ਫਗਵਾੜੇ ’ਚ ਸ਼ਾਂਤੀ ਲਈ ਸਿਆਸੀ ਪਾਰਟੀਆਂ ਦੀ ਮੀਟਿੰਗ


ਫਗਵਾੜਾ - ਸ਼ਹਿਰ ਵਿਚਲੇ ਤਣਾਅਗ੍ਰਸਤ ਮਾਹੌਲ ਨੂੰ ਠੀਕ ਕਰਨ ਖ਼ਾਤਰ ਆਪਣਾ ਯੋਗਦਾਨ ਪਾਉਣ ਲਈ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਮਨ ਅਮਾਨ ਬਣਾਈਂ ਰੱਖਣ ਦੀ ਅਪੀਲ ਕੀਤੀ ਹੈ।  ਅੱਜ ਸ਼ਾਮ ਰੈਸਟ ਹਾਊਸ ਵਿੱਚ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਜੋਗਿੰਦਰ ਸਿੰਘ ਮਾਨ, ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼, ਅਕਾਲੀ ਦਲ ਬਾਦਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਰਵਣ ਸਿੰਘ ਕੁਲਾਰ ਅਤੇ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਨੇ ਆਖਿਆ ਕਿ ਸ਼ਹਿਰ ’ਚ ਕੁੱਝ ਦਿਨਾਂ ਤੋਂ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ 13 ਅਪਰੈਲ ਦੀ ਰਾਤ ਨੂੰ ਸ਼ਹਿਰ ਦੇ ਗੋਲ ਚੌਕ ਵਿਖੇ ਜੋ ਘਟਨਾਵਾਂ ਹੋਈਆਂ ਉਹ ਬਹੁਤ ਅਫ਼ਸੋਸਨਾਕ ਹਨ। ਇਨ੍ਹਾਂ ਨਾਲ ਆਪਸੀ ਭਾਈਚਾਰੇ, ਤਾਲਮੇਲ ਅਤੇ ਮਿਲਵਰਤਣ ਨੂੰ ਡੂੰਘੀ ਸੱਟ ਵੱਜੀ ਹੈ।     ਸਮਾਜ ਦੇ ਵੱਖ ਵੱਖ ਵਰਗ ਵੱਲੋਂ ਇੱਕ ਦੂਜੇ ਦੇ ਵਿਰੁੱਧ ਨਫ਼ਰਤ ਤੇ ਬੇਭਰੋਸਗੀ ਦਾ ਜੋ ਮਾਹੌਲ ਬਣਿਆ ਹੈ ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਆਗੂਆਂ ਨੇ ਆਪਸੀ ਟਕਰਾਅ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਉਨ੍ਹਾਂ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ਼ਹਿਰ ’ਚ ਸ਼ਾਂਤੀ ਨੂੰ ਬਣਾਈ ਰੱਖਿਆ ਜਾਵੇ। ਮੀਟਿੰਗ ਵਿੱਚ ਕਾਂਗਰਸ ਆਗੂ ਹਰਜੀਤ ਸਿੰਘ ਪ੍ਰਮਾਰ, ਸਤਬੀਰ ਸਿੰਘ ਸਾਬੀ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਮੇਅਰ ਅਰੁਣ ਖੋਸਲਾ, ਭਾਜਪਾ ਦੇ ਬਲਭੱਦਰ ਸੈਨ ਦੁੱਗਲ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਪ੍ਰਦੀਪ ਅਹੂਜਾ, ਮੁਨੀਸ਼ ਪ੍ਰਭਾਕਰ ਵੀ ਸ਼ਾਮਿਲ ਸਨ।
ਇਸ ਦੌਰਾਨ, ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਅਤੇ ਐਸ.ਐਸ.ਪੀ. ਸੰਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਪਰੈਲ 13 ਦੀ ਰਾਤ ਨੂੰ ਹੋਏ ਦੋ ਫ਼ਿਰਕਿਆਂ ਦੌਰਾਨ ਪੈਦਾ ਹੋਇਆ ਤਣਾਅ ਖ਼ਤਮ ਹੋ ਗਿਆ ਹੈ ਅਤੇ ਸਥਿਤੀ ਆਮ ਵਰਗੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵੱਡੇ ਪੱਧਰ ’ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ ਅਤੇ ਦੋ ਹਜ਼ਾਰ ਸੁਰੱਖਿਆ ਕਰਮੀ ਜਿਨ੍ਹਾਂ ’ਚ ਪੰਜਾਬ ਪੁਲੀਸ, ਬਾਰਡਰ ਸਕਿਉਰਟੀ ਫ਼ੋਰਸ, ਰੈਪਿਡ ਐਕਸ਼ਨ ਫੋਰਸ, ਐਂਟੀ ਰੌਇਟ ਪੁਲੀਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ਼ ਦੀਆਂ ਚਾਰ ਕੰਪਨੀਆਂ ਨਾਜ਼ੁਕ ਥਾਵਾਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਬੰਧਿਤ ਗ੍ਰਿਫ਼ਤਾਰ ਕੀਤੇ ਚਾਰ ਆਗੂਆਂ ਦੇ ਗੰਨਮੈਨ ਪਹਿਲਾਂ ਹੀ ਵਾਪਸ ਲੈ ਲਏ ਹਨ।

 

 

fbbg-image

Latest News
Magazine Archive