ ਈਜ਼ਾਦਾਂ ਸਬੰਧੀ ਭਾਈਵਾਲੀ ਤੇ ਆਪਸੀ ਫ਼ਾਇਦੇ ਲਈ ਸਾਂਝੀ ਕਾਰਜ ਯੋਜਨਾ ਉਲੀਕਣ ਦਾ ਵੀ ਖ਼ੁਲਾਸਾ ਕੀਤਾ।
ਸ੍ਰੀ ਮੋਦੀ ਬੀਤੇ ਦਿਨ ਯੂਰਪ ਦੇ ਇਸ ਉਤਰੀ ਮੁਲਕ ਦੀ ਰਾਜਧਾਨੀ ਪੁੱਜੇ, ਜੋ 30 ਸਾਲਾਂ ਦੌਰਾਨ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਸਵੀਡਨ ਦੌਰਾ ਹੈ। ਉਨ੍ਹਾਂ ਇਸ ਮੌਕੇ ਰੱਖਿਆ ਤੇ ਸੁਰੱਖਿਆ ਤਾਲਮੇਲ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦਾ ‘ਮੁੱਖ ਥੰਮ੍ਹ’ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਪ੍ਰਧਾਨ ਮੰਤਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ‘ਈਜ਼ਾਦਾਂ, ਵਪਾਰ ਤੇ ਨਿਵੇਸ਼ ਅਤੇ ਸੱਭਿਆਚਾਰ ਨਾਲ ਸਬੰਧਤ ਮੁੱਦਿਆਂ ਉਤੇ ਫਲਦਾਈ ਗੱਲਬਾਤ ਕੀਤੀ ਅਤੇ ਇਲਾਕਾਈ ਤੇ ਬਹੁਪੱਖੀ ਸਹਿਯੋਗ’ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਜਾਰੀ ਸਾਂਝੇ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਵਾਂ ਮੁਲਕਾਂ ਨੇ ਇਸ ਗੱਲ ਨੂੰ ਤਵੱਜੋ ਦਿੱਤੀ ਕਿ ਭਾਰਤ ਦੇ ਵਿਕਾਸ ਵਿੱਚ ਸਵੀਡਨ ਕਿਵੇਂ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਮੇਰੇ ਖ਼ਿਆਲ ਵਿੱਚ ਅੱਜ ਸਾਡੀ ਗੱਲਬਾਤ ਦਾ ਸਭ ਤੋਂ ਅਹਿਮ ਪੱਖ ਇਹ ਸੀ ਕਿ ਭਾਰਤ ਦੇ ਵਿਕਾਸ ਮੌਕਿਆਂ ਵਿੱਚ ਸਵੀਡਨ ਕਿਵੇਂ ਲਾਹੇਵੰਦੀ ਭਾਈਵਾਲੀ ਕਰ ਸਕਦਾ ਹੈ। ਇਸ ਦੇ ਸਿੱਟੇ ਵਜੋਂ ਅਸੀਂ ਈਜਾਦਾਂ ਸਬੰਧੀ ਭਾਈਵਾਲੀ ਅਤੇ ਸਾਂਝੀ ਕਾਰਜ ਯੋਜਨਾ ਉਲੀਕਣ ਲਈ ਸਹਿਮਤ ਹੋਏ ਹਾਂ।’’ ਉਨ੍ਹਾਂ ਨਾਲ ਹੀ ਕਿਹਾ, ‘‘ਰੱਖਿਆ ਤੇ ਸੁਰੱਖਿਆ ਸਹਿਯੋਗ ਸਾਡੇ ਦੁਵੱਲੇ ਰਿਸ਼ਤਿਆਂ ਦਾ ਮੁੱਖ ਥੰਮ੍ਹ ਹੈ।’’ ਇਸ ਮੌਕੇ ਸ੍ਰੀ ਲੋਫ਼ਵੇਨ ਨੇ ਇਕ ‘ਆਲਮੀ ਤਾਕਤ’ ਵਜੋਂ ਭਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇਂ ਮੁਲਕ ਗਰੀਨ ਤਕਨਾਲੋਜੀ ਤੇ ਸਮਾਰਟ ਸਿਟੀ ਪ੍ਰਾਜੈਕਟਾਂ ਵਿੱਚ ਵੀ ਭਾਈਵਾਲੀ ਕਰਨਗੇ। ਉਨ੍ਹਾਂ ਦੋਵਾਂ ਮੁਲਕਾਂ ਦੇ ਰਿਸ਼ਤੇ ਨੂੰ ਨਿਵੇਕਲਾ ਕਰਾਰ ਦਿੱਤਾ।
ਸ੍ਰੀ ਮੋਦੀ ਨੇ ਇਸ ਮੌਕੇ ਸਵੀਡਨ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਵੀਡਿਸ਼ ਸੀਈਓਜ਼ ਨੂੰ ਭਾਰਤ ਵਿੱਚ ਵੱਡੇ ਪੱਧਰ ’ਤੇ ਸਰਮਾਇਆ ਲਾਉਣ ਦਾ ਸੱਦਾ ਦਿੱਤਾ।
ਮੋਦੀ ਖ਼ਿਲਾਫ਼ ਖ਼ਾਮੋਸ਼ ਮਾਰਚ ਦੀ ਤਿਆਰੀ
ਲੰਡਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸੇ ਹਫ਼ਤੇ ਬਰਤਾਨੀਆ ਦੌਰੇ ਦੌਰਾਨ ਇਥੇ ਉਨ੍ਹਾਂ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਣ ਦੇ ਆਸਾਰ ਹਨ, ਜਿਨ੍ਹਾਂ ਵਿੱਚ ਕਠੂਆ ਬਲਾਤਕਾਰ ਤੇ ਕਤਲ ਮਾਮਲੇ ਖ਼ਿਲਾਫ਼ ਮੌਨ ਮਾਰਚ ਵੀ ਸ਼ਾਮਲ ਹੈ। ਇਹ ਮਾਰਚ ਭਾਰਤੀ ਔਰਤਾਂ ਦੇ ਇਕ ਗਰੁੱਪ ਵੱਲੋਂ ਉਲੀਕਿਆ ਗਿਆ ਹੈ।

 

 

fbbg-image

Latest News
Magazine Archive